May 14, 2026 4:45 pm

ਹੁਕਮਰਾਨਾਂ ਨੂੰ ਸਮਝ ਤੋਂ ਕੰਮ ਲੈਣ ਦੀ ਲੋੜ

ਭਾਰਤ ਅਤੇ ਪਾਕਿਸਤਾਨ ਦਾ ਆਪਸੀ ਤਣਾਅ ਸਿਖਰਾਂ ‘ਤੇ ਹੈ । ਦੋਵਾਂ ਦੇਸ਼ਾਂ ਦੇ ਸਿਰ ‘ਤੇ ਜੰਗ ਦੇ ਬਦਲ ਮੰਡਰਾ ਰਹੇ ਹਨ । ਖਾਸ ਤੌਰ ਤੇ ਮੀਡੀਆ ਵਲੋਂ ਤੜਕਾ ਲਾ ਲਾ ਕੇ ਅਜਿਹੀਆਂ ਖ਼ਬਰਾਂ ਪਰੋਸੀਆਂ ਜਾ ਰਹੀਆਂ ਹਨ ਜੋ ਯੁਧ ਨੂੰ ਉਤਸ਼ਾਹਤ ਕਰ ਰਹੀਆਂ ਹਨ । ਲੋਕਤੰਤਰ ਦਾ ਚੌਥਾ ਥੰਮ ਹੋਣ ਕਰਕੇ ਮੀਡੀਆ ਦਾ ਰੋਲ ਸਮਾਜਮੁਖੀ ਹੋਣਾ ਜ਼ਰੂਰੀ ਹੁੰਦਾ ਹੈ ਵਿਨਾਸ਼ਕਾਰੀ ਨਹੀਂ ਹੋਣਾ ਚਾਹੀਦਾ ।ਜੇਕਰ ਅਸੀਂ ਇਤਿਹਾਸਕ ਪਿਛੋਕੜ ਚ ਝਾਤ ਮਾਰੀਏ ਤਾਂ 1947 ‘ਚ ਭਾਰਤ-ਪਾਕਿ ਵੰਡ ਹੋਣ ਤੋਂ ਬਾਅਦ ਕਦੇ ਵੀ ਦੋਵਾਂ ਦੇਸ਼ਾਂ ਦੇ ਸਬੰਧ ਸੁਖਾਵੇਂ ਨਹੀਂ ਰਹੇ । ਹਾਂ ਇੰਨਾ ਜ਼ਰੂਰ ਹੈ ਕਿ ਭਾਰਤ ਨੇ ਲੰਬੇ ਸਮੇਂ ਚ ਅੰਤਰਰਾਸ਼ਟਰੀ ਪਧਰ ਪਧਰ ਤੇ ਆਪਣਾ ਸਾਫ ਅਕਸ ਬਣਾਇਆ ਹੈ ।ਭਾਰਤ ਦੁਨੀਆ ਦਾ ਵਡਾ ਲੋਕਤੰਤਰੀ ਦੇਸ਼ ਹੈ। ਹਰ ਪੰਜ ਸਾਲ ਬਾਅਦ ਦੇਸ਼ ਅਤੇ ਸੂਬੇ ਅੰਦਰ ਵੋਟਾਂ ਨਾਲ ਸਰਕਾਰਾਂ ਚੁਣੀਆਂ ਜਾਂਦੀਆਂ ਹਨ । ਭਾਰਤ ਨੇ ਸੰਸਦੀ ਸ਼ਾਸਨ ਪ੍ਰਣਾਲੀ ਦਾ ਵਧੀਆ ਨਮੂਨਾ ਦੁਨੀਆਂ ਅਗੇ ਪੇਸ਼ ਕੀਤਾ ਹੈ ਅਤੇ ਇਸ ਦੀਆਂ ਅਮੀਰ ਪਰੰਪਰਾਵਾਂ ਹਨ । ਦੂਸਰੇ ਪਾਸੇ ਪਾਕਿਸਤਾਨ ਵਿਚ ਲੰਬਾ ਸਮਾਂ ਫੌਜੀ ਹਕੂਮਤ ਰਹੀ ਹੋਣ ਕਰਕੇ ਅਰਾਜਕਤਾ ਵਾਲਾ ਮਾਹੌਲ ਹੈ । ਵਖ ਵਖ ਸਮੇਂ ਰਹੇ ਤਾਨਾਸ਼ਾਹੀ ਸ਼ਾਸਕਾਂ ਦੀਆਂ ਗ਼ਲਤ ਨੀਤੀਆਂ ਨੇ ਪਾਕਿਸਤਾਨ ਨੂੰ ਹੋਰ ਡੂੰਘੇ ਸੰਕਟ ਵਲ ਧਕਿਆ ਹੈ ।