ਆਮ ਆਦਮੀ ਪਾਰਟੀ ਸਿਆਸੀ ਖ਼ਾਤਮੇ ਵੱਲ ਵਧੀ

ਲੋਕ ਸਭਾ ਚੋਣਾਂ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਦਾ ਰੁਤਬਾ ਵੀ ਖੁੱਸਣ ਦਾ ਖਦਸ਼ਾ

ਚੰਡੀਗੜ੍ਹ, 26 ਅਪ੍ਰੈਲ- 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ 20 ਸੀਟਾਂ ਲੈ ਕੇ ਦੂਜੇ ਨੰਬਰ ’ਤੇ ਆਈ ਆਮ ਆਦਮੀ ਪਾਰਟੀ ਦਾ ਸਿਆਸੀ ਗ੍ਰਾਫ ਪੰਜਾਬ ’ਚ ਤੇਜ਼ੀ ਨਾਲ ਹੇਠਾਂ ਨੂੰ ਜਾਂਦਾ ਦਿਸ ਰਿਹਾ ਹੈ। ਗੁਰਦਾਸਪੁਰ ਲੋਕ ਸਭਾ ਹਲਕੇ ਅਤੇ ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਵੀ ਸ਼ੁਰੂ ਹੋਈ ‘ਆਪ’ ਦੀ ਇਹ ਸਿਆਸੀ ਦੁਰਗਤਿ ਲੋਕ ਸਭਾ ਦੀਆਂ ਤਾਜ਼ਾ ਚੋਣਾਂ ਵਿੱਚ ਸਿਖਰ ’ਤੇ ਪਹੁੰਚਣ ਵਾਲੀ ਹੈ। ‘ਆਪ’ ਦੇ ਭੁਲੱਥ ਤੋਂ ਬਾਗੀ ਵਿਧਾਇਕ ਸ. ਸੁਖਪਾਲ ਸਿੰਘ ਖਹਿਰਾ ਵੱਲੋਂ ਵੱਖਰੀ ਪਾਰਟੀ ਬਣਾਏ ਜਾਣ ਤੋਂ ਬਾਅਦ ‘ਆਪ’ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ ਹਨ। ਮੌਜੂਦਾ ਲੋਕ ਸਭਾ ਚੋਣਾਂ ਵਿੱਚ ਬੇਸ਼ੱਕ ਪਾਰਟੀ ਨੇ ਸਾਰੀਆਂ ਸੀਟਾਂ ਤੋਂ ਉਮੀਦਵਾਰ ਖੜ੍ਹੇ ਕੀਤੇ ਹਨ, ਪ੍ਰੰਤੂ 13 ਵਿੱਚੋਂ ਪਾਰਟੀ ਦੀਆਂ ਕਿਸੇ ਵੀ ਹਲਕੇ ’ਚ ਜੇਤੂ ਸੰਭਾਵਨਾਵਾਂ ਨਹੀਂ ਦਿਖ ਰਹੀਆਂ। ਪਾਰਟੀ ਖੁਦ ਵੀ ਸਿਰਫ ਸੰਗਰੂਰ ਲੋਕ ਸਭਾ ਹਲਕੇ ਤੋਂ ਕੁਝ ਉਮੀਦ ਰੱਖ ਰਹੀ ਹੈ ਜਿੱਥੇ ਪਾਰਟੀ ਦੇ ਸੂਬਾ ਪ੍ਰਧਾਨ ਸ. ਭਗਵੰਤ ਸਿੰਘ ਮਾਨ ਦੂਜੀ ਵਾਰ ਚੋਣ ਲੜ ਰਹੇ ਹਨ। ਨਾਮਜ਼ਦਗੀਆਂ ਦੇ ਮੁਕੰਮਲ ਹੋਣ ਤੋਂ ਬਾਅਦ ਸਥਿਤੀ ਹੋਰ ਸਪਸ਼ਟ ਹੋਵੇਗੀ, ਪ੍ਰੰਤੂ ਮੌਜੂਦਾ ਹਾਲਾਤਾਂ ਵਿੱਚ ‘ਆਪ’ ਦੇ ਮੁੜ ਸਿਆਸੀ ਉਭਾਰ ਦੀ ਕੋਈ ਸੰਭਾਵਨਾ ਨਹੀਂ ਦਿਸ ਰਹੀ। ਖਹਿਰਾ ਧੜੇ ਨਾਲ ਖੜ੍ਹੇ ਮਾਨਸਾ ਵਿਧਾਨ ਸਭਾ ਹਲਕੇ ਤੋਂ ‘ਆਪ’ ਦੇ ਵਿਧਾਇਕ ਸ. ਨਾਜਰ ਸਿੰਘ ਮਾਨਸ਼ਾਹੀਆ ਵੱਲੋਂ ਅਸਤੀਫੇ ਨਾਲ ‘ਆਪ’ ਦੀ ਸਥਿਤੀ ਹੋਰ ਡਾਵਾਂਡੋਲ ਅਤੇ ਨਾਜ਼ੁਕ ਹੋ ਗਈ ਹੈ। ਸ. ਮਾਨਸ਼ਾਹੀਆ ਵਿਧਾਇਕੀ ਅਤੇ ਪਾਰਟੀ ਤੋਂ ਅਸਤੀਫਾ ਦੇ ਕੇ ਕਾਂਗਰਸ ਵਿੱਚ ਚਲੇ ਗਏ ਹਨ। ਚਰਚਾ ਇਹ ਹੈ ਕਿ ‘ਆਪ’ ਦਾ ਇੱਕ ਹੋਰ ਵਿਧਾਇਕ ਵੀ ਕਾਂਗਰਸ ’ਚ ਜਾਣ ਦੀ ਤਿਆਰੀ ਕਰ ਰਿਹਾ ਹੈ। ਦੂਸਰੇ ਪਾਸੇ ਸ. ਖਹਿਰਾ ਨੇ ਵਿਧਾਇਕੀ ਤੋਂ ਅਸਤੀਫਾ ਦੇ ਦਿੱਤਾ ਹੈ। ਅਸਤੀਫਿਆਂ ਦਾ ਇਹ ਸਿਲਸਿਲਾ ‘ਆਪ’ ਲਈ ਬਹੁਤ ਖਤਰਨਾਕ ਸਿੱਧ ਹੋ ਸਕਦਾ ਹੈ। ਜੇਕਰ ‘ਆਪ’ ਦੇ ਵਿਧਾਇਕਾਂ ਦੀ ਗਿਣਤੀ ਸ਼੍ਰੋਮਣੀ ਅਕਾਲੀ ਦਲ ਤੋਂ ਘੱਟ ਜਾਂਦੀ ਹੈ ਤਦ ਉਹ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਦਾ ਰੁਤਬਾ ਵੀ ਗਵਾ ਬੈਠੇਗੀ।

Send this to a friend