ਅੰਮ੍ਰਿਤਸਰ- ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਇਸ ਪੁਰਾਤਨ ਦਰਸ਼ਨੀ ਡਿਓੜੀ ਸਬੰਧੀ ਫਿਲਹਾਲ ਕੋਈ ਅੰਤਮ ਫੈਸਲਾ ਨਹੀਂ ਲਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਬੀਤੇ ਸਮੇਂ ਦੌਰਾਨ ਇਸ ਦਰਸ਼ਨੀ ਡਿਓੜੀ ਦੀ ਕਾਰਸੇਵਾ ਸਬੰਧੀ ਸੰਗਤਾਂ ਵੱਲੋਂ ਇਤਰਾਜ਼ ਆਉਣ ਮਗਰੋਂ ਸ਼੍ਰੋਮਣੀ ਕਮੇਟੀ ਨੇ ਇਸ ’ਤੇ ਰੋਕ ਲਗਾ ਦਿੱਤੀ ਸੀ। ਇਸ ਸਬੰਧ ਵਿਚ 18 ਅਕਤੂਬਰ 2018 ਨੂੰ ਹੋਈ ਪ੍ਰਬੰਧਕ ਕਮੇਟੀ ਦੀ ਇਕੱਤਰਤਾ ਵਿਚ ਮਤਾ ਨੰ: 765 ਰਾਹੀਂ ਇਸ ਮਾਮਲੇ ਨੂੰ ਪੈਂਡਿੰਗ ਕਰ ਦਿੱਤਾ ਸੀ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਵੀ ਫੈਸਲਾ ਨਾ ਲਏ ਜਾਣ ਬਗੈਰ ਹੀ ਮੈਨੇਜਰ ਅਤੇ ਕਾਰਸੇਵਾ ਵਾਲੇ ਬਾਬਿਆਂ ਵੱਲੋਂ ਬੀਤੀ ਰਾਤ ਡਿਓੜੀ ਢਾਹ ਦਿੱਤੀ ਗਈ। ਉਨ੍ਹਾਂ ਕਿਹਾ ਕਿ ਡਿਓੜੀ ਢਾਹੁਣ ਦੀ ਕਾਰਵਾਈ ਕਿਸੇ ਗਹਿਰੀ ਸਾਜ਼ਸ਼ ਨਾਲ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਨੂੰ ਬਦਨਾਮ ਕਰਨ ਲਈ ਕੀਤੀ ਗਈ ਹੈ, ਜੋ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿਚ ਸਿੱਧਾ ਦਖ਼ਲ ਹੈ।