ਖਹਿਰਾ ਨੇ ਵੀ ਨੈਤਿਕਤਾ ਦੇ ਨਾਂਅ ’ਤੇ ਵਿਧਾਇਕੀ ਤੋਂ ਅਸਤੀਫਾ ਸਪੀਕਰ ਨੂੰ ਭੇਜਿਆ
ਚੰਡੀਗੜ੍ਹ, 25 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੀ ਸਿਆਸਤ ਵਿੱਚ ਵੀਰਵਾਰ ਨੂੰ ਵੱਡੀ ਹਲਚਲ ਨੇ ਚੋਣਾਂ ਮੌਕੇ ਸਿਆਸੀ ਸਮੀਕਰਨ ਬਦਲ ਦਿੱਤੇ ਹਨ। ਮਾਨਸਾ ਤੋਂ ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਸ੍ਰੀ ਨਾਜਰ ਸਿੰਘ ਮਾਨਸ਼ਾਹੀਆ ਵਿਧਾਇਕੀ ਅਤੇ ਪਾਰਟੀ ਤੋਂ ਅਸਤੀਫਾ ਦੇ ਕੇ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਹਨ। ਸ. ਮਾਨਸ਼ਾਹੀਆ ‘ਆਪ’ ਤੋਂ ਵੱਖ ਹੋਏ ਖਹਿਰਾ ਧੜੇ ਨਾਲ ਜੁੜੇ ਹੋਏ ਸਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿੱਚ ਸ. ਮਾਨਸ਼ਾਹੀਆ ਨੇ ਕਾਂਗਰਸ ਦਾ ਪੱਲਾ ਫੜ ਲਿਆ ਹੈ। ਇਸ ਨਾਲ ਲੋਕ ਸਭਾ ਬਠਿੰਡਾ ਤੋਂ ਚੋਣ ਲੜ ਰਹੇ ‘ਆਪ’ ਦੇ ਬਾਗੀ ਵਿਧਾਇਕ ਅਤੇ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੂੰ ਵੱਡਾ ਝਟਕਾ ਲੱਗਾ ਹੈ। ਲੋਕ ਸਭਾ ਹਲਕਾ ਬਠਿੰਡਾ ਤੋਂ ਸ. ਖਹਿਰਾ ਵੱਲੋਂ ਨਾਮਜ਼ਦਗੀ ਦਾਖਲ ਕਰਨ ਤੋਂ ਪਹਿਲਾਂ ਹੀ ਸ. ਮਾਨਸ਼ਾਹੀਆ ਦਾ ਅਸਤੀਫਾ ਉਨ੍ਹਾਂ ਲਈ ਕਾਫੀ ਘਾਤਕ ਸਿੱਧ ਹੋ ਸਕਦਾ ਹੈ। ਸ. ਖਹਿਰਾ ਨੇ ਵੀ ਅੱਜ ਵਿਧਾਇਕੀ ਤੋਂ ਆਪਣਾ ਅਸਤੀਫਾ ਸਪੀਕਰ ਨੂੰ ਭੇਜ ਦਿੱਤਾ ਹੈ। ਉਹ ਕਪੂਰਥਲਾ ਜ਼ਿਲ੍ਹੇ ਦੇ ਭੁਲੱਥ ਹਲਕੇ ਤੋਂ ਵਿਧਾਇਕ ਹਨ। ਜ਼ਿਕਰਯੋਗ ਹੈ ਕਿ ਵਿਧਾਨ ਸਭਾ 2017 ਦੀਆਂ ਚੋਣਾਂ ਵਿਚ ਸੁਖਪਾਲ ਸਿੰਘ ਖਹਿਰਾ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਭੁਲੱਥ ਤੋਂ ਵਿਧਾਇਕ ਦੀ ਚੋਣ ਜਿੱਤੇ ਸਨ। ਬਾਅਦ ਵਿੱਚ ਉਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਆਗੂ ਬਣਾਇਆ ਗਿਆ ਸੀ। ਪਾਰਟੀ ਵੱਲੋਂ ਇਸ ਅਹੁਦੇ ਤੋਂ ਪਟਾਏ ਜਾਣ ਕਾਰਨ ਉਹ ‘ਆਪ’ ਤੋਂ ਬਾਗੀ ਹੋ ਗਏ ਸਨ।
ਖਹਿਰਾ ਅਜ ਤਰਨਤਾਰਨ ਵਿਖੇ ਲੋਕ ਸਭਾ ਹਲਕਾ ਖ਼ਡੂਰ ਸਾਹਿਬ ਤੋਂ ਬੀਬੀ ਪਰਮਜੀਤ ਕੌਰ ਖਾਲੜਾ ਦੇ ਕਾਗਜ਼ ਦਾਖਲ ਕਰਨ ਮੌਕੇ ਪਹੁੰਚੇ ਹੋਏ ਸਨ। ਇਸ ਮੌਕੇ ਉਨ੍ਹਾਂ ਪ੍ਰੈਸ ਕਾਨਫਰੰਸ ਦੌਰਾਨ ਦਸਿਆ ਕਿ ਵਿਧਾਇਕ ਦੇ ਅਹੁਦੇ ਤੋਂ ਆਪਣਾ ਅਸਤੀਫਾ ਵਿਧਾਨ ਸਭਾ ਦੇ ਸਪੀਕਰ ਨੂੰ ਭੇਜ ਦਿਤਾ ਹੈ।