ਮੋਦੀ ਨੂੰ ਹਰ ਕੋਈ ਹਰਾਉਣਾ ਚਾਹੁੰਦੈ ਪਰ ਕੋਈ ਚੋਣ ਲੜਨਾ ਨਹੀਂ ਚਾਹੁੰਦਾ : ਅਮਿਤ ਸ਼ਾਹ

ਆਗਰਾ, 24 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਅਜ ਆਗਰਾ ਦੇ ਕਾਲਜ ਮੈਦਾਨ ਚ ‘ਵਿਜੇ ਸੰਕਲਪ ਸਭਾ‘ ਨੂੰ ਸੰਬੋਧਨ ਕੀਤਾ। ਉਨ੍ਹਾਂ ਦੇ ਨਾਲ ਮੁਖ ਮੰਤਰੀ ਯੋਗੀ ਅਦਿਤਿਆਨਾਥ ਵੀ ਮੌਜੂਦ ਸਨ। ਭਾਜਪਾ ਮੁਖੀ ਸ਼ਾਹ ਨੇ ਵਿਰੋਧੀਆਂ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਮੋਦੀ ਨੂੰ ਹਰੇਕ ਕੋਈ ਹਰਾਉਣਾ ਚਾਹੁੰਦਾ ਹੈ ਪਰ ਕੋਈ ਵੀ ਚੋਣ ਲੜਨਾ ਨਹੀਂ ਚਾਹੁੰਦਾ ਹੈ। ਅਮਿਤ ਸ਼ਾਹ ਨੇ ਬਸਪਾ ਮੁਖੀ ਮਾਇਆਵਤੀ, ਮਮਤਾ ਬੈਨਰਜੀ, ਸ਼ਰਦ ਪਵਾਰ ਤੇ ਕਾਂਗਰਸ ਤੇ ਨਿਸ਼ਾਨਾ ਲਗਾਉਂਦਿਆਂ ਕਿਹਾ ਕਿ 70 ਸਾਲਾ ਤਕ ਕਾਂਗਰਸ ਪਾਰਟੀ ਅਤੇ ਉਨ੍ਹਾਂ ਦੇ ਭਾਈਵਾਲਾਂ ਨੇ ਰਾਜ ਕੀਤਾ। 70 ਸਾਲ ਤਕ ਦੇਸ਼ ਦੇ 50 ਕਰੋੜ ਗਰੀਬਾਂ ਨੂੰ ਇਹ ਮਹਿਸੂਸ ਹੀ ਨਹੀਂ ਹੋਇਆ ਕਿ ਇਹ ਦੇਸ਼ ਆਜ਼ਾਦ ਹੋਇਆ ਹੈ।ਮਾਇਆਵਤੀ ਤੇ ਨਿਸ਼ਾਨੇ ਤੇ ਲੈਂਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਨੂੰ ਹਟਾਇਆ ਜਾਵੇ ਪਰ ਜਦੋਂ ਪੁਛਦੇ ਹਾਂ ਕਿ ਕਿਥੋਂ ਚੋਣ ਲੜੋਗੇ ਤਾਂ ਕਹਿੰਦੀ ਹਨ ਕਿ ਚੋਣ ਨਹੀਂ ਲੜਾਂਗੀ।ਅਖਿਲੇਸ਼ ਯਾਦਵ ਕਹਿੰਦੇ ਹਨ ਕਿ ਮੋਦੀ ਜੀ ਨੂੰ ਹਟਾਇਆ ਜਾਵੇ ਪਰ ਜਦੋਂ ਪੁਛਦੇ ਹਾਂ ਕਿ ਕਿਥੋਂ ਚੋਣ ਲੜੋਗੇ ਤਾਂ ਕਹਿੰਦੇ ਹਨ ਕਿ ਚੋਣ ਨਹੀਂ ਲੜਾਂਗੇ।ਅਮਿਤ ਸ਼ਾਹ ਨੇ ਕਿਹਾ ਕਿ ਇਹ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਕਾਸ ਬਨਾਮ ਭ੍ਰਿਸ਼ਟਾਚਾਰ ਦੀ ਜੰਗ ਹੈ।

Send this to a friend