ਨਵੀਂ ਦਿਲੀ, 17 ਅਪ੍ਰੈਲ- ਮਾਲੇਗਾਓ ਧਮਾਕੇ ਮਾਮਲੇ ’ਚ ਲੰਬੇ ਸਮੇਂ ਤਕ ਕਾਨੂੰਨੀ ਪ੍ਰਕਿਰਿਆ ਦਾ ਸਾਹਮਣਾ ਕਰ ਚੁਕੀ ਸਾਧਵੀ ਪ੍ਰਗਿਆ ਠਾਕੁਰ ਦੇ ਭਾਰਤੀ ਜਨਤਾ ਪਾਰਟੀ ਵਿਚ ਰਸਮੀ ਤੌਰ ਉਤੇ ਸ਼ਾਮਿਲ ਹੋਣ ਬਾਅਦ ਉਸ ਨੂੰ ਭੋਪਾਲ ਲੋਕ ਸਭਾ ਖੇਤਰ ਤੋਂ ਪਾਰਟੀ ਉਮੀਦਵਾਰ ਐਲਾਨਣ ਦਿਤਾ ਗਿਆ। ਭਾਜਪਾ ਵਲੋਂ ਅਜ ਉਮੀਦਵਾਰਾਂ ਦੀ ਇਕ ਹੋਰ ਸੂਚੀ ਜਾਰੀ ਕੀਤੀ ਗਈ, ਜਿਸ ਵਿਚ ਮਧ ਪ੍ਰਦੇਸ਼ ਦੇ ਚਾਰ ਉਮੀਦਵਾਰਾਂ ਦੇ ਨਾਂਅ ਸ਼ਾਮਿਲ ਹਨ। ਸਾਧਵੀ ਪ੍ਰਗਿਆ ਸਿੰਘ ਠਾਕੁਰ ਨੂੰ ਭੋਪਾਲ ਤੋਂ ਟਿਕਟ ਦਿਤੀ ਗਈ। ਇਸ ਤੋਂ ਇਲਾਵਾ ਸੂਚੀ ਵਿਚ ਸਾਗਰ ਤੋਂ ਰਾਜ ਬਹਾਦਰ ਸਿੰਘ, ਗੁਨਾ ਤੋਂ ਕੇ.ਪੀ. ਯਾਦਵ ਅਤੇ ਵਿਦਿਸ਼ਾ ਤੋਂ ਰਮਾਕਾਂਤ ਭਾਰਗਵ ਦੇ ਨਾਂਅ ਸ਼ਾਮਿਲ ਹਨ। ਸਾਧਵੀ ਪ੍ਰਗਿਆ ਬੁਧਵਾਰ ਨੂੰ ਅਜ ਭੋਪਾਲ ਸਥਿਤ ਪਾਰਟੀ ਦੇ ਸੂਬਾ ਦਫ਼ਤਰ ਵਿਚ ਪਹੁੰਚੀ।ਭਾਜਪਾ ਪ੍ਰਦੇਸ਼ ਮੀਡੀਆ ਇੰਚਾਰਜ ਲੋਕੇਂਦਰ ਪਾਰਾਸ਼ਰ ਨੇ ਦਸਿਆ ਕਿ ਸਾਧਵੀ ਪ੍ਰਗਿਆ ਨੇ ਪਾਰਟੀ ਦੀ ਰਸਮੀ ਤੌਰ ਉਤੇ ਮੈਂਬਰਸ਼ਿਪ ਲੈ ਲਈ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਨੇ ਭੋਪਾਲ ਤੋਂ ਸਾਬਕਾ ਮੁਖ ਮੰਤਰੀ ਦਿਗਵਿਜੇ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਜ਼ਿਕਰਯੋਗ ਹੈ ਕਿ ਸਾਲ 2008 ਦੇ ਮਾਲੇਂਗਾਵ ਬੰਬ ਧਮਾਕੇ ਮਾਮਲੇ ’ਚ ਗ੍ਰਿਫਤਾਰੀ ਦੇ ਬਾਅਦ ਸਾਧਵੀ ਪ੍ਰਗਿਆ ਸਿੰਘ ਠਾਕੁਰ ਦਾ ਨਾਮ ਪਹਿਲੀ ਵਾਰ ਚਰਚਾਵਾਂ ਵਿਚ ਆਇਆ ਸੀ। ਇਸ ਮਾਮਲੇ ’ਚ ਉਹ ਜੇਲ੍ਹ ਵਿਚ ਵੀ ਰਹੀ।