ਜਲੰਧਰ, 4 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਜਲੰਧਰ ਲੋਕ ਸਭਾ ਹਲਕੇ ਤੋਂ ਟਿਕਟ ਨਾ ਦਿਤੇ ਜਾਣ ਤੋਂ ਨਾਰਾਜ਼ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ, ਸਾਬਕਾ ਮੰਤਰੀ ਅਤੇ ਸਾਬਕਾ ਸੰਸਦ ਮੈਂਬਰ ਸ਼੍ਰੀ ਮਹਿੰਦਰ ਸਿੰਘ ਕੇ.ਪੀ. ਨੇ ਕਿਹਾ ਹੈ ਕਿ ਉਨ੍ਹਾਂ ਨੂੰ ਟਿਕਟ ਨਾ ਦੇ ਕੇ ਉਨ੍ਹਾਂ ਦਾ ਸਿਆਸੀ ਕਤਲ ਕੀਤਾ ਗਿਆ ਹੈ ਅਤੇ ਉਹ ਕਾਤਲਾਂ ਨੂੰ ਬਖ਼ਸ਼ਣਗੇ ਨਹੀਂ।ਉਂਝ ਕਾਂਗਰਸ ਆਗੂ ਨੇ ਆਪਣਾ ਸਿਆਸੀ ਕਤਲ ਕਰਨ ਵਾਲਿਆਂ ਦੀ ਪਛਾਣ ਜਨਤਕ ਕਰਨ ਤੋਂ ਮਨ੍ਹਾਂ ਕੀਤਾ ਹੈ ਪਰ ਕਿਹਾ ਹੈ ਕਿ ਹਿਸਾਬ ਜ਼ਰੂਰ ਕੀਤਾ ਜਾਵੇਗਾ।ਜਲੰਧਰ ਤੋਂ ਕਾਂਗਰਸ ਉਮੀਦਵਾਰ ਐਲਾਨੇ ਗਏ ਸੰਸਦ ਮੈਂਬਰ ਚੌਧਰੀ ਸੰਤੋਖ਼ ਸਿੰਘ ਦੀ ਅਜ ਜਲੰਧਰ ਆਮਦ ਮੌਕੇ ਗੈਰ ਹਾਜ਼ਰ ਰਹੇ ਸ਼੍ਰੀ ਮਹਿੰਦਰ ਸਿੰਘ ਕੇ.ਪੀ. ਦੇ ਪਰਿਵਾਰਕ ਮੈਂਬਰਾਂ ਅਤੇ ਸਮਰਥਕਾਂ ਨੇ ਸੋਸ਼ਲ ਮੀਡੀਆ ’ਤੇ ਸ੍ਰੀ ਕੇ.ਪੀ. ਦੇ ਸਮਰਥਕਾਂ ਤੋਂ ਇਹ ਸਵਾਲ ਪੁਛ ਲਿਆ ਕਿ ਇਸ ਹਾਲਾਤ ਵਿਚ ਕੀ ਸ਼੍ਰੀ ਕੇ.ਪੀ. ਨੂੰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨੀ ਚਾਹੀਦੀ ਹੈ। ਇਸ ਸਬੰਧ ਵਿਚ ਪੰਜਾਬ ਟਾਇਮਜ਼ ਵਲੋਂ ਸ਼੍ਰੀ ਕੇ.ਪੀ.ਨਾਲ ਗਲਬਾਤ ਕੀਤੀ ਗਈ ਤਾਂ ਉਨ੍ਹਾਂ ਭਰਪੂਰ ਨਾਰਾਜ਼ਗੀ ਪ੍ਰਗਟ ਕੀਤੀ ਪਰ ਪਤੇ ਖ਼ੋਲ੍ਹਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਕੋਈ ਵੀ ਫ਼ੈਸਲਾ ਆਪਣੇ ਪਰਿਵਾਰ ਅਤੇ ਸਮਰਥਕਾਂ ਦੀ ਮਰਜ਼ੀ ਨਾਲ ਹੀ ਲੈਣਗੇ।