ਸਵਾਰੀਆਂ ਨਾਲ ਭਰੀ ਬੱਸ ਨੂੰ ਬਚਾਉਂਦਿਆਂ ਘਟੀ ਘਟਨਾ
ਸ਼ੇਰਪੁਰ, 1 ਮਈ (ਹਰਜੀਤ ਕਾਤਿਲ)- ਅੱਜ ਤੜਕਸਾਰ ਸ਼ੇਰਪੁਰ – ਬਰਨਾਲਾ ਸੜਕ ਤੇ ਪਿੰਡ ਨੰਗਲ ਵਿਖੇ ਇਕ ਸਵਾਰੀਆਂ ਦੀ ਭਰੀ ਬਸ ਨੂੰ ਬਚਾਉਂਦਾ ਬੇਕਾਬੂ ਹੋਇਆ ਟਰਾਲਾ ਸੜਕ ਕਿਨਾਰੇ ਖੜ੍ਹੇ ਦਰਖ਼ਤ ਨਾਲ ਟਕਰਾ ਕੇ ਹਾਦਸਾ ਗ੍ਰਸਤ ਹੋਣ ਦੇ ਸਮਾਚਾਰ ਪ੍ਰਾਪਤ ਹੋਏ ਹਨ। ਘਟਨਾ ਸਥਾਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਧੂਰੀ – ਕੋਟਾ ਟਰਾਂਸਪੋਰਟ ਨਾਲ ਸਬੰਧਤ ਇਕ ਟਰਾਲਾ ਨੰਬਰ- ਪੀ ਬੀ 10 ਡੀ ਈ 4299 ਜਿਸਨੂੰ ਬਲਰੂਪ ਸਿੰਘ ਪੁਤਰ ਸੁਖਦੇਵ ਸਿੰਘ ਚਲਾ ਰਿਹਾ ਸੀ ਅਤੇ ਗੁਜਰਾਤ ਕਾਂਡਲਾ ਬੰਦਰਗਾਹ ਤੋਂ 4 -5 ਦਿਨ ਪਹਿਲਾਂ ਕੋਲਾ ਲੈ ਕੇ ਮੰਡੀ ਗੋਬਿੰਦਗੜ੍ਹ ਨੂੰ ਆ ਰਿਹਾ ਸੀ ਜੋ ਕਿ ਸ਼ੇਰਪੁਰ ਤੋਂ ਬਰਨਾਲਾ ਰੋਡ ਤੇ ਪੈਂਦੇ ਪਿੰਡ ਨੰਗਲ ਦੇ ਪੈਟਰੋਲ ਪੰਪ ਨਜ਼ਦੀਕ ਸਵਾਰੀਆਂ ਨਾਲ ਭਰੀ ਬਸ ਨੂੰ ਬਚਾਉਂਦਿਆਂ ਦਰਖ਼ਤ ਨਾਲ ਟਕਰਾ ਗਿਆ । ਮੌਕੇ ਤੇ ਹਾਜ਼ਿਰ ਚਸ਼ਮਦੀਦਾ ਮੁਤਾਬਿਕ ਹਾਦਸਾ ਇੰਨਾ ਭਿਆਨਕ ਸੀ ਕਿ ਟਰਾਲੇ ਦੇ ਕੈਬਿਨ ਦੇ ਪਰਖਚੇ ਉਡ ਗਏ ਅਤੇ ਇਕ ਵਿਅਕਤੀ ਗੰਭੀਰ ਰੂਪ ਚ ਜ਼ਖਮੀ ਹੋ ਗਿਆ। ਇਸ ਹਾਦਸੇ ਵਿਚ ਬਲਰੂਪ ਸਿੰਘ ਹੇਠ ਡਿਗਣ ਕਾਰਨ ਬਚ ਗਿਆ ਅਤੇ ਕੈਬਿਨ ‘ ਚ ਸਵਾਰ ਟਰਾਲਾ ਮਾਲਕ ਹਰਦੀਪ ਸਿੰਘ ਪੁਤਰ ਜੰਗ ਸਿੰਘ ਵਾਸੀ ਮੰਡੀ ਗੋਬਿੰਦਗੜ੍ਹ ਅਤੇ ਉਸਦੇ ਪੁਤਰ ਮਨਦੀਪ ਸਿੰਘ ਨੂੰ ਵਡੀ ਗਿਣਤੀ ਇਕਠੇ ਹੋਏ ਲੋਕਾਂ ਨੇ ਭਾਰੀ ਜਦੋ ਜਹਿਦ ਤੋਂ ਮਗਰੋਂ ਟਰੈਕਟਰ ਨਾਲ ਭਾਰੀ ਦਰਖਤ ਨੂੰ ਪਿਛੇ ਹਟਾ ਕੇ ਦਰਖ਼ਤ ਅਤੇ ਟਰਾਲੇ ਦੇ ਵਿਚਕਾਰ ਬੁਰੀ ਤਰ੍ਹਾਂ ਫਸੇ ਪਿਓ – ਪੁਤ ਨੂੰ ਬਾਹਰ ਕਢਿਆ ਅਤੇ ਮੁਢਲੀ ਸਹਾਇਤਾ ਦੇਣ ਲਈ ਸੀ ਐਚ ਸੀ ਸ਼ੇਰਪੁਰ ਵਲ਼ੋਂ ਆਈ ਅੰਬੂਲੈਂਸ ਰਾਹੀਂ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾ ਦਿਤਾ ਗਿਆ ਜਿਥੇ ਮੁਖ ਸੇਵਾਵਾਂ ਦੇਣ ਉਪਰੰਤ ਹਰਦੀਪ ਸਿੰਘ ਦੇ ਪੇਟ ਵਿਚ ਜ਼ਿਆਦਾ ਸਟ ਹੋਣ ਕਾਰਨ ਡੀ ਐਮ ਸੀ ਲੁਧਿਆਣਾ ਵਿਖੇ ਭੇਜ ਦਿਤਾ ਗਿਆ।