ਪਛਤਾਅ ਰਿਹੈ ਪੰਜਾਬ, ਬਣਾ ਕੇ ਕੈਪਟਨ ਦੀ ਸਰਕਾਰ : ਬੀਬੀ ਜਗੀਰ ਕੌਰ

ਕਿਹਾ, ਕੈਪਟਨ ਨੇ ਸਿਵਾਏ ਟੂਰ ਲਾਉਣ ਤੋਂ ਹੋਰ ਕੁਝ ਨਹੀਂ ਕੀਤਾ

ਕਪੂਰਥਲਾ, 14 ਮਈ (ਪੰਜਾਬ ਟਾਇਮਜ਼ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਲੋਕ ਸਭਾ ਚੋਣਾਂ ’ਚ ਪੰਜਾਬ ਦੀਆਂ 13 ਦੀਆਂ 13 ਸੀਟਾਂ ਜਿਤ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਝੋਲੀ ਵਿਚ ਪਾਵੇਗਾ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਖਡੂਰ ਸਾਹਿਬ ਸੀਟ ਤੋਂ ਚੋਣ ਲੜ ਰਹੇ ਬੀਬੀ ਜਗੀਰ ਕੌਰ ਨੇ ਇਕ ਮੀਟਿੰਗ ਦੌਰਾਨ ਕਹੇ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਦੇ ਨਾਇਕ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਲੋਕਾਂ ਦੇ ਚਾਅ ਹੀ ਨਹੀਂ ਪੂਰੇ ਕੀਤੇ, ਬਲਕਿ ਸੂਬੇ ਦੇ ਵਿਕਾਸ ਵਿਚ ਵੀ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਸਨ ਪਰ 2 ਸਾਲਾਂ ਵਿਚ ਹੀ ਪੰਜਾਬ ਦੀ ਕਾਂਗਰਸ ਸਰਕਾਰ ਦੇ ਭਾਂਡੇ ਖੜਕ ਗਏ ਹਨ। ਉਨ੍ਹਾਂ ਕਿਹਾ ਕਿ ਰਾਜ ਘਰਾਣਿਆਂ ਦੀ ਜ਼ਿੰਦਗੀ ਜਿਉਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਮੂਰਖ਼ ਬਣਾ ਕੇ ਸਤਾ ਉਪਰ ਕਬਜ਼ਾ ਤਾਂ ਕਰ ਲਿਆ ਪਰ ਲੋਕਾਂ ਦੀ ਸੇਵਾ ਕਰਨ ਦੀ ਬਜਾਏ ਕੈਪਟਨ ਨੇ ਪਿਛਲੇ 2 ਸਾਲਾਂ ਵਿਚ ਸਿਰਫ਼ ਬਾਹਰਲੇ ਸੂਬਿਆਂ ਦੇ ਟੂਰ ਹੀ ਲਾਏ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਮੌਕੇ ਬੇਰੁਜ਼ਗਾਰ ਨੌਜਵਾਨਾਂ, ਕਿਸਾਨਾਂ, ਮੁਲਾਜ਼ਮਾਂ ਅਤੇ ਗਰੀਬ ਵਰਗ ਦੇ ਲੋਕਾਂ ਨਾਲ ਵਡੇ ਝੂਠ ਬੋਲ ਕੇ ਗੁਮਰਾਹ ਕੀਤਾ ਅਤੇ ਪੰਜਾਬ ਦੇ ਉਹੀ ਲੋਕ ਹੁਣ ‘ਪਛਤਾਅ ਰਿਹਾ ਹੈ ਪੰਜਾਬ, ਬਣਾ ਕੇ ਕੈਪਟਨ ਦੀ ਸਰਕਾਰ’ ਕਹਿ ਰਹੇ ਹਨ। ਜਿਸ ਕਾਰਨ ਲੋਕ ਕੈਪਟਨ ਸਰਕਾਰ ਤੋਂ ਤੰਗ ਆ ਚੁਕੇ ਹਨ ਤੇ ਲੋਕ ਸਭਾ ਚੋਣਾਂ ‘ਚ ਕਾਂਗਰਸ ਪਾਰਟੀ ਨੂੰ ਕਰਾਰੀ ਹਾਰ ਦਾ ਮੂੰਹ ਵੇਖਣਾ ਪਵੇਗਾ। ਇਸ ਮੌਕੇ ਬੀਬੀ ਜਗੀਰ ਕੌਰ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਸਬੰਧੀ ਕਿਹਾ ਕਿ ਸੰਗਤਾਂ ਘਰ-ਘਰ ਨਾਮ ਸਿਮਰਨ ਕਰਨ, ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼ ਨੂੰ ਧਾਰਨ ਕਰਕੇ ਹੀ ਸਾਰੇ ਸੁਖਾਂ ਦੀ ਪ੍ਰਾਪਤੀ ਹੁੰਦੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਖੁਲਵਾਏ ਗਏ ਸ੍ਰੀ ਕਰਤਾਰ ਪੁਰ ਸਾਹਿਬ ਲਾਂਘੇ ਦੀ ਭਰਪੂਰ ਸ਼ਲਾਘਾ ਕਰਦਿਆਂ ਸੰਗਤਾਂ ਨੂੰ ਵਧਾਈ ਦੇ ਪਾਤਰ ਦਸਿਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਹੀ ਇਕ ਅਜਿਹੀ ਪਾਰਟੀ ਹੈ ਜੋ ਧਰਮ ਦਾ ਪ੍ਰਚਾਰ ਕਰਕੇ ਨੌਜਵਾਨਾਂ ਨੂੰ ਸਿਖੀ ਨਾਲ ਜੋੜ ਰਹੀ ਹੈ।

Send this to a friend