ਰਾਜਪੁਰਾ, 30 ਅਪ੍ਰੈਲ (ਦਇਆ ਸਿੰਘ) ਪਿੰਡ ਇਸਲਾਮਪੁਰ ਦੇ ਵਸਨੀਕ ਇਕ ਤਾਏ ਦੇ ਲੜਕੇ ਨੇ ਆਪਣੇ ਚਾਚੇ ਦੇ ਲੜਕੇ ਨੂੰ ਦਰਖ਼ਤ ਤੇ ਲਟਕਾ ਕੇ ਮਾਰ ਦੇਣ ’ਤੇ ਸ਼ਹਿਰੀ ਥਾਣੇ ਦੀ ਪੁਲਿਸ ਨੇ ਤਾਏ ਦੇ ਲੜਕੇ ਹਰਜੀਤ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਸਿਟੀ ਦੇ ਐਸ.ਐਚ.ਓ ਇੰਸਪੈਕਟਰ ਭੂਪਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਰਘੁਵੀਰ ਸਿੰਘ ਵਾਸੀ ਪਿੰਡ ਇਸਲਾਮਪੁਰ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਏ ਹਨ ਕਿ ਕੁੱਝ ਦਿਨ ਪਹਿਲਾਂ ਉਸਦੇ ਵੱਡੇ ਲੜਕੇ ਗੁਰਸੇਵਕ ਸਿੰਘ ਨੇ ਆਪਣੇ ਤਾਏ ਦੇ ਲੜਕੇ ਨੂੰ ਹਰਜੀਤ ਸਿੰਘ ਨੂੰ ਫੋਨ ਤੇ ਦੱਸਿਆ ਕਿ ਤੇਰੀ ਪਤਨੀ ਪ੍ਰੀਤ ਕੋਰ ਦਾ ਚਾਲ ਚਲਣ ਠੀਕ ਨਹੀਂ ਹੈ ਤੇ ਉਸਨੂੰ ਸਮਝਾ ਕੇ ਘਰ ਵਿਚ ਹੀ ਰੱਖ ਲੈ ਖੇਤਾਂ ਵਿਚ ਕੰਮ ਕਰਨ ਨਾਂਹ ਭੇਜਿਆ ਕਰ।ਇਸ ਗਲ ਦਾ ਉਸਦੇ ਛੋਟੇ ਲੜਕੇ ਪਲਵਿੰਦਰ ਸਿੰਘ ਨੂੰ ਵੀ ਬੀਤੇ ਦਿਨ ਪਤਾ ਲੱਗ ਗਿਆ ਤੇ ਉਸਨੇ ਵੀ ਹਰਜੀਤ ਸਿੰਘ ਨੂੰ ਇਸ ਸਬੰਧੀ ਅਗਾਹ ਕੀਤਾ। ਉਨ੍ਹਾਂ ਦੱਸਿਆ ਕਿ ਰਘੁਵੀਰ ਸਿੰਘ ਨੇ ਆਪਣੇ ਬਿਆਨ ਵਿਚ ਦੱਸਿਆ ਕਿ ਉਸਦਾ ਲੜਕਾ ਪਲਵਿੰਦਰ ਸਿੰਘ ਅਤੇ ਗੁਰਸੇਵਕ ਸਿੰਘ ਪਲੰਬਰ ਦਾ ਕੰਮ ਕਰਦੇ ਸਨ।ਬੀਤੇ ਦਿਨ ਉਹ ਕਿਸੇ ਦੇ ਘਰ ਕੰਮ ਕਰ ਰਹੇ ਸਨ ਤਾਂ ਦੁਪਹਿਰ 2 ਵਜੇ ਦੇ ਕਰੀਬ ਪਲਵਿੰਦਰ ਸਿੰਘ ਬਿਨਾ ਦੱਸੇ ਕਿਤੇ ਚਲੇ ਗਿਆ ਤੇ ਬਾਅਦ ਵਿਚ ਉਸਦਾ ਫੋਨ ਵੀ ਬੰਦ ਹੋ ਗਿਆ।ਜਦੋਂ ਰਾਤ ਤਕ ਪਲਵਿੰਦਰ ਘਰ ਨਹੀਂ ਆਇਆ ਤਾਂ ਉਸਦੀ ਭਾਲ ਕੀਤੀ ਗਈ ਪਰ ਉਸਦਾ ਕੋਈ ਪਤਾ ਨਾਂਹ ਲੱਗਾ।ਇਸੇ ਦੋਰਾਨ ਹਰਜੀਤ ਸਿੰਘ ਨੇ ਆਪਣੇ ਰਿਸ਼ਤੇਦਾਰ ਨੂੰ ਫੋਨ ਕਰਦੇ ਦੱਸਿਆ ਕਿ ਪਲਵਿੰਦਰ ਨੂੰ ਗੱਡੀ ਚੜ੍ਹਾ ਦਿੱਤਾ ਹੈ।ਜਿਸ ਉਪਰੰਤ ਅੱਜ ਸਵੇਰੇ ਘਰ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਮਿਲੀ ਕਿ ਪਲਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਹੈ ਤੇ ਉਸਦੀ ਲਾਸ਼ ਮੁਕਤ ਪਬਲਿਕ ਸਕੂਲ ਦੇ ਪਿੱਛੇ ਖੇਤਾਂ ਵਿਚ ਇਕ ਪੁਰਾਣੇ ਖੂਹ ਦੇ ਨਾਲ ਖੜੇ ਇਕ ਸ਼ਤੂਤ ਦੇ ਦਰਖ਼ਤ ਹੇਠਾਂ ਪਈ ਹੈ ਤੇ ਉਸਦੇ ਗਲੇ ਵਿਚ ਟੁੱਟੀ ਹੋਈ ਬੈਲਟ ਪਈ ਹੋਈ ਹੈ।ਜਿਸ ਤੋਂ ਲੱਗਦਾ ਹੈ ਕਿ ਜਿਵੇਂ ਬੈਲਟ ਨਾਲ ਦਰਖ਼ਤ ਤੇ ਲਟਕਾਇਆ ਗਿਆ ਹੋਵੇ ਤੇ ਬਾਅਦ ਵਿਚ ਬੈਲਟ ਟੁੱਟ ਗਈ ਤੇ ਲਾਸ਼ ਹੇਠਾਂ ਡਿੱਗ ਗਈ ਹੋਵੇ। ਜਿਸ ਤੇ ਪਰਿਵਾਰ ਦੇ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਨੇ ਜਾ ਕੇ ਮ੍ਰਿਤਕ ਦੀ ਲਾਸ਼ ਬਰਾਮਦ ਕਰ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰੱਖਵਾ ਦਿੱਤੀ।ਪੁਲਿਸ ਅਨੁਸਾਰ ਹਰਜੀਤ ਸਿੰਘ ਸਵੇਰ ਤੋਂ ਫਰਾਰ ਹੈ।ਪੁਲਿਸ ਨੇ ਮ੍ਰਿਤਕ ਦੇ ਪਿਤਾ ਰਘੁਵੀਰ ਸਿੰਘ ਦੇ ਬਿਆਨ ਤੇ ਹਰਜੀਤ ਸਿੰਘ ਖ਼ਿਲਾਫ਼ ਧਾਰਾ 302 ਦੇ ਤਹਿਤ ਕੇਸ ਦਰਜ ਕਰ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।