May 15, 2026 9:07 am

ਲੋਕ ਸਭਾ ਚੋਣਾਂ ਦੇ ਸਬੰਧ ’ਚ ਡਿਪਟੀ ਕਮਿਸ਼ਨਰ ਬਠਿੰਡਾ ਨੇ ਅਧਿਕਾਰੀਆਂ ਨਾਲ ਕੀਤੀ ਅਹਿਮ ਮੀਟਿੰਗ

ਬਠਿੰਡਾ, 6 ਮਾਰਚ (ਕੁਲਜੀਤ ਸਿੰਘ ਢੀਂਗਰਾ)- ਆਉਣ ਵਾਲੀਆਂ ਲੋਕ ਸਭਾ ਚੋਣਾਂ 2019 ਦੀਆਂ ਅਗੇਤੀ ਤਿਆਰੀਆਂ ਨੂੰ ਲੈ ਕੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਪ੍ਰਨੀਤ ਨੇ ਅਧਿਕਾਰੀਆਂ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਠਿੰਡਾ ਦੇ ਡੀਸੀ ਮੀਟਿੰਗ ਹਾਲ ਵਿਚ ਮੀਟਿੰਗ ਕੀਤੀ। ਉਨ੍ਹਾਂ ਲੋਕ ਸਭਾ ਦੀਆਂ ਚੋਣਾਂ ਨੂੰ ਸ਼ਾਂਤੀ ਪੂਰਵਕ ਢੰਗ ਨਾਲ ਨੇਪਰੇ ਚਾੜ੍ਹਨ ਲਈ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਭਾਰਤ ਦੀ ਤਰਫੋਂ ਸਮੇਂ-ਸਮੇਂ ’ਤੇ ਪ੍ਰਾਪਤ ਹੋਣ ਵਾਲੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨੇ ਆਦਰਸ਼ ਚੋਣ ਜ਼ਾਬਤਾ ਲਾਗੂ ਹੁੰਦੇ ਸਾਰ ਹੀ ਚੋਣ ਅਮਲੇ ਵਲੋਂ ਧਿਆਨ ਵਿਚ ਰੱਖਣ ਵਾਲੇ ਦਿਸ਼ਾ-ਨਿਰਦੇਸ਼ਾਂ ਬਾਰੇ ਵੀ ਵਿਸਥਾਰ ਵਿੱਚ ਦੱਸਿਆ ਅਤੇ ਵੱਖ-ਵੱਖ ਐਕਟਾਂ ਦੀ ਪਾਲਣਾ ਦੇ ਵੀ ਆਦੇਸ਼ ਦਿੱਤੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਉਮੀਦਵਾਰਾਂ ਦੁਆਰਾ ਨਾਮਜ਼ਦਗੀ ਪੱਤਰ ਦਾਇਰ ਕਰਨ ਤੋਂ ਨਤੀਜੇ ਆਉਣ ਤੱਕ ਸਾਰੇ ਚੋਣ ਅਮਲੇ ਲਈ ਨਿਰਧਾਰਿਤ ਜ਼ਿੰਮੇਵਾਰੀਆਂ ਦੀ ਵੀ ਜਾਣਕਾਰੀ ਦਿੱਤੀ। ਵਧੀਕ ਡਿਪਟੀ ਕਮਿਸ਼ਨਰ ਜਨਰਲ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਸੀ-ਵੀਜਿਲ ਮੋਬਾਈਲ ਐਪ ਤਿਆਰ ਕੀਤੀ ਗਈ ਹੈ, ਜਿਸ ਰਾਹੀਂ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਕੋਈ ਵੀ ਵਿਅਕਤੀ ਆਪਣੀ ਸ਼ਿਕਾਇਤ ਆਨਲਾਈਨ ਦਰਜ ਕਰਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਐਪ ਰਾਹੀਂ ਜਦੋਂ ਸ਼ਿਕਾਇਤਾਂ ਪ੍ਰਾਪਤ ਹੁੰਦੀਆਂ ਹਨ ਤਾਂ 100 ਮਿੰਟਾਂ ਦੇ ਅੰਦਰ-ਅੰਦਰ ਉਸ ਸ਼ਿਕਾਇਤ ਦਾ ਨਿਪਟਾਰਾ ਯਕੀਨੀ ਬਣਾਇਆ ਜਾਵੇ। ਇਸ ਤੋਂ ਇਲਾਵਾ ਕਿਸੇ ਹੋਰ ਸਾਧਨ ਰਾਹੀਂ ਜੇਕਰ ਸ਼ਿਕਾਇਤਾਂ ਪ੍ਰਾਪਤ ਹੁੰਦੀਆਂ ਹਨ, ਤਾਂ ਉਨ੍ਹਾਂ ਦਾ ਨਿਪਟਾਰਾ ਵੀ ਨਿਰਧਾਰਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਚੋਣਾਂ ਦੌਰਾਨ ਨਸ਼ਿਆਂ ਦੀ ਵਿਕਰੀ ਅਤੇ ਵਰਤੋਂ ’ਤੇ ਰੋਕ ਲਗਾਉਣ ਲਈ ਸਿਹਤ ਵਿਭਾਗ ਮੈਡੀਕਲ ਸਟੋਰਾਂ ਦੀ ਨਿਯਮਤ ਜਾਂਚ ਨੂੰ ਯਕੀਨੀ ਬਣਾਏਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸੁਖਪ੍ਰੀਤ ਸਿੰਘ ਸਿੱਧੂ, ਐਸ.ਡੀ.ਐਮ ਖੁਸ਼ਦਿਲ ਸਿੰਘ, ਐਸ.ਡੀ.ਐਮ. ਬਬਨਦੀਪ ਸਿੰਘ ਵਾਲੀਆ, ਐਸ.ਡੀ.ਐਮ. ਵਰਿੰਦਰ ਸਿੰਘ, ਤਹਿਸੀਲਦਾਰ ਚੋਣਾਂ ਭਾਰਤ ਭੂਸ਼ਣ, ਪੁਲਿਸ ਵਿਭਾਗ ਦੇ ਅਧਿਕਾਰੀ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।

Send this to a friend