ਪਾਕਿਸਤਾਨ ਦੀ ਹਕੂਮਤ ਦੀ ਵਾਂਗਡੋਰ ਇਮਰਾਨ ਖਾਨ ਦੇ ਹਥ ਹੋਣ ਤੋਂ ਬਾਅਦ ਕਾਫੀ ਉਮੀਦਾਂ ਸਨ ਕਿ ਉਹ ਕ੍ਰਿਕਟ ਦਾ ਅੰਤਰਰਾਸ਼ਟਰੀ ਖਿਡਾਰੀ ਹੋਣ ਕਰਕੇ ਨਿਯਮਾਂ ਵਾਲਾ ਪ੍ਰਬੰਧ ਚਲਾਵੇਗਾ ਅਤੇ ਪਾਕਿਸਤਾਨ ਦੀ ਧਰਤੀ ਤੋਂ ਅਤਵਾਦ ਦਾ ਖਤਮ ਕਰੇਗਾ । ਪਰ ਪਾਕਿਸਤਾਨ ਵਿਚ ਹੋ ਰਹੀ ਤੋੜ-ਫੋੜ, ਬੰਬ-ਧਮਾਕੇ ਅਤੇ ਅਤਵਾਦੀ ਹਮਲਿਆਂ ਨੇ ਇਹ ਦਰਸਾ ਦਿਤਾ ਹੈ ਕਿ ਪਾਕਿਸਤਾਨ ਦਾ ਅਮਨ ਪਸੰਦ ਦੇਸ਼ ਬਣਨਾ ਅਜੇ ਬਹੁਤ ਦੂਰ ਦੀ ਗਲ ਹੈ ।ਜੇਕਰ ਅਸੀਂ ਯੁਧ ਦੇ ਕਾਰਨਾਂ ਤੇ ਨਿਗਾਹ ਮਾਰੀਏ ਤਾਂ ਮੋਟੇ ਤੌਰ ਤੇ ਸਾਮਰਾਜਵਾਦ ਰਾਸ਼ਟਰਵਾਦ , ਗੁਆਂਢੀ ਛੋਟੇ ਦੇਸ਼ਾਂ ਦੇ ਆਰਥਿਕ ਸਾਧਨਾਂ ਦੀ ਲੁਟ ਅਤੇ ਦੂਸਰੇ ਦੇਸ਼ ਦੀ ਪ੍ਰਭੂਸਤਾ ਵਿਚ ਗ਼ੈਰ-ਜ਼ਰੂਰੀ ਦਖ਼ਲ ਦੇਣਾ ਆਦਿ ਕਾਰਨ ਸਾਹਮਣੇ ਆਉਂਦੇ ਹਨ । ਅਮੀਰ ਅਤੇ ਵਿਕਸਤ ਦੇਸ਼ਾਂ ਵਲੋਂ ਆਪਣੇ ਤਿਆਰ ਮਾਲ ਨੂੰ ਵੇਚਣ ਲਈ ਨਵੀਆਂ ਮੰਡੀਆਂ ਦੀ ਭਾਲ ਲਈ ਕਬਜ਼ਾਕਾਰੀ ਭਾਵਨਾ ਤਹਿਤ ਦੂਸਰੇ ਦੇਸ਼ਾਂ ਵਿਚ ਅਸਿਧੇ ਤਰੀਕੇ ਨਾਲ ਆਪਣੇ ਪੈਰ ਪਸਾਰੇ ਜਾਂਦੇ ਹਨ । ਜੇਕਰ ਅਸੀਂ ਰਾਸ਼ਟਰਵਾਦ ਦੀ ਗਲ ਕਰੀਏ ਤਾਂ ਇਹ ਹੋਣਾ ਚਾਹੀਦਾ ਹੈ ਕਿਉਂਕਿ ਇਸ ਵਿਚ ਗੌਰਵ ਝਲਕਦਾ ਹੈ ।