ਕੁਰਾਲੀ, 9 ਮਈ (ਰਣਜੋਧ ਸਿੰਘ)- ਬੀਤੀ ਦਿਨ ਕੁਰਾਲੀ ਦੇ ਵਾਰਡ ਨੰਬਰ 13 ’ਚ ਹਲਕਾ ਆਨੰਦਪੁਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਦੇ ਹਕ ਚ ਵੋਟਾਂ ਮੰਗਣ ਆਏ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ‘ਤੇ ਵੋਟਰਾਂ ਨੇ ਸਵਾਲਾਂ ਦੀ ਝੜੀ ਲਾ ਦਿਤੀ। ਕੋਈ ਰੁਜ਼ਗਾਰ ਦੀ ਮੰਗ ਕਰ ਰਿਹਾ ਸੀ ਤੇ ਕੋਈ ਬਿਜਲੀ ਤੇ ਪਾਣੀ ਦੇ ਲਾਏ ਗਏ ਬਿਲਾਂ ਨੂੰ ਕੇ ਕੰਗ ਸਾਹਿਬ ਨੂੰ ਸਵਾਲ ਕਰ ਰਿਹਾ ਸੀ। ਕੰਗ ਸਾਹਿਬ ਨੇ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਦੀ ਬਜਾਇ ਸਾਬਕਾ ਅਕਾਲੀ-ਬੀਜੇਪੀ ਸਰਕਾਰ ਤੇ ਨਜਲਾ ਝਾੜਦਿਆਂ ਕਿਹਾ ਕਿ ਪਿਛਲੇ 5 ਸਾਲਾਂ ਤੋਂ ਨਗਰ ਕੌਂਸਲ ਤੇ ਉਨ੍ਹਾਂ ਦਾ ਕਬਜ਼ਾ ਹੈ। ਸਾਬਕਾ ਮੰਤਰੀ ਸਾਹਿਬ ਦੇ ਨਾਲ ਆਏ ਯੂਥ ਕਾਂਗਰਸ ਕੁਰਾਲੀ ਦੇ ਪ੍ਰਧਾਨ ਰਮਾਕਾਂਤ ਕਾਲੀਆਂ ਲੋਕਾਂ ਨੂੰ ਚੁਪ ਕਰਵਾਉਂਦੇ ਰਹੇ ਪਰ ਵੋਟਰ ਸਵਾਲ ਤੇ ਸਵਾਲ ਦਾਗ ਰਹੇ ਸਨ। ਇਕ ਆਰਟ ਐਂਡ ਕਰਾਫ਼ਟ ਟੀਚਿੰਗ ਡਿਪਲੋਮਾ ਹੋਲਡਰ ਨੌਜਵਾਨ ਨੇ ਤਾਂ ਅਖਬਾਰਾਂ ਦੀਆਂ ਸੁਰਖ਼ੀਆਂ ਦੇ ਹਵਾਲੇ ਦੇ ਕੇ ਕੈਪਟਨ ਸਾਹਿਬ ਦੇ ਉਨ੍ਹਾਂ ਸਰਕਾਰੀ ਦਾਅਵਿਆਂ ਦੀ ਪੋਲ ਖੋਲ੍ਹੀ ਜਿਸ ਕੈਪਟਨ ਸਾਹਿਬ ਵਲੋਂ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਨਸ਼ਾ ਖਤਮ ਕਰਨ ਤੋਂ ਬਾਅਦ ਵੀ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ’ਤੇ ਕਰਜ਼ਮਾਫੀ ਦੇ ਚਲਦੇ ਕਰਜ਼ਈ ਕਿਸਾਨ ਵੱਲੋਂ ਖ਼ੁਦਕੁਸ਼ੀ ਦੀਆਂ ਖ਼ਬਰਾਂ ਵੱਲ ਕੰਗ ਸਾਹਿਬ ਦਾ ਧਿਆਨ ਦਿਵਾਇਆ। ਆਖਰ ਸਾਬਕਾ ਮੰਤਰੀ ਸਾਹਿਬ ਨੂੰ ਜਦੋਂ ਬੋਲਣ ਦਾ ਸਮਾਂ ਹੀ ਨਾ ਮਿਲਿਆ ਤਾਂ ਉਨ੍ਹਾਂ ਮੀਟਿੰਗ ਵਿਚਾਲੇ ਛੱਡ ਜਾਣਾ ਪਿਆ। ਇਸ ਦੌਰਾਨ ਉਨ੍ਹਾਂ ਦੇ ਨਾਲ ਕੁਰਾਲੀ ਦੀ ਲੋਕਲ ਲੀਡਰਸ਼ਿਪ ਤੋਂ ਇਲਾਵਾ ਮਾਸਟਰ ਕੁਲਦੀਪ ਸਿੰਘ ਸਿੰਘਪੁਰਾ, ਯੂਥ ਪ੍ਰਧਾਨ ਰਮਾਕਾਂਤ ਕਾਲੀਆਂ, ਗੁਲਜ਼ਾਰ ਸਿੰਘ ਆਦਿ ਹਾਜ਼ਰ ਸਨ।