ਉਨ੍ਹਾਂ ਕਿਹਾ ਕਿ ਉਹ ਸ਼ਹੀਦ ਦਰਸ਼ਨ ਸਿੰਘ ਕੇ.ਪੀ. ਦੇ ਸਪੁਤਰ ਹਨ ਅਤੇ ਕੋਈ ਵੀ ਫ਼ੈਸਲਾ ਸਮੁਚੇ ਪਰਿਵਾਰ ਅਤੇ ਸਮਰਥਕਾਂ ਦੀ ਸਲਾਹ ਤੋਂ ਬਾਅਦ ਹੀ ਕੀਤਾ ਅਤੇ ਐਲਾਨਿਆ ਜਾਵੇਗਾ।ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਬੇਟੀ ਅਮਰੀਕਾ ਤੋਂ ਅਤੇ ਹੋਰ ਰਿਸ਼ਤੇਦਾਰ ਵਖ-ਵਖ ਦੇਸ਼ਾਂ ਤੋਂ ਪੁਜ ਰਹੇ ਹਨ ਅਤੇ ਸਮੁਚਾ ਪਰਿਵਾਰ ਰਲ ਮਿਲ ਕੇ ਜੋ ਫ਼ੈਸਲਾ ਲਵੇਗਾ ਉਹ ਉਸ ਅਨੁਸਾਰ ਹੀ ਐਲਾਨ ਕਰਨਗੇ।ਯਾਦ ਰਹੇ ਕਿ ਪਹਿਲਾਂ ਸਾਲ 2009 ਤੋਂ 2014 ਦੌਰਾਨ ਜਲੰਧਰ ਸੰਸਦੀ ਹਲਕੇ ਦੀ ਨੁਮਾਇੰਦਗੀ ਕਰ ਚੁਕੇ ਸ਼੍ਰੀ ਮਹਿੰਦਰ ਸਿੰਘ ਕੇ.ਪੀ. ਨੂੰ ਸਾਲ 2014 ਦੀਆਂ ਪਾਰਲੀਮਾਨੀ ਚੋਣਾਂ ਦੌਰਾਨ ਜਲੰਧਰ ਦੀ ਜਗ੍ਹਾ ਹੁਸ਼ਿਆਰਪੁਰ ਤੋਂ ਉਮੀਦਵਾਰ ਬਣਾਇਆ ਗਿਆ ਸੀ ਪਰ ਉਹ ਉਥੋਂ ਭਾਜਪਾ ਦੇ ਸ਼੍ਰੀ ਵਿਜੇ ਸਾਂਪਲਾ ਤੋਂ ਚੋਣ ਹਾਰ ਗਏ ਸਨ।ਇਸ ਮਗਰੋਂ ਵਿਧਾਨ ਸਭਾ ਚੋਣਾਂ ਦੌਰਾਨ ਉਹਨਾਂ ਨੂੰ ਜਲੰਧਰ ਪਛਮੀ ਹਲਕੇ ਤੋਂ ਟਿਕਟ ਕਟ ਕੇ ਪਾਰਟੀ ਨੇ ਆਦਮਪੁਰ ਤੋਂ ਉਮੀਦਵਾਰ ਬਣਾਇਆ ਸੀ ਪਰ ਉਹ ਉਥੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪਾਰਲੀਮਾਨੀ ਸਕਤਰ ਸ਼੍ਰੀ ਪਵਨ ਟੀਨੂੰ ਤੋਂ ਚੋਣ ਹਾਰ ਗਏ ਸਨ। ਇਸ ਵਾਰ ਫ਼ਿਰ ਸ਼੍ਰੀ ਕੇ.ਪੀ. ਨੂੰ ਆਸ ਸੀ ਕਿ ਉਹਨਾਂ ਨੂੰ ਜਲੰਧਰ ਤੋਂ ਚੋਣ ਮੈਦਾਨ ਵਿਚ ਉਤਾਰਿਆ ਜਾਵੇਗਾ ਪਰ ਪਾਰਟੀ ਨੇ ਮੁੜ ਸ਼੍ਰੀ ਸੰਤੋਖ਼ ਸਿੰਘ ਚੌਧਰੀ ਨੂੰ ਉਮੀਦਵਾਰ ਐਲਾਨਿਆ ਹੈ।