May 15, 2026 6:05 pm

ਖਹਿਰਾ ਨੇ ਲੋਕ ਸਭਾ ਹਲਕਾ ਬਠਿੰਡਾ ਤੋਂ ਚੋਣ ਲੜਨ ਦੇ ਦਿੱਤੇ ਸੰਕੇਤ

ਰਾਮਪੁਰਾ ਫੂਲ, 11 ਮਾਰਚ (ਕੁਲਜੀਤ ਸਿੰਘ ਢੀਂਗਰਾ)- ਸਾਡੀ ਲੜਾਈ ਕਿਸੇ ਹੋਰ ਪਾਰਟੀ ਨਹੀਂ ਸਗੋਂ ਰਵਾਇਤੀ ਪਾਰਟੀਆਂ ਕਾਂਗਰਸ ਅਤੇ ਬਾਦਲ ਦੇ ਟੱਬਰਾਂ ਨਾਲ ਹੈ। ਜਿਨ੍ਹਾਂ ਪੰਜਾਬ ਵਿੱਚ ਲੰਮਾ ਸਮਾਂ ਰਾਜ ਕਰਕੇ ਪੰਜਾਬ ਨੂੰ ਲੁੱਟਿਆ-ਕੁੱਟਿਆ ਹੀ ਨਹੀਂ ਸਗੋਂ ਬਰਬਾਦ ਕਰਕੇ ਰੱਖ ਦਿੱਤਾ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਚੋਂ ਬਾਗੀ ਹੋਏ ਹੋ ਕੇ ਸੂਬੇ ਅੰਦਰ ਨਵੀਂ ਪੰਜਾਬ ਏਕਤਾ ਪਾਰਟੀ ਨੂੰ ਹੋਂਦ ਲਿਆਉਣ ਵਾਲੇ ਪਾਰਟੀ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਪਿੰਡ ਰਾਮਪੁਰਾ ਵਿਖੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਲੋਕ ਸਭਾ ਹਲਕਾ ਬਠਿੰਡਾ ਤੋਂ ਚੋਣ ਲੜਨ ਦੇ ਸੰਕੇਤ ਵੀ ਦਿੱਤੇ ਅਤੇ ਦੱਸਿਆ ਕਿ ਬਹੁਜਨ ਸਮਾਜ ਪਾਰਟੀ, ਲੋਕ ਇਨਸਾਫ ਪਾਰਟੀ, ਧਰਮਵੀਰ ਗਾਂਧੀ ਸਮੇਤ ਸੀ.ਪੀ.ਆਈ ਨਾਲ ਗੱਠਜੋੜ ਹੋਣ ਲਈ ਗੱਲਬਾਤ ਚੱਲ ਰਹੀ ਹੈ ਅਤੇ ਅਕਾਲੀ ਦਲ ਟਕਸਾਲੀ ਆਗੂ ਨਾਲ ਸ਼੍ਰੀ ਆਨੰਦਪੁਰ ਸਾਹਿਬ ਸੀਟ ਨੂੰ ਲੈ ਕੇ ਕੋਈ ਵੀ ਸਮਝੌਤਾ ਨਹੀਂ ਹੋ ਸਕਿਆ। ਖਹਿਰਾ ਨੇ ਅੱਗੇ ਕਿਹਾ ਕਿ ਸਾਡਾ ਮਕਸਦ ਕੈਪਟਨ ਅਮਰਿੰਦਰ ਸਿੰਘ ਵਾਂਗ ਵਿਦੇਸ਼ਾਂ ਵਿੱਚ ਪ੍ਰਾਪਰਟੀਆਂ ਖਰੀਦ ਕੇ ਕਾਲਾ ਧਨ ਜਮ੍ਹਾਂ ਕਰਨਾ ਨਹੀਂ ਸਗੋਂ ਪੰਜਾਬ ਨੂੰ ਬਚਾਉਣ ਦਾ ਹੈ। ਉਨ੍ਹਾਂ ਲੋਕਾਂ ਸਮੇਤ ਹੋਰ ਪਾਰਟੀਆਂ ਦੇ ਆਗੂਆਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਬਿਨਾਂ ਕਿਸੇ ਭੇਦਭਾਵ ਅਤੇ ਪਾਰਟੀਬਾਜੀ ਤੋਂ ਉਪਰ ਉਠ ਕੇ ਇਕੱਠਿਆਂ ਲੜਾਈ ਲੜਣ ਲਈ ਇਨ੍ਹਾਂ ਦੋਹਾਂ ਟੱਬਰਾਂ ਤੋਂ ਪੰਜਾਬ ਨੂੰ ਛੁਟਕਾਰਾ ਦਿਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਖਦਸ਼ਾ ਪ੍ਰਗਟ ਕੀਤਾ ਕਿ ਜੇਕਰ ਅੱਜ ਦੇਸ਼ ਨੂੰ ਨਾ ਸੰਭਾਲਿਆ ਤਾਂ ਉਹ ਦਿਨ ਦੂਰ ਨਹੀਂ ਜਿੱਥੇ ਗੈਰ ਪੰਜਾਬੀਆਂ ਦਾ ਕਬਜ਼ਾ ਹੋਵੇਗਾ। ਉਨ੍ਹਾਂ ਐਸ.ਜੀ.ਪੀ.ਸੀ ਨੂੰ ਮਿੰਨੀ ਸਰਕਾਰ ਦਾ ਖਿਤਾਬ ਦਿੰਦਿਆਂ ਕਿਹਾ ਕਿ ਇਸ ਦੀ ਹੋਣ ਵਾਲੀ ਆਮਦਨ ਨੂੰ ਲੋਕ ਹਿਤਾਂ ਤੇ ਖਰਚ ਕਰਨ ਦੀ ਬਜਾਏ ਦੁਰ ਉਪਯੋਗ ਕਰਕੇ ਗੁਰੂ ਘਰਾਂ ਦੀ ਚਲਾਈ ਪ੍ਰਥਾ ਨੂੰ ਨੂੰ ਹੀ ਬਦਲ ਦਿੱਤਾ ਅਤੇ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਨੇ ਵੋਟਾਂ ਦੀ ਖਾਤਰ ਧਰਮਾਂ ਨੂੰ ਛਿੱਕੇ ਟੰਗ ਕੇ ਰੱਖ ਦਿੱਤਾ ਹੈ। ਇਸ ਮੌਕੇ ਹਲਕਾ ਮੌੜ ਦੇ ਵਿਧਾਇਕ ਜਗਦੇਵ ਸਿੰਘ ਕਮਾਲੂ ,ਪਿਰਮਲ ਸਿੰਘ ਖਾਲਸਾ ਵਿਧਾਇਕ ਹਲਕਾ ਭਦੌੜ, ਭਰਪੂਰ ਸਿੰਘ ਚਚੋਹਰ, ਗੁਰਦੀਪ ਸਿੰਘ ਗਿੱਲ, ਰੇਸ਼ਮ ਸਿੰਘ ਪ੍ਰਧਾਨ ਟਰੱਕ ਯੂਨੀਅਨ ਮੋੜ, ਰਾਜਵਿੰਦਰ ਸਿੰਘ ਰਾਮਪੁਰਾ, ਪ੍ਰਮਜੀਤ ਸਿੰਘ ਨੱਤ ਰਾਮਪੁਰਾ, ਜਗਜੀਤ ਸਿੰਘ ਰਾਮਪੁਰਾ, ਬਲਜੀਤ ਸਿੰਘ ਖੋਖਰ, ਰਣਜੀਤ ਸਿੰਘ ਜਿਉਂਦ ਅਤੇ ਭਜਨ ਸਿੰਘ ਚੋਟੀਆਂ ਆਦਿ ਹਾਜ਼ਰ ਸਨ।

Send this to a friend