ਰੋਪੜ ਜ਼ਿਲ੍ਹੇ ’ਚ ਮੂੰਹ ਖੋਰ ਦੀ ਬਿਮਾਰੀ ਤੋਂ ਪੀੜਤ ਪਸ਼ੂਆਂ ਦੀ ਜਾਂਚ ਲਈ ਡਾਕਟਰੀ ਟੀਮਾਂ ਪਿੰਡਾਂ ਵਿਚ ਪਹੁੰਚੀਆਂ

ਰੂਪਨਗਰ, 3 ਅਪ੍ਰੈਲ (ਲਾਡੀ ਖਾਬੜਾ)- ਰੂਪਨਗਰ ਜ਼ਿਲ੍ਹੇ ਅੰਦਰ ਮੂੰਹ ਖੋਰ ਦੀ ਬਿਮਾਰੀ ਦੀ ਖਬਰ ਨੂੰ ਪ੍ਰਮੁਖਤਾ ਨਾਲ ਛਾਪਣ ਦਾ ਅਸਰ ਹੋਇਆ। ਜਿਸ ਨਾਲ ਵੈਟਨਰੀ ਵਿਭਾਗ ਆਪਣੀ ਕੁੰਭਕਰਨੀ ਨੀਂਦ ਵਿਚੋਂ ਜਾਗ ਕੇ ਡਾਕਟਰਾਂ ਦੀਆਂ ਟੀਮਾਂ ਲੈ ਕੇ ਪਿੰਡਾਂ ਵਿਚ ਪਹੁੰਚਿਆ ਅਤੇ ਬਿਮਾਰੀ ਦੀ ਚਪੇਟ ਵਿਚ ਆਏ ਪਸ਼ੂਆਂ ਦੀ ਜਾਂਚ ਕੀਤੀ ਗਈ । ਜਿਸ ਦੀ ਜਾਣਕਾਰੀ ਪਿੰਡ ਬਹਿਰਾਮਪੁਰ ਜਿੰਮੀਦਾਰਾਂ ਦੇ ਬਲਾਕ ਸੰਮਤੀ ਮੈਂਬਰ ਬਲਜਿੰਦਰ ਸਿੰਘ ਨੇ ਦਿਤੀ ਉਨ੍ਹਾਂ ਦਸਿਆ ਕਿ ਜਿਸ ਦਿਨ ਤੋਂ ਉਨ੍ਹਾਂ ਦੇ ਪਸ਼ੂ ਇਸ ਬਿਮਾਰੀ ਦੀ ਚਪੇਟ ਵਿਚ ਸਨ । ਇਕ ਵੀ ਵਿਭਾਗ ਦਾ ਡਾਕਟਰ ਉਨ੍ਹਾਂ ਦੇ ਪਿੰਡ ਡੰਗਰਾਂ ਨੂੰ ਚੈਕ ਕਰਨ ਨਹੀਂ ਪਹੁੰਚਿਆ ਅਤੇ ਅਜ ਪੂਰੀ ਡਾਕਟਰੀ ਟੀਮ ਉਨ੍ਹਾਂ ਦੇ ਪਿੰਡ ਵਿਚ ਆ ਕੇ ਡੰਗਰਾਂ ਦੀ ਚੈਕਿੰਗ ਕਰ ਰਹੀ ਹੈ । ਉਨ੍ਹਾਂ ਕਿਹਾ ਪਰ ਫਿਰ ਵੀ ਵਿਭਾਗ ਵਲੋਂ ਇਹ ਸਿਰਫ਼ ਕਾਗਜ਼ੀ ਕਾਰਵਾਈ ਹੀ ਪੂਰੀ ਕੀਤੀ ਜਾ ਰਹੀ ਹੈ ਅਤੇ ਅਜ ਪਹੁੰਚੀ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਨੂੰ ਦਵਾਈਆਂ ਦੀਆਂ ਪਰਚੀਆਂ ਲਿਖ ਕੇ ਫੜਾ ਦਿਤੀਆਂ ਅਤੇ ਟੀਕੇ ਲਗਾਉਣ ਵਾਲੀਆਂ ਸੂਈਆਂ ਦੇ ਦਿਤੀਆਂ । ਜਿਸ ਦਾ ਕੋਈ ਫਾਇਦਾ ਨਹੀਂ ਹੈ । ਉਨ੍ਹਾਂ ਕਿਹਾ ਕਿ ਸਾਨੂੰ ਹਸਪਤਾਲ ਵਿਚ ਬੁਲਾ ਕੇ ਦਵਾਈਆਂ ਦੇਣ ਦੀ ਗਲ ਡਾਕਟਰ ਸਾਹਬ ਵਲੋਂ ਕਹੀ ਗਈ ਸੀ ਪਰ ਜਦੋਂ ਅਸੀਂ ਹਸਪਤਾਲ ਗਏ ਤਾਂ ਸਾਨੂੰ ਕੋਈ ਵੀ ਦਵਾਈਆਂ ਹਸਪਤਾਲ ਵਿਚੋਂ ਨਹੀਂ ਮਿਲੀਆਂ ਅਤੇ ਸਾਨੂੰ ਅਜ ਵੀ ਮਹਿੰਗੇ ਭਾਅ ਦੀਆਂ ਇਹ ਦਵਾਈਆਂ ਬਾਹਰੋਂ ਲੈਣੀਆਂ ਪੈ ਰਹੀਆਂ ਹਨ ਅਤੇ ਸਾਡੇ ਪਿੰਡ ਦੀ ਡਿਸਪੈਂਸਰੀ ਅਜ ਵੀ ਬੰਦ ਪਈ ਹੈ ਅਤੇ ਪਿਛਲੇ 2 ਮਹੀਨੇ ਤੋਂ ਇਸ ਡਿਸਪੈਂਸਰੀ ਵਿਚ ਡਾਕਟਰ ਨਹੀਂ ਹੈ।

Send this to a friend