ਬਟਾਲਾ, 25 ਮਾਰਚ (ਰਾਜੂ ਖਹਿਰਾ)- ਖੇਤਰੀ ਸਰਸ ਮੇਲਾ ਅੱਜ 12 ਦਿਨ ਆਪਣੇ ਆਖਰੀ ਪੜਾਅ ’ਤੇ ਪਹੁੰਚ ਗਿਆ ਹੈ। ਇਸ ਸਰਸ ਮੇਲੇ ਵਿੱਚ ਤਿੰਨ ਲੱਖ ਤੋਂ ਵੱਧ ਲੋਕਾਂ ਨੇ ਆਪਣੀ ਹਾਜ਼ਰੀ ਭਰੀ ਹੈ। ਸਰਸ ਮੇਲੇ ਵਿੱਚ ਪੂਰੇ 12 ਦਿਨ ਮਿੰਨੀ ਭਾਰਤ ਦੇ ਦਰਸ਼ਨ ਕਰਨ ਨੂੰ ਮਿਲੇ ਹਨ ਅਤੇ ਵੱਖ-ਵੱਖ ਸੰਸਕ੍ਰਿਤੀਆਂ ਦੇ ਸੁਮੇਲ ਨੇ ਇਸ ਮੇਲੇ ਦੀ ਸ਼ਾਨ ਨੂੰ ਹੋਰ ਵੀ ਵਧਾ ਦਿੱਤਾ ਹੈ। ਮੇਲੇ ਵਿੱਚ ਦਸਤਕਾਰਾਂ, ਸ਼ਿਲਪਕਾਰਾਂ ਅਤੇ ਹੋਰ ਹੁਨਰਮੰਦਾਂ ਵਲੋਂ ਤਿਆਰ ਕੀਤੀਆਂ ਵਸਤਾਂ ਨੂੰ ਬਟਾਲਾ ਵਾਸੀਆਂ ਦਿਲ ਖੋਲ ਕੇ ਖਰੀਦਿਆ ਹੈ। ਸਰਸ ਮੇਲੇ ਵਿੱਚ ਬੀਤੀ ਸ਼ਾਮ 24 ਮਾਰਚ ਨੂੰ ਲੋਕਾਂ ਦਾ ਰਿਕਾਰਡ ਇਕੱਠ ਦੇਖਿਆ ਗਿਆ। ਬੀਤੀ ਸ਼ਾਮ ਮੇਲੇ ਵਿੱਚ ਇਨ੍ਹਾ ਜਿਆਦਾ ਇਕੱਠ ਸੀ ਕਿ ਤਿੱਲ ਭੁੰਜੇ ਨਹੀਂ ਡਿੱਗ ਰਿਹਾ ਸੀ। ਲੋਕਾਂ ਨੇ ਸਰਸ ਮੇਲੇ ਵਿੱਚ ਖਰੀਦਦਾਰੀ ਕਰਨ ਦੇ ਨਾਲ ਆਪਣਾ ਖੂਬ ਮੰਨੋਰੰਜਨ ਵੀ ਕੀਤਾ। ਨਾਰਥਨ ਜੋਨ ਕਲਚਰ ਸੈਂਟਰ ਪਟਿਆਲਾ ਦੇ ਕਲਾਕਾਰਾਂ ਨੇ ਮੇਲੇ ਦੀਆਂ ਰੌਣਕਾਂ ਨੂੰ ਹੋਰ ਵੀ ਵਧਾ ਦਿੱਤਾ। ਹਰਿਆਣੇ ਤੋਂ ਆਈ ਜੋਗੀਆਂ ਦੇ ਟੋਲੇ ਨੇ ਬੀਨ ਦੀ ਮੰਤਰ ਮੁਗਧ ਕਰਨ ਵਾਲੀ ਧੁਨ ਵਜਾ ਕੇ ਹਰ ਮੇਲੀ ਨੂੰ ਕੀਲ ਲਿਆ। ਇਸ ਤਰਾਂ ਹੀ ਰਾਜਸਥਾਨੀ ਕਲਾਕਾਰਾਂ ਨੇ ਆਪਣਾ ਸਥਾਨਕ ਲੋਕ ਨਾਚ ਪੇਸ਼ ਕਰਕੇ ਪੰਜਾਬੀਆਂ ਨੂੰ ਵੀ ਆਪਣੇ ਨਾਲ ਨੱਚਣ ਲਗਾ ਲਿਆ। ਪਟਿਆਲਾ ਸ਼ਹਿਰ ਤੋਂ ਪਹੁੰਚੇ ਕਲਾਕਾਰਾਂ ਨੇ ਪੁਰਾਨਤ ਨਾਚ ਪੇਸ਼ ਕਰਕੇ ਵਿਰਾਸਤ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ। ਇਸਦੇ ਨਾਲ ਬਠਿੰਡੇ ਤੋਂ ਪਹੁੰਚੀ ਬਾਜਗਰਾਂ ਦੀ ਟੋਲੀ ਨੇ ਸਰਸ ਮੇਲੇ ਵਿੱਚ ਬਾਜੀ ਪਾ ਕੇ ਸਾਰੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਇਸ ਦੌਰਾਨ ਪੰਜਾਬ ਦੇ ਮਸ਼ਹੂਰ ਸੂਫੀ ਗਾਇਕ ਲਖਵਿੰਦਰ ਵਡਾਲੀ ਨੇ ਸਰਸ ਮੇਲੇ ਵਿੱਚ ਆਪਣੀ ਸੰਗੀਤਕ ਹਾਜ਼ਰੀ ਲਗਾਉਂਦਿਆਂ ਸਰਸ ਮੇਲੇ ਨੂੰ ਸੂਫੀ ਗਾਇਕੀ ਵਿੱਚ ਰੰਗ ਦਿੱਤਾ। ਇਸ ਮੌਕੇ ਪੰਚਾਇਤ ਮੰਤਰੀ ਤ੍ਰਿਪਤ ਬਾਜਵਾ ਨੇ ਸਰਸ ਮੇਲੇ ਵਿੱਚ ਹਾਜ਼ਰੀ ਭਰੀ। ਸ. ਬਾਜਵਾ ਨੇ ਸਰਸ ਮੇਲੇ ਵਿੱਚ ਚੱਲ ਰਹੇ ਰੰਗਾ-ਰੰਗ ਪ੍ਰੋਗਰਾਮ ਨੂੰ ਦੇਖਿਆ ਅਤੇ ਵੱਖ-ਵੱਖ ਰਾਜਾਂ ਦੇ ਪਕਵਾਨਾ ਦਾ ਸਵਾਦ ਚੱਖਿਆ। ਮੇਲੇ ਵਿੱਚ ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ, ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਵਿਪੁਲ ਉਜਵਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਰਣਬੀਰ ਸਿੰਘ ਮੂਧਲ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।