ਪੁਲਿਸ ਵੱਲੋਂ ਦੋਸ਼ੀ ਹਿਜ਼ਬੁਲ ਮੁਜਾਹਿਦੀਨ ਦਾ ਕਮਾਂਡਰ ਗ੍ਰਿਫ਼ਤਾਰ ਕਰਨ ਦਾ ਦਾਅਵਾ
ਜੰਮੂ, 7 ਮਾਰਚ- ਵੀਰਵਾਰ ਸਵੇਰੇ ਜੰਮੂ ਦੇ ਬਸ ਸਟੈਂਡ ਵਿਚ ਅਤਵਾਦੀਆਂ ਵਲੋਂ ਗ੍ਰਨੇਡ ਧਮਾਕਾ ਕੀਤਾ ਗਿਆ। ਇਸ ਮਾਮਲੇ ‘ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜੰਮੂ ਤੇ ਕਸ਼ਮੀਰ ਦੇ ਪੁਲਿਸ ਮੁਖੀ ਦਿਲਬਾਗ਼ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਧਮਾਕੇ ਵਿਚ ਹੁਣ ਤੱਕ ਇਕ ਵਿਅਕਤੀ ਦੀ ਮੌਤ ਹੋ ਚੁਕੀ ਹੈ ਤੇ 32 ਜਣੇ ਜ਼ਖ਼ਮੀ ਹਨ। ਇਸ ਘਟਨਾ ਮਗਰੋਂ ਪੰਜਾਬ ਲੁਧਿਆਣਾ ਦੇ ਕਈ ਰੇਲਵੇ ਸਟੇਸ਼ਨ ਤੇ ਬਸ ਅਡਿਆਂ ਨੂੰ ਅਲਰਟ ‘ਤੇ ਰਖਿਆ ਗਿਆ ਹੈ। ਸੂਤਰਾਂ ਅਨੁਸਾਰ ਇਸ ਹਮਲੇ ਦੇ ਦੋਸ਼ ‘ਚ ਹਿਜ਼ਬੁਲ ਕਮਾਂਡਰ ਯਾਸਿਰ ਜਾਵੇਦ ਭਟ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜੰਮੂ ਪੁਲਿਸ ਦਾ ਕਹਿਣਾ ਹੈ ਕਿ ਯਾਸਿਰ ਨੇ ਆਪਣਾ ਦੋਸ਼ ਕਬੂਲ ਲਿਆ ਹੈ। ਜ਼ਿਕਰ-ਏ-ਖ਼ਾਸ ਹੈ ਕਿ ਪੁਲਵਾਮਾ ਤੋਂ ਬਾਅਦ ਅਤਵਾਦੀਆਂ ਨੇ ਵੀਰਵਾਰ ਨੂੰ ਫਿਰ ਜੰਮੂ ਨੂੰ ਦਹਿਲਾਉਣ ਦੀ ਕੋਸ਼ਿਸ਼ ਕੀਤੀ। ਮੰਨਿਆ ਜਾ ਰਿਹਾ ਹੈ ਕਿ ਨਿਸ਼ਾਨਾ ਖੁੰਝਣ ਕਰਕੇ ਵਡੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ। ਅਤਵਾਦੀਆਂ ਨੇ ਗ੍ਰਨੇਡ ਸੁਟਿਆ ਪਰ ਉਹ ਇਕ ਬਸ ਹੇਠ ਫਟ ਗਿਆ।ਇਸ
ਨਾਲ ਨੇੜਲੀਆਂ ਬਸਾਂ ਵੀ ਲਪੇਟ ਵਿਚ ਆ ਗਈਆਂ। ਧਮਾਕੇ ਵਿਚ ਪੰਜਾਬ ਦੀ ਪਨਬਸ ਦੇ ਵੀ ਸ਼ੀਸ਼ੇ ਟੁਟ ਗਏ। ਧਮਾਕੇ ਮਗਰੋਂ ਪੂਰੇ ਇਲਾਕੇ ਵਿਚ ਦਹਿਸ਼ਤ ਫੈਲ ਗਈ। ਮ੍ਰਿਤਕ ਦੀ ਪਛਾਣ ਹਰਿਦੁਆਰ ਦੇ ਰਹਿਣ ਵਾਲੇ 17 ਸਾਲਾ ਮੁਹੰਮਦ ਸ਼ਰੀਕ ਵਜੋਂ ਹੋਈ ਹੈ।