ਜੇਕਰ ਕੋਈ ਦੇਸ਼ ਦੂਜੇ ਦੇਸ਼ ਦੀ ਏਕਤਾ ਅਤੇ ਅਖੰਡਤਾ ਵਿਚ ਦਰਾੜ ਪਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਟ ਦਾ ਜਵਾਬ ਪਥਰ ਨਾਲ ਦੇਣਾ ਲਾਜ਼ਮੀ ਹੁੰਦਾ ਹੈ । ਆਪਸੀ ਸ਼ਾਂਤੀ ਅਤੇ ਵਿਆਪਕ ਖੁਸ਼ਹਾਲੀ ਲਈ ਸਾਡੇ ਅੰਦਰ ਰਾਸ਼ਟਰਵਾਦ ਦਾ ਸਕਾਰਾਤਮਕ ਪਖ ਹੋਣਾ ਜ਼ਰੂਰੀ ਹੈ । ਅੰਤਰਰਾਸ਼ਟਰੀ ਪਧਰ ਤੇ ਹੋਈਆਂ ਸੰਧੀਆਂ ਦੀ ਉਲੰਘਣਾ ਕਰ ਗੁਆਂਢੀ ਦੇਸ਼ਾਂ ਚ ਹਿਸਾ ਭੁਲਾ ਕੇ ਉਨ੍ਹਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ । ਇਨ੍ਹਾਂ ਕਾਰਨਾਂ ਤੋਂ ਬਿਨਾਂ ਕਈ ਵਾਰੀ ਕੋਈ ਤਤਕਾਲੀ ਮਸਲਾ ਵੀ ਲੜਾਈ ਦਾ ਕਾਰਨ ਬਣ ਜਾਂਦਾ ਹੈ ।ਜਿਵੇਂ ਕਿ ਭਾਰਤ-ਪਾਕਿ ਦੇ ਤਾਜ਼ਾ ਘਟਨਾਕ੍ਰਮ ‘ਚ ਪੁਲਵਾਮਾ ਹਮਲਾ ਭਾਰਤੀਆਂ ਅੰਦਰ ਰੋਸ ਦਾ ਕਾਰਨ ਬਣ ਗਿਆ । ਸੜਕ ਤੇ ਤੁਰੇ ਜਾ ਰਹੇ ਬੇਕਸੂਰ 42 ਸੈਨਿਕਾਂ ਨੂੰ ਫਿਦਾਈਨ ਹਮਲਾ ਕਰਕੇ ਮਾਰ ਦੇਣਾ ਬਹੁਤ ਕਾਇਰਤਾ ਵਾਲਾ ਕੰਮ ਸੀ । ਇਸ ਘਟਨਾ ਤੋਂ ਬਾਅਦ ਸਾਰੇ ਦੇਸ਼ ਵਿਚ ਪਾਕਿਸਤਾਨ ਖ਼ਿਲਾਫ਼ ਵਿਦਰੋਹ ਦੀ ਜਵਾਲਾ ਭੜਕ ਪਈ । ਸਰਕਾਰ ਲਈ ਵੀ ਚੁਣੌਤੀ ਵਾਲਾ ਕੰਮ ਸੀ ਕਿ ਇਸ ਕੰਮ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਭਾਜੀ ਪਾਈ ਜਾਵੇ । ਭਾਰਤ ਵਲੋਂ ਤੜਕਸਾਰ ਸਰਜੀਕਲ ਹਮਲਾ ਕਰਕੇ ਜੈਸ਼-ਏ- ਮੁਹੰਮਦ ਅਤਵਾਦੀ ਸਿਖਲਾਈ ਕੇਂਦਰਾਂ ਨੂੰ ਫਨਾਹ ਕਰਨ ਤੋਂ ਇਲਾਵਾ 300 ਦਹਿਸ਼ਤਗਰਦਾਂ ਨੂੰ ਢੇਰ ਕਰਨ ਦਾ ਦਾਅਵਾ ਕੀਤਾ ਗਿਆ । ਦੂਸਰੇ ਪਾਸੇ ਪਾਕਿਸਤਾਨ ਵਲੋਂ ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਆਨੰਦੀਬੇਨ ਨੂੰ ਬੰਦੀ ਬਣਾ ਲਿਆ ਗਿਆ । ਯੁਧ ਦੀ ਸ਼ੁਰੂਆਤ ਹੋ ਚੁਕੀ ਹੈ । ਵੈਸੇ ਵੀ ਜਦੋਂ ਕਿਸੇ ਦੇਸ਼ ਦੀਆਂ ਸਰਕਾਰਾਂ ਸ਼ਾਂਤੀ ਦੀ ਬਜਾਏ ਐਟਮੀ ਹਥਿਆਰਾਂ ਤੇ ਫੌਜੀ ਸ਼ਕਤੀ ਦੀਆਂ ਗਲਾਂ ਕਰਨ ਲਗ ਜਾਣ ਤਾਂ ਤੋਂ ਸਮਝ ਲੈਣਾ ਚਾਹੀਦਾ ਹੈ ਕਿ ਲੜਾਈ ਨੇੜੇ ਹੀ ਹੈ । ਲੜਾਈ ਜੋਸ਼ ਦਾ ਨਾਂ ਹੈ ।ਡੌਲੇ ਫਰਕਦੇ ਹਨ ।ਗੋਲਾ ਬਰੂਦ ਤੋਪਾਂ ਚਲਦੀਆਂ ਹਨ। ਖੂਨ ਵਹਿੰਦਾ ਹੈ । ਕਿੰਨੀਆਂ ਹੀ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ। ਯੁਧ ਇਕ ਸੀਮਤ ਸਮੇਂ ਲਈ ਹੁੰਦਾ ਹੈ ਪਰ ਜੰਗ ਦੀ ਤਬਾਹੀ ਦਾ ਨਰਕ ਲੰਬਾ ਸਮਾਂ ਭੋਗਣਾ ਪੈਂਦਾ ਹੈ। ਜਦੋਂ ਵੀ ਕਿਸੇ ਸੈਨਿਕ ਦੀ ਮੌਤ ਹੁੰਦੀ ਹੈ ਤਾਂ ਉਸ ਦੇ ਪਰਿਵਾਰ ਦੇ ਨੇੜਲਿਆਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪੈਂਦਾ ਹੈ । ਫੌਜੀ ਚਲੇ ਜਾਂਦੇ ਹਨ ਪਰ ਪਿਛੋਂ ਉਨ੍ਹਾਂ ਦੇ ਪਰਿਵਾਰਾਂ ਵਿਚ ਵਡਾ ਖਲਾਅ ਪੈਦਾ ਹੋ ਜਾਂਦਾ ਹੈ ਜੋ ਕਦੇ ਵੀ ਭਰਿਆ ਨਹੀਂ ਜਾਂਦਾ।ਜ਼ਖ਼ਮ ਹਮੇਸ਼ਾਂ ਅਲੇ ਰਹਿੰਦੇ ਹਨ ਤੇ ਦਰਦ ਵੀ ਹਰਾ ਰਹਿੰਦਾ ਹੈ ।ਜ਼ਖ਼ਮੀ ਹੋਏ ਸੈਨਿਕ ਵੀ ਜ਼ਿੰਦਗੀ ਮਾਨਣ ਤੋਂ ਵਾਂਝੇ ਹੋ ਜਾਂਦੇ ਹਨ । ਉਨ੍ਹਾਂ ਦੇ ਕੀਮਤੀ ਅੰਗ ਚਲੇ ਜਾਂਦੇ ਹਨ । ਉਹ ਤੁਰਨ ਤੋਂ ਨਕਾਰਾ ਹੋ ਜਾਂਦੇ ਹਨ ਜਾਂ ਮਨੋਰੋਗਾਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ ।