ਮਾਨਸਾ, 29 ਅਪ੍ਰੈਲ (ਜਗਦੀਸ਼ ਬਾਂਸਲ)- ਪਿਛਲੇ ਦਿਨੀਂ ਆਪ ਪ੍ਰਧਾਨ ਭਗਵੰਤ ਸਿੰਘ ਮਾਨ ਵਲੋਂ ਪ੍ਰੈਸ ਕਾਨਫ਼ਰੰਸ ਕਰਕੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਦੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਉਪਰੰਤ ਕੀਤੀ ਗਈ ਟਿਪਣੀ ਨੂੰ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਆਧਾਰਹੀਣ ਕਰਾਰ ਦਿੰਦਿਆਂ ਕਿਹਾ ਕਿ ਸੂਬੇ ਭਰ ਵਿਚ ਪਾਰਟੀ ਨੂੰ ਖੇਰੂੰ-ਖੇਰੂੰ ਕਰਨ ਵਾਲਾ ਭਗਵੰਤ ਮਾਨ ਅਜ ਮੇਰੇ ਤੇ ਇਲਜ਼ਾਮ ਲਗਾ ਰਿਹਾ ਹੈ ? ਕਿ ਮੈਂ ਪੈਸਿਆਂ ਅਤੇ ਅਹੁਦਿਆਂ ਖ਼ਾਤਰ ਵਿਕ ਗਿਆ ਹਾਂ। ਉਹਨਾਂ ਭਗਵੰਤ ਮਾਨ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸੀ.ਐਮ ਬਣਨ ਦਾ ਸੁਪਨਾ ਦੇਖੀ ਬੈਠੇ ਭਗਵੰਤ ਮਾਨ ਅਸਲ ਵਿਚ ਇਕ ਪਾਰਟੀ ਦੀ ਪ੍ਰਧਾਨਗੀ ਦੇ ਵੀ ਕਾਬਿਲ ਨਹੀਂ ਹੈ।ਕਿਉਂਕਿ ਉਹਨਾਂ ਦੀ ਪ੍ਰਧਾਨਗੀ ਹੇਠ ਹੀ ਪਾਰਟੀ ਪਹਿਲਾਂ ਦੋ ਹਿਸਿਆਂ ਵਿਚ ਪਾੜ ਗਈ ਅਤੇ ਫਿਰ ਪਾਰਟੀ ਨੇ ਖ਼ੁਦਕੁਸ਼ੀ ਕਰ
ਲਈ ਹੈ।ਭਗਵੰਤ ਮਾਨ ਵਲ਼ੋਂ ਲਗਾਏ ਆਰੋਪਾਂ ਦੇ ਸਬੰਧ ਵਿਚ ਮਾਨਸ਼ਾਹੀਆ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਿ ਉਹ ਖ਼ੁਦ ਕੁਝ ਕਹਿਣ , ਉਹਨਾਂ ਦੀ ਹੀ ਪਾਰਟੀ ਦੇ ਤਿੰਨ ਵਿਧਾਇਕ, ਕੰਵਰ ਸੰਧੂ , ਪਿਰਮਲ ਸਿੰਘ ਖਾਲਸਾ ਅਤੇ ਅਮਰਜੀਤ ਸਿੰਘ ਸੰਦੋਹਾ ਬੀਤੇ ਦਿਨੀਂ ਇਸ ਖਬਰ ਦਾ ਖੰਡਨ ਕਰ ਚੁਕੇ ਹਨ।ਉਹਨਾਂ ਕਿਹਾ ਕਿ ਭਗਵੰਤ ਮਾਨ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਲੋਕ ਵੀ ਇਸ ਗਲ ਤੋਂ ਭਲੀ-ਭਾਂਤੀ ਜਾਣੂ ਹੋ ਗਏ ਹਨ ਕਿ ਉਸਨੇ ਆਪਣੇ ਨਿਜੀ ਮੁਫ਼ਾਦਾਂ ਕਾਰਨ ਇਕ ਕ੍ਰਾਂਤੀ ਦਾ ਕਤਲ ਕੀਤਾ ਹੈ।ਅਖੀਰ ਵਿਚ ਉਹਨਾਂ ਕਿਹਾ ਕਿ ਭਗਵੰਤ ਮਾਨ ਨੂੰ ਉਹਨਾਂ ਦੀ ਪਾਰਟੀ ਮੁਬਾਰਕ ਹੋਵੇ , ਜਿਸ ਵਿਚ ਉਹਨਾਂ ਦੀ ਕੋਈ ਦਿਲਚਸਪੀ ਨਹੀਂ ਹੈ। ਇਸ ਮੌਕੇ ਮਾਨਸ਼ਾਹੀਆ ਨੇ ਪ੍ਰੈਸ ਨੂੰ ਦਸਿਆ ਕਿ ਇਸ ਸਬੰਧੀ ਉਹ ਮਾਨ ਨੂੰ ਮਾਣਹਾਨੀ ਦਾ ਨੋਟਿਸ ਵੀ ਅਲਗ ਤੌਰ ਤੇ ਭੇਜ ਰਹੇ ਹਨ ।