ਸੰਗਰੂਰ, 18 ਅਪ੍ਰੈਲ (ਹਰਿੰਦਰਪਾਲ ਸਿੰਘ ਖਾਲਸਾ)-ਅੱਜ ਆਮ ਆਦਮੀ ਪਾਰਟੀ ਦੇ ਮੁੱਖ ਚੋਣ ਦਫਤਰ ਸੰਗਰੂਰ ਵਿਖੇ ਹਲਕਾ ਲਹਿਰਾ ਲਈ ਚੋਣ ਪ੍ਰਚਾਰ ਲਈ ਰਵਾਨਾ ਹੋਣ ਤੋਂ ਪਹਿਲਾਂ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਨੇ ਦੱਸਿਆ ਕਿ ਆਪਣੇ ਪੈਰਾਂ ਹੇਠੋਂ ਸਿਆਸੀ ਜ਼ਮੀਨ ਖਿਸਕਦੀ ਵੇਖ ਕੇ ਸੁਖਦੇਵ ਸਿੰਘ ਢੀਂਡਸਾ ਤੇ ਉਨ੍ਹਾਂ ਦਾ ਪਰਿਵਾਰ ਮੇਰੇ ਨਕਲੀ ਮਾਮੇ ਭਾਣਜੇ ਅਤੇ ਹੋਰ ਫਰਜ਼ੀ ਰਿਸ਼ਤੇਦਾਰ ਬਣਾ ਕੇ ਨੀਵੇਂ ਪੱਧਰ ਦੇ ਭੰਡੀ ਪ੍ਰਚਾਰ ’ਤੇ ਉਤਰ ਆਏ ਹਨ। ਮੈਨੂੰ ਪੂਰੀ ਆਸ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਲੋਕ ਆਪਣੀ ਹਾਰ ਤੋਂ ਬੁਖਲਾ ਕੇ ਇਸ ਤਰ੍ਹਾਂ ਦੇ ਅਤੇ ਹੋਰ ਵੀ ਨੀਵੇਂ ਪੱਧਰ ਦੇ ਹੱਥ ਕੰਡੇ ਵਰਤ ਸਕਦੇ ਹਨ। ਉਨ੍ਹਾਂ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਤੇ ਹੋਰ ਉਨ੍ਹਾਂ ਦੇ ਵਿਰੋਧੀ ਜਿੰਨੀਆਂ ਮਰਜ਼ੀ ਲੂਬੜ ਚਾਲਾਂ ਚੱਲ ਲੈਣ ਲੋਕ ਉਨ੍ਹਾਂ ’ਤੇ
ਵਿਸ਼ਵਾਸ਼ ਨਹੀਂ ਕਰਨਗੇ। ਉਨ੍ਹਾਂ ਕਿਹਾ ਇਸ ਵਾਰ ਇਹ ਲੋਕ ਸਭਾ ਦੀ ਚੋਣ ਇਨ੍ਹਾਂ ਰਿਵਾਇਤੀ ਲੀਡਰਾਂ ਦੇ ਖਿਲਾਫ ਮੈਂ ਨਹੀਂ ਲੋਕ ਖੁਦ ਲੜ ਰਹੇ ਹਨ। ਮੇਰੇ ਵਿਰੋਧੀ ਉਮੀਦਵਾਰਾਂ ਨੂੰ ਪੈਸੇ ਦੀ ਤਾਕਤ ਦਾ ਹੰਕਾਰ ਹੈ, ਪਰ ਮੈਨੂੰ ਲੋਕਾਂ ਵੱਲੋਂ ਮਿਲ ਰਹੇ ਮਣਾ ਮੁਹੀ ਪਿਆਰ ਤੇ ਮਾਣ ਹੈ। ਇਨ੍ਹਾਂ ਰਿਵਾਇਤੀ ਲੀਡਰਾਂ ਦੀ ਲੜਾਈ ਵੱਡੇ ਘਰਾਣੇ ਦੇ ਲੋਕ ਲੜ ਰਹੇ ਹਨ ਅਤੇ ਆਮ ਆਦਮੀ ਪਾਰਟੀ ਦੇ ਮੋਰਚੇ ਆਮ ਲੋਕਾਂ ਨੇ ਸੰਭਾਲੇ ਹੋਏ ਹਨ। ਇਨ੍ਹਾਂ ਦੀਆਂ ਚੋਣ ਰੈਲੀਆਂ ਵਿੱਚ ਲੋਕ ਮਜ਼ਬੂਰੀ ਨਾਲ ਜਾਦੇਂ ਹਨ ਪਰ ਆਮ ਆਦਮੀ ਪਾਰਟੀ ਦੀਆਂ ਰੈਲੀਆਂ ਵਿੱਚ ਲੋਕ ਬਿਨਾ ਕਿਸੇ ਲਾਲਚ ਉਤਸ਼ਾਹ ਨਾਲ ਸ਼ਾਮਿਲ ਹੋ ਰਹੇ ਹਨ ਜੋ ਕਿ ਇੱਕ ਵੱਡੀ ਤਬਦੀਲੀ ਦਾ ਸੰਕੇਤ ਹੈ। ਸੱਠ ਸਾਲਾਂ ਤੋਂ ਵੀ ਵੱਧ ਰਾਜ ਕਰ ਕੇ ਦੇਸ਼ ਦਾ ਬੇੜਾ ਗਰਕ ਕਰਨ ਵਾਲੀਆਂ ਇਨ੍ਹਾਂ ਸਿਆਸੀ ਪਾਰਟੀਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਹੁਣ ਆਮ ਆਦਮੀ ਖੁਦ ਅਪਣੇ ਦੇਸ਼ ਨੂੰ ਤਰੱਕੀ ਦੀਆਂ ਰਾਹਾਂ ’ਤੇ ਲੇ ਕੇ ਜਾਣ ਦਾ ਮਨ ਬਣਾ ਚੁਕਾ ਹੈ। ਭਗਵੰਤ ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੀ ਯਾਤਰਾ ਸਮੇਂ ਪੰਜਾਬੀਆਂ ਵੱਲੋਂ ਮਿਲੇ ਵੱਡੇ ਹੁੰਗਾਰੇ ਨੇ ਦਸ ਦਿੱਤਾ ਕਿ ਪੰਜਾਬੀ ਆਪਣੇ ਸੁਭਾਅ ਮੁਤਬਕ ਆਜ਼ਾਦੀ ਦੀ ਇਸ ਦੂਸਰੀ ਲੜਾਈ ਵਿੱਚ ਭਾਰਤ ਦੇ ਕਿਸੇ ਵੀ ਸੁਬੇ ਤੋਂ ਪਿਛੇ ਨਹੀਂ ਰਹਿਣਗੇ।



