May 14, 2026 7:34 pm

ਵਤਨ ਵਾਪਸੀ ’ਤੇ ਵਿੰਗ ਕਮਾਂਡਰ ਅਭਿਨੰਦਨ ਦਾ ਗਰਮਜੋਸ਼ੀ ਨਾਲ ਸਵਾਗਤ

ਅੰਮ੍ਰਿਤਸਰ, 1 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਦਨ ਨੂੰ ਪਾਕਿਸਤਾਨ ਨੇ ਅਟਾਰੀ–ਵਾਘਾ ਸਰਹਦ ਦੁਆਰਾ ਭਾਰਤ ਨੂੰ ਸੌਂਪ ਦਿਤਾ ਹੈ। ਅਭਿਨੰਦਨ ਨੂੰ ਪਾਕਿਸਤਾਨ ਦੀ ਆਰਮੀ ਅਤੇ ਹੋਰ ਸੀਨੀਅਰ ਅਧਿਕਾਰੀ ਸਰਹਦ ‘ਤੇ ਲੈ ਕੇ ਪੁਜੇ।ਜਿਸ ਤੋਂ ਬਾਅਦ ਭਾਰਤੀ ਪਾਇਲਟ ਨੂੰ ਭਾਰਤ ਹਵਾਲੇ ਕਰਨ ਲਈ ਕੁਝ ਨਿਯਮਾਂ ਅਤੇ ਰਵਾਇਤਾਂ ਦੀ ਪਾਲਣਾ ਕਰਦਿਆਂ ਭਾਰਤੀ ਅਧਿਕਾਰੀਆਂ ਨੂੰ ਸੌਂਪ ਦਿਤਾ। ਭਾਰਤੀ ਪਾਇਲਟ ਨੂੰ ਲੈਣ ਲਈ ਭਾਰਤੀ ਏਅਰ ਫ਼ੋਰਸ ਅਤੇ ਹੋਰ ਅਧਿਕਾਰੀ ਮੌਕੇ ਪੁਜੇ। ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਵਿੰਗ ਕਮਾਂਡਰ ਅਭਿਨੰਦਨ ਨੂੰ ਦੋਨਾਂ ਮੁਲਕਾਂ ਵਿਚਾਲੇ ਸ਼ਾਂਤੀ ਸਥਾਪਤ ਕੀਤੇ ਜਾਣ ਖਾਤਰ ਛਡਣ ਦਾ ਵੀਰਵਾਰ ਨੂੰ ਐਲਾਨ ਕੀਤਾ ਸੀ। ਇਸ ਐਲਾਨ ਤੋਂ ਕੁਝ ਘੰਟੇ ਪਹਿਲਾਂ ਭਾਰਤ ਨੇ ਪਾਕਿਸਤਾਨ ਨੂੰ ਬਿਨਾਂ ਕਿਸੇ ਸ਼ਰਤ ਦੇ ਰਿਹਾਅ ਕਰਨ ਦਾ ਸਖ਼ਤ ਸੰਦੇਸ਼ ਦਿਤਾ ਸੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸੰਸਦ ਦੇ ਇਕ ਸਾਂਝੇ ਇਜਲਾਸ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਸੀ ਕਿ ਭਾਰਤੀ ਹਵਾਈ ਫ਼ੌਜ ਦੇ ਫੜੇ ਗਏ ਪਾਇਲਟ ਅਭਿਨੰਦਨ ਨੂੰ ਰਿਹਾ ਕੀਤਾ ਜਾਵੇਗਾ। ਦੂਜੇ ਪਾਸੇ ਭਾਰਤ ਪਾਕਿਸਤਾਨ ਨਾਲ ਗਲਬਾਤ ਕਰਨ ਦੇ ਰੁਖ ‘ਚ ਨਜ਼ਰ ਨਹੀਂ ਆ ਰਿਹਾ।ਭਾਰਤ ਨੇ ਸਖ਼ਤ ਸ਼ਬਦਾਂ ‘ਚ ਕਿਹਾ ਹੈ ਕਿ ਪਾਕਿਸਤਾਨ ਪਹਿਲਾਂ ਅਤਵਾਦ ‘ਤੇ ਸਖ਼ਤ ਕਾਰਵਾਈ ਕਰੇ।

Send this to a friend