ਭਵਾਨੀਗੜ੍ਹ, 4 ਅਪ੍ਰੈਲ (ਇਕਬਾਲ ਬਾਲੀ)- ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਚੋਣ ਮੈਦਾਨ ਵਿਚ ਡਟੇ ਭਗਵੰਤ ਮਾਨ ਨੇ ਅਜ ਬਲਾਕ ਦੇ ਪਿੰਡ ਬਖਤੜਾ, ਬਖਤੜੀ, ਕਾਲਾਝਾੜ, ਬਖੋਪੀਰ ਤੇ ਚੰਨੋ ਵਿਚ ਜਨ ਸਭਾਵਾਂ ਨੂੰ ਸੰਬੋਧਨ ਕੀਤਾ।ਇਸ ਦੌਰਾਨ ਮਾਨ ਨੇ ਦਾਅਵਾ ਕਰਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਵਿਚ ‘ਆਪ‘ ਪੰਜਾਬ ਦੀਆਂ ਸਾਰੀਆਂ ਸੀਟਾਂ ਤੇ ਜਿੱਤ ਦਾ ਝੰਡਾ ਲਹਿਰਾਏਗੀ।ਇਸ ਮੌਕੇ ਮਾਨ ਨੇ ਕਿਹਾ ਕਿ ਅਕਾਲੀ ਤੇ ਕਾਂਗਰਸ ਲਈ ਤਰਾਦਸੀ ਹੈ ਕਿ ਉਨ੍ਹਾਂ ਨੂੰ ਚੋਣ ਲੜਨ ਲਈ ਪੰਜਾਬ ‘ਚੋਂ ਕੁਲ 13 ਬੰਦੇ ਵੀ ਨਹੀਂ ਮਿਲ ਰਹੇ। ਮਾਨ ਨੇ ਕਿਹਾ ਕਿ ਜਗ
ਜ਼ਾਹਿਰ ਹੈ ਕਿ ਸੰਗਰੂਰ ਸੀਟ ਤੋਂ ਚੋਣ ਲੜਾ ਕੇ ਸੁਖਬੀਰ ਬਾਦਲ ਅਪਣੇ ਸਾਥੀ ਪਰਮਿੰਦਰ ਢੀਂਡਸਾ ਦੀ ਸਿਆਸੀ ਰੂਪ ਵਿਚ ਬਲੀ ਦੇਣ ‘ਤੇ ਤੁਲੇ ਹੋਏ ਹਨ। ਮਾਨ ਨੇ ਤੰਜ ਕਸਦਿਆਂ ਕਿਹਾ ਕਿ ਸੁਖਬੀਰ ਬਾਦਲ ਮਾਪਿਆਂ ਦਾ ਮੰਦ ਬੁਧੀ ਬਚਾ ਹੈ ਜੋ ਪਰਮਿੰਦਰ ਢੀਂਡਸਾ ਨੂੰ ਉਸਦੇ ਅਪਣੇ ਪਿਤਾ ਵਲੋਂ ਚੋਣ ਨਾ ਲੜਨ ਦੀ ਦਿਤੀ ਜਾ ਰਹੀ ਨਸੀਹਤ ਨੂੰ ਨਜ਼ਰ ਅੰਦਾਜ਼ ਕਰਕੇ ਚੋਣ ਲੜਨ ਲਈ ਕਹਿ ਰਿਹਾ ਹੈ।ਮਾਨ ਨੇ ਚੁਟਕੀ ਲੈਂਦਿਆਂ ਕਿਹਾ ਕਿ ਸੇਵਾ ਦੇ ਨਾਂ ‘ਤੇ ਸਪੋਰਟਸ ਸ਼ੂਜ਼ ਤੇ ਕਾਲ਼ੀ ਪਾਲਿਸ਼ ਫੇਰਨ ਵਾਲੇ ਸੁਖਬੀਰ ਦਾ ਢੀਂਡਸਾ ਸਾਹਿਬ ਨੂੰ ਗੁਸਾ ਨਹੀਂ ਕਰਨਾ ਚਾਹੀਦਾ।ਮਾਨ ਨੇ ਕਿਹਾ ਕਿ ਸੂਬੇ ਵਿਚ ਅਕਾਲੀਆਂ ਦੇ ਰਾਜ ਸਮੇਂ ਹੋਈਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੀ ਘਟਨਾਵਾਂ ਨੇ ਸੁਖਦੇਵ ਸਿੰਘ ਢੀਂਡਸਾ ਨੂੰ ਅੰਦਰੋਂ ਝੰਜੋੜ ਦਿਤਾ ਜਿਸ ਕਾਰਨ ਉਹ ਪਹਿਲਾਂ ਹੀ ਚੋਣ ਲੜਨ ਤੋ ਇਨਕਾਰ ਕਰ ਚੁਕੇ ਹਨ ਤੇ ਹੁਣ ਅਪਣੇ ਪੁਤਰ ਨੂੰ ਵੀ ਚੋਣ ਮੈਦਾਨ ਵਿਚ ਨਹੀਂ ਦੇਖਣਾ ਚਾਹੁੰਦੇ। ਪਰ ਦੂਜੇ ਪਾਸੇ ਉਹ ਹੈਰਾਨ ਹਨ ਕਿ ਬੇਅਦਬੀਆ ਕਰਵਾਉਣ ਵਾਲਾ ਬਾਦਲ ਪਰਿਵਾਰ ਕਿਸ ਮੂੰਹ ਨਾਲ ਲੋਕਾਂ ਤੋਂ ਵੋਟਾਂ ਮੰਗਣ ਲਈ ਜਾਣਗੇ। ਉਨ੍ਹਾਂ ਕਾਂਗਰਸ ਪਾਰਟੀ ਵਲੋਂ ਜਾਰੀ ਕੀਤੇ ਚੋਣ ਮਨੋਰਥ ਪਤਰ ਬਾਰੇ ਕਿਹਾ ਕਿ ਭੋਲੇ ਭਾਲੇ ਲੋਕਾਂ ਨੂੰ ਸਬਜ਼ਬਾਗ ਦਿਖਾ ਕੇ ਲਈ ਕਾਂਗਰਸ ਹਰ ਵਾਰ ਮੂਰਖ ਬਣਾਉਂਦੀ ਆਈ ਹੈ ਇਸ ਤੋਂ ਚੰਗਾ ਸੀ ਜੇਕਰ ਕਾਂਗਰਸ ਪਾਰਟੀ ਪੰਜਾਬ ਦੀ ਜਨਤਾ ਨਾਲ ਕੈਪਟਨ ਸਰਕਾਰ ਵਲੋਂ ਦੋ ਸਾਲ ਪਹਿਲਾਂ ਵਾਅਦਿਆ ਨੂੰ ਹੀ ਪੂਰਾ ਕਰ ਦਿੰਦੀ।ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਨਰਿੰਦਰ ਕੌਰ ਭਰਾਜ, ਗੁਰਦੀਪ ਸਿੰਘ ਫਗੂਵਾਲਾ, ਗੁਰਪ੍ਰੀਤ ਸਿੰਘ ਸਮੇਤ ਵਡੀ ਗਿਣਤੀ ਵਿਚ ਪਾਰਟੀ ਵਲੰਟੀਅਰ ਹਾਜ਼ਰ ਰਹੇ।