ਕਾਹਨੂੰਵਾਨ, 29 ਮਾਰਚ (ਡਾ. ਜਸਪਾਲ ਸਿੰਘ ਭਿੱਟੇਵੱਡ)- ਪੁਲਿਸ ਥਾਣਾ ਕਾਹਨੂੰਵਾਨ ਅਧੀਨ ਪਿੰਡ ਭਟੀਆਂ ਦੇ ਸੀਨੀਅਰ ਸੈਕੰਡਰੀ ਸਕੂਲ ਅਗੇ ਹਾਲਾਤ ਉਸ ਵੇਲੇ ਗੰਭੀਰ ਬਣ ਗਏ ਜਦੋਂ ਅੱਜ ਦਸਵੀਂ ਦਾ ਇਮਤਿਹਾਨ ਦੇਣ ਆ ਰਹੀਆਂ ਲੜਕੀਆਂ ਦੀ ਵੈਨ ਨੂੰ ਗੁੰਡਾ ਅਨਸਰਾਂ ਅਤੇ ਕੁਝ ਪੇਪਰ ਦਿੰਦੇ ਵਿਦਿਆਰਥੀਆਂ ਨੇ ਰੋਕ ਕੇ ਵੈਨ ਦੀ ਭਾਰੀ ਭੰਨਤੋੜ ਕੀਤੀ।ਇਸ ਤੋਂ ਇਲਾਵਾ ਵੈਨ ਦੇ ਡਰਾਈਵਰ ਨੂੰ ਵੀ ਗੰਭੀਰ ਸੱਟਾਂ ਮਾਰ ਕੇ ਜ਼ਖ਼ਮੀ ਕਰ ਦਿਤਾ।ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅਤੇ ਪੀੜਤ ਮਾਪਿਆਂ ਦੇ ਬਿਆਨਾਂ ਅਨੁਸਾਰ ਉਨ੍ਹਾਂ ਦੀਆਂ ਲੜਕੀਆਂ ਜੋ ਕਿ ਸਰਕਾਰੀ ਹਾਈ ਸਕੂਲ ਕੋਟ
ਟੋਡਰ ਮਲ ਵਿਚ ਪੜ੍ਹਦੀਆਂ ਹਨ।ਇਨ੍ਹਾਂ ਲੜਕੀਆਂ ਦੇ ਮੈਟ੍ਰਿਕ ਦੇ ਸਾਲਾਨਾ ਇਮਤਿਹਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਟੀਆਂ ਵਿਖੇ ਹੋ ਰਹੇ ਹਨ। ਉਹ ਆਪਣੀਆਂ ਲੜਕੀਆਂ ਨੂੰ ਆਪਣੇ ਪਿੰਡ ਦੀ ਇਕ ਵੈਨ ਰਾਹੀਂ ਰੋਜ਼ਾਨਾ ਇਮਤਿਹਾਨ ਲਈ ਭੇਜਦੇ ਹਨ। ਵੈਨ ਦੇ ਡਰਾਈਵਰ ਗੁਰਪ੍ਰੀਤ ਸਿੰਘ ਪੁਤਰ ਸੰਤੋਖ ਸਿੰਘ ਵਾਸੀ ਕੋਟ ਟੋਡਰਮਲ ਨੇ ਦਸਿਆ ਕਿ ਪਿਛਲੇ ਕਈ ਦਿਨਾਂ ਤੋਂ ਕੁਝ ਵਿਦਿਆਰਥੀਆਂ ਵਲੋਂ ਉਨ੍ਹਾਂ ਦੀ ਵੈਨ ਦਾ ਪਿਛਾ ਪਿੰਡ ਕੋਟ ਟੋਡਰਮਲ ਤਕ ਕੀਤਾ ਜਾ ਰਿਹਾ ਸੀ। ਬੀਤੇ ਦਿਨ ਵੀ ਇਨ੍ਹਾਂ ਵਿਦਿਆਰਥੀਆਂ ਨੇ ਵੈਨ ਦਾ ਮੋਟਰਸਾਈਕਲ ਤੇ ਪਿਛਾ ਕੀਤਾ ਅਤੇ ਵਿਦਿਆਰਥਣਾਂ ਨਾਲ ਅਸ਼ਲੀਲ ਇਸ਼ਾਰੇ ਕੀਤੇ। ਜਦੋਂ ਉਸਨੇ ਇਸਦਾ ਇਤਰਾਜ਼ ਕੀਤਾ ਤਾਂ ਇਨ੍ਹਾਂ ਗੁੰਡਾ ਅਨਸਰਾਂ ਨੇ ਸਾਥੀਆਂ ਸਮੇਤ ਉਸ ਨਾਲ ਤਕਰਾਰ ਕੀਤੀ। ਉਨ੍ਹਾਂ ਦਸਿਆ ਕਿ ਇਥੇ ਹੀ ਬਸ ਨਹੀਂ ਇਹ ਵਿਗੜੇ ਹੋਏ ਵਿਦਿਆਰਥੀ ਉਨ੍ਹਾਂ ਦੇ ਪਿੰਡ ਕੋਟ ਟੋਡਰਮਲ ਤਕ ਮਗਰ ਪਹੁੰਚ ਗਏ।ਜਿਥੇ ਪਿੰਡ ਵਾਸੀਆਂ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਇਹਨਾਂ ਵਿਦਿਆਰਥੀਆਂ ਨੂੰ ਕਿਸੇ ਤਰ੍ਹਾਂ ਉਥੋਂ ਵਾਪਸ ਭੇਜਿਆ।ਪਰ ਵਿਦਿਆਰਥੀਆਂ ਨੇ ਪਿੰਡ ਵਾਸੀਆਂ ਦੇ ਮਸ਼ਵਰੇ ਨੂੰ ਆਪਣੀ ਹਤਕ ਸਮਝਦੇ ਹੋਏ ਅਜ ਦੇ ਪੇਪਰ ਦੌਰਾਨ ਸਕੂਲ ਵੈਨ ਨੂੰ ਪਹਿਲਾਂ ਅਪਰਬਾਰੀ ਦੁਆਬ ਨਹਿਰ ਦੇ ਭਟੀਆਂ ਦੇ ਪੁਲ ਤੇ ਘੇਰ ਲਿਆ। ਜਿਥੋਂ ਕਿ ਡਰਾਈਵਰ ਗੁਰਪ੍ਰੀਤ ਸਿੰਘ ਕਿਸੇ ਢੰਗ ਨਾਲ ਵੈਨ ਨੂੰ ਅਤੇ ਲੜਕੀਆਂ ਨੂੰ ਬਚਾ ਕੇ ਸਰਕਾਰੀ ਸੀਨੀ ਸੈਕੰਡਰੀ ਸਕੂਲ ਭਟੀਆਂ ਦੇ ਸਾਹਮਣੇ ਪਹੁੰਚ ਗਿਆ।ਪਰ ਉਥੇ ਪਹੁੰਚਦੇ ਹੀ ਇਨ੍ਹਾਂ ਵਿਦਿਆਰਥੀਆਂ ਨੇ ਵੈਨ ਉਪਰ ਹਮਲਾ ਕਰ ਦਿਤਾ। ਇਨ੍ਹਾਂ ਵਿਦਿਆਰਥੀਆਂ ਤੇ ਲੋਹੇ ਦੀਆਂ ਰਾਡਾਂ ਅਤੇ ਹੋਰ ਤਿਖੇ ਹਥਿਆਰਾਂ ਨਾਲ ਉਸਦੀ ਵੈਨ ਐਚ ਆਰ 20 ਐਫ 8366 ਦੀ ਭੰਨਤੋੜ ਕੀਤੀ। ਚਾਲਕ ਗੁਰਪ੍ਰੀਤ ਸਿੰਘ ਪੁਤਰ ਸੰਤੋਖ ਸਿੰਘ ਨੂੰ ਵੀ ਗੰਭੀਰ ਸਟਾਂ ਮਾਰੀਆਂ ਜਿਸ ਕਾਰਨ ਉਸ ਦੀ ਸਜੀ ਬਾਂਹ ਟੁਟ ਗਈ ਅਤੇ ਧੌਣ ਉਤੇ ਵੀ ਜ਼ਖਮ ਪਾਏ ਗਏ। ਸਰਪੰਚ ਜਸਬੀਰ ਸਿੰਘ ਕੋਟ ਟੋਡਰਮਲ ਅਤੇ ਪਿੰਡ ਵਾਸੀ ਸੁਲਖਣ ਸਿੰਘ ਸੰਤੋਖ ਸਿੰਘ ਆਦਿ ਨੇ ਦਸਿਆ ਕਿ ਸਕੂਲ ਦੇ ਸਟਾਫ ਅਤੇ ਕੁਝ ਲੋਕਾਂ ਨੇ ਡਰਾਈਵਰ ਨੂੰ ਬੜੀ ਮੁਸ਼ਕਿਲ ਨਾਲ ਇਹਨਾਂ ਗੁੰਡਿਆਂ ਤੋਂ ਛਡਵਾਇਆ। ਪਰ ਇਸ ਦੌਰਾਨ ਕੁਝ ਹਮਲਾਵਰ ਫਰਾਰ ਹੋ ਗਏ ਅਤੇ ਬਾਕੀ ਕੁਝ ਅੰਦਰ ਪ੍ਰੀਖਿਆ ਵਿਚ ਬੈਠ ਗਏ। ਸਕੂਲ ਪ੍ਰਸ਼ਾਸਨ ਵਲੋਂ ਇਸ ਦੀ ਸੂਚਨਾ ਕਾਹਨੂੰਵਾਨ ਪੁਲਿਸ ਨੂੰ ਦਿਤੀ। ਜਿਸ ਤੋਂ ਬਾਅਦ ਰਵਿੰਦਰ ਸਿੰਘ ਥਾਣੇਦਾਰ ਦੀ ਅਗਵਾਈ ਵਿਚ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ। ਪਰ ਉਦੋਂ ਤਕ ਗੁੰਡਾ ਅਨਸਰ ਮੌਕੇ ਤੋਂ ਫਰਾਰ ਹੋ ਚੁਕੇ ਸਨ। ਪਰ ਇਸ ਦੌਰਾਨ ਇਸ ਮਾਮਲੇ ਦੀ ਭਿਣਕ ਮਿਲਣ ਤੇ ਪਿੰਡ ਕੋਟ ਟੋਡਰਮਲ ਦੇ ਜਿਥੋਂ ਦੀਆਂ ਵਿਦਿਆਰਥਣਾਂ ਹਨ ਉਥੋਂ ਦੇ ਵਾਸੀ ਅਤੇ ਉਨ੍ਹਾਂ ਦੇ ਮਾਪੇ ਵਡੀ ਗਿਣਤੀ ਵਿਚ ਭਟੀਆਂ ਸਕੂਲ ਅਗੇ ਇਕਠੇ ਹੋ ਗਏ। ਸਥਿਤੀ ਗੰਭੀਰ ਹੁੰਦੀ ਵੇਖ ਕੇ ਏਐਸਆਈ ਰਵਿੰਦਰ ਸਿੰਘ ਨੂੰ ਇਸ ਦੀ ਸੂਚਨਾ ਆਪਣੇ ਵਡੇ ਪੁਲਿਸ ਅਧਿਕਾਰੀਆਂ ਨੂੰ ਦਿਤੀ। ਜਿਸ ਤੋਂ ਬਾਅਦ ਥਾਣਾ ਕਾਹਨੂੰਵਾਨ ਦੀ ਪੁਲਿਸ, ਥਾਣਾ ਭੈਣੀ ਮੀਆਂ ਖਾਂ ਦੀ ਪੁਲਿਸ ਅਤੇ ਪੁਲਿਸ ਚੌਕੀ ਤੁਗਲਵਾਲ ਦੀ ਪੁਲਿਸ ਪਾਰਟੀ ਵੀ ਮੌਕੇ ਤੇ ਪਹੁੰਚ ਗਈ। ਪਰ ਭੜਕੇ ਹੋਏ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਉਹ ਇਨ੍ਹਾਂ ਵਿਦਿਆਰਥੀਆਂ ਦੀ ਭੁਗਤ ਸਵਾਰਨਗੇ। ਪਰ ਪੁਲਿਸ ਨੇ ਹਲਕੇ ਬਲ ਦਾ ਪ੍ਰਯੋਗ ਕਰਦੇ ਹੋਏ ਵਿਖਾਵਾਕਾਰੀਆਂ ਅਤੇ ਭੜਕੇ ਹੋਏ ਲੋਕਾਂ ਨੂੰ ਮੌਕੇ ਤੋਂ ਖਿੰਡਾ ਦਿਤਾ। ਇਸ ਦੌਰਾਨ ਪੁਲਿਸ ਨੇ ਇਮਤਿਹਾਨ ਤੋਂ ਬਾਅਦ 4 ਵਿਦਿਆਰਥੀਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ।ਇਸ ਸਬੰਧੀ ਜਦੋਂ ਪੜਤਾਲ ਅਧਿਕਾਰੀ ਏ ਐਸ ਆਈ ਤਰਲੋਕ ਚੰਦ ਨਾਲ ਗਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਪੀੜਤ ਜ਼ਖਮੀ ਚਾਲਕ ਗੁਰਪ੍ਰੀਤ ਸਿੰਘ ਦੇ ਬਿਆਨ ਲੈ ਕੇ ਇਨ੍ਹਾਂ ਕਥਿਤ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨਗੇ।
ਕੀ ਕਹਿੰਦੇ ਹਨ ਭਟੀਆਂ ਸਕੂਲ ਦੇ ਅਧਿਆਪਕ ਇਸ ਸਬੰਧੀ ਜਦੋਂ ਸੀਨੀਅਰ ਸੈਕੰਡਰੀ ਸਕੂਲ ਭਟੀਆਂ ਦੇ ਮੌਕੇ ਤੇ ਅਧਿਆਪਕ ਚਰਨਜੀਤ ਸਿੰਘ ਸੈਣੀ ਨਾਲ ਗਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਜ ਦਸਵੀਂ ਦੇ ਵਿਦਿਆਰਥੀਆਂ ਦਾ ਚੋਣਵੀਂ ਵਿਸ਼ੇ ਡਰਾਇੰਗ ਅਤੇ ਕਟਿੰਗ ਟੇਲਰਿੰਗ ਦਾ ਪੇਪਰ ਸੀ। ਸਵੇਰੇ ਸਾਢੇ ਨੌਂ ਦੇ ਕਰੀਬ ਸਕੂਲ ਦੇ ਗੇਟ ਅਗੇ ਬਚਿਆਂ ਦਾ ਚੀਕ ਚਿਹਾੜਾ ਸੁਣਿਆ ਅਤੇ ਤੁਰੰਤ ਗੇਟ ਤੇ ਪਹੁੰਚੇ। ਉਨ੍ਹਾਂ ਨੇ ਸਕੂਲ ਵਿਦਿਆਰਥਣਾਂ ਨੂੰ ਰੋਂਦੇ ਹੋਏ ਪਾਇਆ। ਇਸ ਦੌਰਾਨ ਸਕੂਲ ਵੈਨ ਦੇ ਚਾਲਕ ਦੇ ਵੀ ਗੰਭੀਰ ਸਟਾਂ ਲਗੀਆਂ ਦੇਖੀਆਂ। ਪਰ ਉਹਨਾਂ ਦੇ ਓਥੇ ਜਾਣ ਤੋਂ ਪਹਿਲਾਂ ਹਮਲਾਵਰ ਉਥੋਂ ਫਰਾਰ ਹੋ ਚੁਕੇ ਸਨ।ਇਸ ਦੀ ਸੂਚਨਾ ਉਨ੍ਹਾਂ ਨੇ ਥਾਣਾ ਕਾਹਨੂੰਵਾਨ ਦੀ ਪੁਲਿਸ ਨੂੰ ਸਮੇਂ ਸਿਰ ਦੇ ਦਿਤੀ ਸੀ।