ਇਸ ਤੋਂ ਬਿਨਾਂ ਯੁਧ ਦੀ ਤਿਆਰੀ ਲਈ ਜੋ ਖਰਚ ਕੀਤਾ ਜਾਂਦਾ ਹੈ ਉਸ ਨਾਲ ਵਡੇ ਪਧਰ ਤੇ ਜਨ ਕਲਿਆਣ ਕੀਤਾ ਜਾ ਸਕਦਾ ਹੈ ।ਸਕੂਲ ,ਹਸਪਤਾਲ ਉਸਾਰੇ ਜਾ ਸਕਦੇ ਹਨ । ਯੁਧ ਸਮੇਂ ਵੀ ਬਹੁਤ ਖਰਚ ਹੁੰਦਾ ਹੈ ਜਿਸ ਦੀ ਭਰਪਾਈ ਲੰਬਾ ਸਮਾਂ ਨਹੀਂ ਹੋ ਸਕਦੀ ।ਭਾਰਤ , ਖਾਸ ਕਰਕੇ ਪਾਕਿਸਤਾਨ ਵਰਗੇ ਦੇਸ਼ ਨੂੰ ਜਿਥੋਂ ਦੇ ਨਾਗਰਿਕ ਮੁਢਲੀਆਂ ਸਹੂਲਤਾਂ ਨੂੰ ਤਰਸ ਰਹੇ ਹਨ ਲਈ ਯੁਧ ਹੋਰ ਵੀ ਮਾਰੂ ਸਾਬਤ ਹੁੰਦਾ ਹੈ । ਐਟਮੀ ਲੜਾਈ ਤਾਂ ਹੋਰ ਵੀ ਮਾਰੂ ਹੈ ਜਾਪਾਨ ਦੇ ਹੀਰੋਸ਼ਿਮਾ ਅਤੇ ਨਾਗਾਸਾਕੀ ਵਿਖੇ ਸੁਟੇ ਗਏ ਬੰਬਾਂ ਦੀ ਚੀਸ ਅਜ ਵੀ ਹਰੀ ਹੈ। ਐਟਮੀ ਲੜਾਈ ਵਿਨਾਸ਼ ਦਾ ਮੰਜ਼ਰ ਹੈ ।ਕੈਂਸਰ ਦੀ ਜਨਮ ਦਾਤੀ ਹੈ। ਪ੍ਰਮਾਣੂ ਨੇ ਹਰਿਆਲੀ ਅਤੇ ਬਨਸਪਤੀ ਹੜਪ ਜਾਣੀ ਹੈ ।ਧਰਤੀ ਨੂੰ ਵੀਰਾਨ ਕਰ ਦੇਣਾ ਹੈ। ਵਿਸ਼ਵ ਪਧਰ ਤੇ ਲੜਾਈ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਉਸ ਨਿਕੇ ਤੋਂ ਨਿਕੇ ਯਤਨ ਨੂੰ ਵੀ ਅਗੇ ਵਧਾਉਣਾ ਚਾਹੀਦਾ ਹੈ ਜੋ ਯੁਧ ਰੋਕਣ ਲਈ ਸਹਾਇਕ ਹੋਵੇ । ਵਿਕਸਤ ਮੁਲਕਾਂ ਦੀ ਗਲ ਕਰੀਏ ਤਾਂ ਉਹ ਬੀਤੇ ਲੰਬੇ ਸਮੇਂ ਤੋਂ ਸ਼ਾਂਤ ਚਲ ਰਹੇ ਹਨ । ਉਨ੍ਹਾਂ ਦੇ ਬਾਰਡਰ ਇਕ ਦੂਜੇ ਦੇਸ਼ਾਂ ਲਈ ਖੁਲ੍ਹੇ ਹਨ। ਉਹ ਦਿਨੋੰ ਦਿਨ ਆਰਥਿਕ ਤਰਕੀ ਦੀਆਂ ਸਿਖ਼ਰਾਂ ਛੂਹ ਰਹੇ ਹਨ ਤੇ ਉਨ੍ਹਾਂ ਦੇ ਡਾਲਰ ਦੀ ਕੀਮਤ ਦਿਨੋਂ ਦਿਨ ਭਾਰੀ ਹੁੰਦੀ ਜਾ ਰਹੀ ਹੈ । ਦੂਜੇ ਪਾਸੇ ਅਸੀਂ ਅਫਗਾਨਿਸਤਾਨ ਦੀ ਗਲ ਕਰੀਏ ਤਾਂ ਉਥੋਂ ਦੇ ਲੋਕ ਕਿਤਾਬ ਪੜ੍ਹਨ ਦੀ ਬਜਾਏ ਗਲ ਵਿਚ ਦੋ ਦੋ ਬੰਦੂਕਾਂ ਪਾ ਕੇ ਚਲਣਾ ਫ਼ਖਰ ਸਮਝਦੇ ਹਨ । ਉਹ ਪੜ੍ਹਨਾ ਤੇ ਝੁਕਣਾ ਨਹੀਂ ਜਾਣਦੇ, ਸਮਝੌਤਾ ਕਰਨਾ ਉਸ ਦੇ ਸੁਭਾਅ ਦਾ ਹਿਸਾ ਨਹੀਂ। ਅਫਗਾਨਿਸਤਾਨ ਦੇ ਕੁਦਰਤੀ ਵਸੀਲਿਆਂ ਦੇ ਨਾਲ ਭਰਪੂਰ ਹੋਣ ਦੇ ਬਾਵਜੂਦ ਵੀ ਉਥੇ ਗਰੀਬੀ ਤੇ ਭੁਖਮਰੀ ਦਾ ਪ੍ਰਕੋਪ ਹੈ ।ਇਸ ਦੇਸ਼ ਨੂੰ ਕਦੇ ਰੂਸ ਨੇ ਤੇ ਕਦੇ ਅਮਰੀਕਾ ਨੇ ਲੁਟਿਆ। ਲੋਕ ਸਿਖਿਆ ਸਿਹਤ ਜਿਹੀਆਂ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ ।ਯੁਧ ਕਦੇ ਵੀ ਕਿਸੇ ਦੀ ਸਮਸਿਆ ਦਾ ਹਲ ਨਹੀਂ ਬਣਿਆ ਬਲਕਿ ਇਸ ਨੇ ਮਸਲਿਆਂ ਨੂੰ ਹੋਰ ਉਲਝਾਇਆ ਹੈ । ਭਾਵੇਂ ਅਸੀਂ ਆਪਣੀ ਭਾਰਤ ਮਾਤਾ ਲਈ ਖੂਨ ਦਾ ਕਤਰਾ ਕਤਰਾ ਵਹਾਉਣ ਲਈ ਤਿਆਰ ਹਾਂ , ਪਰ ਫੇਰ ਵੀ ਯੁਧ ਦੇ ਮਾਰੂ ਅਸਰਾਂ ਨੂੰ ਅਖੋਂ ਪਰੋਖੇ ਨਹੀਂ ਕਰ ਸਕਦੇ । ਅਮਨ ਪਸੰਦ ਲੋਕ ਡਰ ਰਹੇ ਹਨ ਕਿ ਅਗੇ ਕੀ ਬਣੇਗਾ । ਇਸ ਤਾਜ਼ਾ ਘਟਨਾਕ੍ਰਮ ਨੂੰ ਰਾਜਨੀਤੀ ਨਾਲ ਜੋੜ ਕੇ ਵੀ ਵੇਖਿਆ ਜਾ ਰਿਹਾ ਹੈ ਕਿ ਲੋਕ ਸਭਾ ਚੋਣਾਂ ਸਿਰ ਤੇ ਹਨ । ਪਰ ਦੇਸ਼ ਦੀ ਏਕਤਾ ਅਤੇ ਅਖੰਡਤਾ ਤੇ ਆਨ ਤੇ ਸ਼ਾਨ ਦੇ ਨਾਂ ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਦੇਸ਼ ਦੀ ਰਖਿਆ ਲਈ ਹਰ ਇਕ ਨਾਗਰਿਕ ਨੂੰ ਵਧ ਚੜ੍ਹ ਕੇ ਹਿਸਾ ਲੈਣਾ ਚਾਹੀਦਾ ਹੈ ਪਰ ਕੁਰਸੀਆਂ ਲਈ ਯੁਧ ਨਹੀਂ ਹੋਣਾ ਚਾਹੀਦਾ । ਭਾਰਤ ਬਹੁਤ ਸਾਰੀਆਂ ਸਮਸਿਆਵਾਂ ਨਾਲ ਜੂਝ ਕੇ ਵੀ ਅਗੇ ਵਧ ਰਿਹਾ ਹੈ ।ਸਾਡੇ ਨਾਗਰਿਕ ਸ਼ਾਂਤੀ ਚਾਹੁੰਦੇ ਹਨ ਤਾਂ ਕਿ ਉਹ ਸੁਰਖਿਅਤ ਮਾਹੌਲ ਵਿਚ ਜੀਵਨ ਬਸਰ ਕਰ ਸਕਣ ।ਇਸ ਲਈ ਪਾਕਿਸਤਾਨ ਨੂੰ ਵੀ ਚਾਹੀਦਾ ਹੈ ਕਿ ਭਾਰਤ ਦਹਿਸ਼ਤਗਰਦੀ ਫੈਲਾਉਣ ਦੀ ਕੋਸ਼ਿਸ਼ ਨਾ ਕਰੇ। ਭਾਵੇਂ ਭਾਰਤ ਅਮਨ ਪਸੰਦ ਦੇਸ਼ ਹੈ ਪਰ ਆਪਣੀਆਂ ਸਰਹਦਾਂ ਦੀ ਰਾਖੀ ਲਈ ਦੁਸ਼ਮਣ ਦੇ ਦੰਦ ਖਟੇ ਕਰਨ ਚੰਗੀ ਤਰ੍ਹਾਂ ਜਾਣਦਾ ਹੈ ਤੇ ਪਾਕਿਸਤਾਨ ਨੇ ਇਸ ਤੋਂ ਪਹਿਲਾਂ ਵੀ ਸਾਰੀਆਂ ਲੜਾਈਆਂ ਵਿਚ ਮੂੰਹ ਦੀ ਖਾਧੀ ਹੈ ਅਤੇ ਆਪਣਾ ਵਡਾ ਨੁਕਸਾਨ ਕਰਵਾਇਆ ਹੈ । ਇਸ ਲਈ ਪਾਕਿਸਤਾਨ ਦੇ ਹੁਕਮਰਾਨਾਂ ਨੂੰ ਚਾਹੀਦਾ ਹੈ ਕਿ ਉਹ ਭਾਰਤ ਨੂੰ ਆਪਣਾ ਵਡਾ ਭਰਾ ਸਮਝ ਕੇ ਇਜ਼ਤ ਮਾਣ ਦੇਣ ਅਤੇ ਪਾਕਿਸਤਾਨ ਦੇ ਮਥੇ ਤੇ ਅੰਤਰਰਾਸ਼ਟਰੀ ਪਧਰ ਤੇ ਅਤਵਾਦ ਦਾ ਸਰਗਨਾ ਹੋਣ ਦਾ ਲਗਿਆ ਕਲੰਕ ਹਟਾਉਣ ਲਈ ਯਤਨ ਕਰਨ । ਸਰਕਾਰਾਂ ਨੂੰ ਸਮਝ ਤੋਂ ਕੰਮ ਲੈ ਕੇ ਖਿਤੇ ਦੀ ਸ਼ਾਂਤੀ ਲਈ ਕੰਮ ਕਰਨਾ ਚਾਹੀਦਾ ਹੈ । ਅੰਤ ਵਿਚ ਯੁਧ ਨਾ ਹੋਣ ਲਈ ਪੰਜਾਬੀ ਦੇ ਉਘੇ ਸ਼ਹਿਰ ਬਲਜੀਤ ਪਾਲ ਝੰਡਾ ਕਲਾਂ ਦੀਆਂ ਇਹ ਲਾਈਨਾਂ ਕਾਫੀ ਵਡਾ ਸੁਨੇਹਾ ਦਿੰਦੀਆਂ ਹਨ –
ਜੰਗ ਨਾ ਲੱਗੇ ਪੁਤ ਮਰਨਗੇ
ਜੰਗ ਨਾ ਲਗੇ ਖੇਤ ਸੜ੍ਹਨਗੇ।

Send this to a friend