May 14, 2026 9:28 am

ਬਬਰ ਅਕਾਲੀਆਂ ਦੀ ਸ਼ਹਾਦਤ

ਆਜ਼ਾਦੀ ਸੰਗਰਾਮ ਦੇ ਇਤਿਹਾਸ ਵਿੱਚ ਅੱਜ ਦਾ ਦਿਨ ਖ਼ਾਸ ਮਹੱਤਵ ਵਾਲਾ ਹੈ। ਇਸ ਦਿਨ ਬਬਰ ਅਕਾਲੀ ਲਹਿਰ ਦੇ ਛੇ ਦੇਸ਼ ਭਗਤਾਂ ਨੂੰ ਲਾਹੌਰ ਦੀ ਸੈਂਟਰਲ ਜੇਲ੍ਹ ਵਿੱਚ ਇਕੱਠਿਆਂ ਫਾਂਸੀ ਲਾਇਆ ਗਿਆ ਸੀ। ਇਹ ਵੀ ਸੰਯੋਗਵੱਸ ਹੈ ਕਿ ਇੱਕ ਸਾਲ ਪਿੱਛੋਂ ਹੀ ਇਸੇ ਦਿਨ, ਉਹੀ ਤਰੀਕ ਉਸੇ ਜੇਲ੍ਹ ਵਿੱਚ ਛੇ ਹੋਰ ਬਬਰ ਦੇਸ਼ ਭਗਤਾਂ ਨੂੰ ਫਾਂਸੀ ਲਾਇਆ ਗਿਆ ਸੀ।
ਬਬਰ ਅਕਾਲੀ ਲਹਿਰ ਪੰਜਾਬ ਵਿੱਚ ਗ਼ਦਰ ਲਹਿਰ ਤੋਂ ਬਾਅਦ ਉਭਰੀ ਇੱਕ ਸ਼ਕਤੀਸ਼ਾਲੀ ਇਨਕਲਾਬੀ ਲਹਿਰ ਸੀ, ਜਿਸ ਨੇ ਅੰਗਰੇਜ਼ੀ ਰਾਜ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ ਸੀ। 20 ਫਰਵਰੀ 1921 ਨੂੰ ਅੰਗਰੇਜ਼ੀ ਹਕੂਮਤ ਦੀ ਸ਼ਹਿ ’ਤੇ ਮਹੰਤਾਂ ਵੱਲੋਂ ਨਨਕਾਣਾ ਸਾਹਿਬ ਵਿਖੇ ਕਰਵਾਇਆ ਗਿਆ ਦਰਦਨਾਕ ਸਾਕਾ ਅਤੇ ਗੁਰੂ ਕੇ ਬਾਗ਼ ਵਿੱਚ ਸਿੰਘਾਂ ਉਪਰ ਵਹਿਸ਼ੀ ਤਸ਼ੱਦਦ ਇਸ ਲਹਿਰ ਦੇ ਤਤਕਾਲੀ ਕਾਰਨ ਸਨ, ਜਿਸ ਨਾਲ ਅਣਖੀਲੇ ਸਿੰਘਾਂ ਵਿੱਚ ਰੋਹ ਦੀ ਜਵਾਲਾ ਭੜਕ ਉਠੀ ਸੀ।
ਮਾਸਟਰ ਮੋਤਾ ਸਿੰਘ ਤੇ ਜਥੇਦਾਰ ਕਿਸ਼ਨ ਸਿੰਘ ਗੜਗੱਜ ਇਸ ਲਹਿਰ ਦੇ ਬਾਨੀ ਸਨ। ਇਨ੍ਹਾਂ ਦੁਆਬੇ ਵਿੱਚ ਇਸ ਲਹਿਰ ਨੂੰ ਪ੍ਰਚੰਡ ਕੀਤਾ ਸੀ ਤੇ ਮੁਖ਼ਬਰਾਂ, ਸਫ਼ੈਦਪੋਸ਼ਾਂ ਅਤੇ ਜੈ ਦੀ ਮੌਤ ਦੀ ਘੰਟੀ ਵਜਾ ਦਿੱਤੀ ਸੀ। ਹੁਣ ਪੰਜਾਬ ਵਿੱਚ ਅਕਾਲੀ ਲਹਿਰ ਸ਼ਾਂਤਮਈ ਅਤੇ ਬਬਰ ਅਕਾਲੀ ਲਹਿਰ ਹਥਿਆਰਬੰਦ ਸੀ, ਜੋ ਬਰੋ-ਬਰਾਬਰ ਚੱਲੀਆਂ। ਅਸਲ ਵਿੱਚ ਬਬਰ ਅਕਾਲੀ ਲਹਿਰ ਗ਼ਦਰ ਪਾਰਟੀ ਲਹਿਰ ਦਾ ਹੀ ਬਦਲਵਾਂ ਰੂਪ ਸੀ, ਜਿਸ ਵਿੱਚ ਕਈ ਗ਼ਦਰ ਪਾਰਟੀ ਵਾਲੇ ਦੇਸ਼ ਭਗਤ ਸ਼ਾਮਲ ਸਨ। ਬਬਰ ਅਕਾਲੀਆਂ ਦਾ ਖਿਆਲ ਸੀ ਕਿ ਗੁਰਧਾਮਾਂ ਨੂੰ ਆਜ਼ਾਦ ਕਰਾਉਣਾ ਮਾਰਗ ਤਾਂ ਹੈ, ਪਰ ਮੰਜ਼ਲ ਨਹੀਂ। ਬਬਰ ਅਕਾਲੀ ਲਹਿਰ ਦੀ ਸ਼ੁਰੂਆਤ 25 ਤੋਂ 27 ਮਾਰਚ 1921 ਨੂੰ ਹੁਸ਼ਿਆਰਪੁਰ ਵਿੱਚ ਹੋਈ ਤੇਰ੍ਹਵੀਂ ਸਿੱਖ ਐਜੂਕੇਸ਼ਨ ਕਾਨਫਰੰਸ ਵੇਲੇ ਹੋਈ ਮੰਨੀ ਜਾਂਦੀ ਹੈ। 15 ਜੂਨ 1922 ਨੂੰ ਮਾਸਟਰ ਮੋਤਾ ਸਿੰਘ ਦੀ ਗ੍ਰਿਫ਼ਤਾਰੀ ਨੂੰ ਬਬਰ ਦੇਸ਼ ਭਗਤ ਸਹਿਣ ਨਾ ਕਰ ਸਕੇ ਤੇ ਉਨ੍ਹਾਂ ਲਹਿਰ ਨੂੰ ਹਥਿਆਰਬੰਦ ਰੂਪ ਦੇ ਦਿੱਤਾ ਸੀ।
1921 ਤੋਂ 1930 ਤੱਕ ਅਤੇ 1931 ਤੋਂ 1944 ਤੱਕ ਇਸ ਦੇ ਦੋਵਾਂ ਪੜਾਵਾਂ ਵਿੱਚ ਬਬਰ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਤੇ ਕਾਰਨਾਮੇ ਰੌਂਗਟੇ ਖੜ੍ਹੇ ਕਰ ਦੇਣ ਵਾਲੇ ਸਨ। ਇਸ ਲਹਿਰ ਨਾਲ ਦੁਆਬੇ ਵਿੱਚ ਏਨੀ ਤਰੱਥਲੀ ਮਚੀ ਤੇ ਇਹ ਐਨੀ ਸ਼ਕਤੀਸ਼ਾਲੀ ਹੋ ਗਈ ਕਿ ਸਤੰਬਰ 1922 ਵਿੱਚ ਤਾਂ ਹਾਲਾਤ ਸਰਕਾਰ ਦੇ ਕਾਬੂ ਤੋਂ ਬਾਹਰ ਹੋ ਗਏ ਸਨ। ਇਸ ਲਹਿਰ ਨਾਲ ਅੰਗਰੇਜ਼ ਸਰਕਾਰ ਤੇ ਉਸਦੇ ਭਗਤ ਤਰਾਹ-ਤਰਾਹ ਕਰਨ ਲੱਗ ਪਏ। ਅੰਗਰੇਜ਼ੀ ਸਰਕਾਰ ਨੇ ਇਸ ਵਿਰੁੱਧ ਫੌਜ਼ ਤੇ ਹਥਿਆਰਬੰਦ ਪੁਲਸ ਵਰਤ ਕੇ ਬਬਰ ਲਹਿਰ ਨੂੰ ਦਬਾਉਣ ਦਾ ਯਤਨ ਕੀਤਾ ਜਿਸ ਬਾਰੇ ਮਾਇਕਲ ਉਡਵਾਇਰ ਨੇ ਲਿਖਿਆ:
‘‘ਕਾਨੂੰਨ ਦਾ ਡਰ ਜਿਹੜਾ ਬਹੁਤੇ ਲੋਕਾਂ ਉਪਰ ਪ੍ਰਭਾਵ ਰੱਖਣ ਲਈ ਮੁੱਖ ਸੀ। 1919 ਵਿੱਚ ਫ਼ਿਰ ਗ਼ਦਰ ਪਾਰਟੀ ਦੇ ਕੁਝ ਬਾਗ਼ੀ ਸਿਰ ਚੁੱਕਣ ਲੱਗ ਪਏ ਤਾਂ ਉਹ ਡਰ ਹਟਣ ਲੱਗ ਪਿਆ। ਇਹ ਬਹੁਤ ਖ਼ਤਰਨਾਕ ਸੀ ਕਿ ਉਨ੍ਹਾਂ ਨੇ ਅਕਾਲੀ ਸਿੱਖਾਂ ਦੇ ਕਰਾਂਤੀਕਾਰੀ ਅੰਦੋਲਨ ਨੂੰ ਕੇਂਦਰ ਬਣਾਇਆ, ਜਿਹੜਾ ਪਿਛਲੇ ਕੁਝ ਸਾਲਾਂ ਤੋਂ ਅੱਗੇ ਵੱਧ ਰਿਹਾ ਹੈ ਅਤੇ ਇਹ ਲੋਕ ‘ਬਬਰ’ (:ਜਰਅ) ਅਕਾਲੀ ਗੈਂਗ ਦੇ ਮੁੱਖ ਆਗੂ ਸਨ। ਉਨ੍ਹਾਂ ਨੇ ਗ਼ਦਰ ਲਹਿਰ ਦੀਆਂ ਨੀਹਾਂ ਤੇ ਕਤਲ, ਲੁੱਟ-ਮਾਰ ਦੀ ਮੁਹਿੰਮ ਜਲੰਧਰ, ਲੁਧਿਆਣਾ ਅਤੇ ਹੁਸ਼ਿਆਰਪੁਰ ਦੇ ਇਲਾਕਿਆਂ ਵਿੱਚ ਸ਼ੁਰੂ ਕੀਤੀ। ਪਰ ਅੰਤ 1923 ਵਿੱਚ ਕਾਫ਼ੀ ਖੂਨ-ਖਰਾਬੇ ਤੋਂ ਬਾਅਦ ਫੌਜ਼ ਤੇ ਪੁਲਿਸ ਦੇ ਮਿਲਵੇਂ ਹਮਲੇ ਨਾਲ ਦਬਾ ਦਿੱਤੀ ਗਈ।ੂ (ਇੰਡੀਆ ਐਜ਼ ਆਈ ਨਿਓ ਇਟ, ਪੰਨਾ 209)
ਇਹ ਦੂਜਾ ਸਾਜ਼ਿਸ਼ ਕੇਸ ਸੀ, ਜਿਸ ਵਿੱਚ 91 ਬਬਰਾਂ ਨੂੰ ਗ੍ਰਿਫ਼ਤਾਰ ਕਰਕੇ ਮੁਕੱਦਮਾ ਚਲਾਇਆ। ਸਪੈਸ਼ਲ ਜੱਜ ਨੇ ਕੁਝ ਇੱਕ ਨੂੰ ਸੱਤ-ਸੱਤ ਸਾਲ ਸਖ਼ਤ ਕੈਦ, ਕਈਆਂ ਨੂੰ ਉਮਰ ਕੈਦ (ਕਾਲੇ ਪਾਣੀ) ਦੀ ਸਜ਼ਾ ਸੁਣਾਈ ਤੇ ਹੇਠ ਲਿਖੇ ਛੇ ਦੇਸ਼ ਭਗਤਾਂ ਨੂੰ ਮੌਤ ਦੀ ਸਜ਼ਾ ਸੁਣਾ ਕੇ 27 ਫਰਵਰੀ 1926 ਨੂੰ ਲਾਹੌਰ ਸੈਂਟਰਲ ਜੇਲ੍ਹ ਵਿੱਚ ਫਾਂਸੀ ਲਾ ਦਿੱਤੀ। ਫਾਂਸੀ ਲੱਗੇ ਸ਼ਹੀਦਾਂ ਦਾ ਵੇਰਵਾ ਇਸ ਪ੍ਰਕਾਰ ਹੈ:
1. ਜਥੇਦਾਰ ਕਿਸ਼ਨ ਸਿੰਘ ਗੜਗੱਜ ਦਾ ਜਨਮ ਸ. ਫਤਿਹ ਸਿੰਘ ਪਿੰਡ ਬਿਣਗਾ (ਨੇੜੇ ਜਲੰਧਰ ਛਾਉਣੀ) ਵਿਖੇ ਹੋਇਆ। ਜਿਹੜੇ ਲਹਿਰ ਦੇ ਮੋਢੀ ਆਗੂ ਸਨ।
2. ਸ਼ਹੀਦ ਨੰਦ ਸਿੰਘ ਉਮਰ 30 ਸਾਲ ਦਾ ਜਨਮ ਗੰਗਾ ਸਿੰਘ ਭਾਰਜ (ਰਾਮਗੜ੍ਹੀਆ) ਦੇ ਘਰ ਪਿੰਡ ਘੁੜਿਆਲ ਥਾਣਾ ਆਦਮਪੁਰ ਵਿੱਚ ਹੋਇਆ।ਉਹ ਵਿਗਿਆਨਕ ਸੂਝ ਵਾਲੇ ਤੇ ਜੁਝਾਰੂ ਕਵੀ ਵੀ ਸਨ। ਪਿੰਡ ਘੁੜਿਆਲ ਵਿੱਚ ਉਨ੍ਹਾਂ ਦੇ ਜਨਮ ਅਸਥਾਨ ਨੂੰ ਯਾਦਗਾਰ ਦੇ ਰੂਪ ਵਿੱਚ ਸਥਾਪਤ ਕੀਤਾ ਗਿਆ ਹੈ।
3. ਬਾਬੂ ਸੰਤਾ ਸਿੰਘ ਨੂੰ ਫਾਂਸੀ ਲਾਉਣ ਸਮੇਂ ਉਨ੍ਹਾਂ ਦੀ ਉਮਰ 30 ਸਾਲ ਸੀ। ਉਨ੍ਹਾਂ ਦਾ ਜਨਮ ਸੂਬਾ ਸਿੰਘ ਦੇ ਘਰ ਪਿੰਡ ਹਰੀਉ ਖੁਰਦ (ਲੁਧਿਆਣਾ) ਵਿੱਚ ਹੋਇਆ। ਉਹ ਦਲੇਰ ਅਤੇ ਪ੍ਰਚੰਡ ਰੁਚੀਆਂ ਦਾ ਮਾਲਕ ਸੀ। ਪੁਲਸ ਵੱਲੋਂ 27 ਫਰਵਰੀ 1926 ਨੂੰ ਫਾਂਸੀ ਲਾਏ ਜਾਣ ਤੋਂ ਪਹਿਲਾਂ ਭੇਦ ਕੱਢਣ ਲਈ ਉਸ ’ਤੇ ਅੰਨ੍ਹਾ ਤਸ਼ੱਦਦ ਕੀਤਾ ਗਿਆ ਸੀ, ਜਿਸ ਬਾਰੇ ਉਸ ਨੇ ਲਿਖਿਆ ਵੀ ਹੈ।
4. ਸ਼ਹੀਦ ਦਲੀਪ ਸਿੰਘ ਧਾਮੀਆਂ ਦਾ ਜਨਮ 1908 ਨੂੰ ਲਾਭ ਸਿੰਘ ਦੇ ਘਰ ਪਿੰਡ ਧਾਮੀਆਂ (ਹੁਸ਼ਿਆਰਪੁਰ) ਵਿੱਚ ਹੋਇਆ। ਛੋਟੀ ਉਮਰੇ ਹੀ ਉਹ ਸਾਰੇ ਕਾਰਨਾਮਿਆਂ ਵਿੱਚ ਸ਼ਾਮਲ ਸੀ, ਜੋ ਪਾਰਟੀ ਵੱਲੋਂ ਤਜਵੀਜ਼ ਕੀਤੇ ਗਏ ਸਨ, ਖਾਸ ਕਰਕੇ ਝੋਲੀ-ਚੁੱਕਾਂ ਨੂੰ ਖਤਮ ਕਰਨ ਲਈ। ‘ਭੁਜੰਗੀ’ ਕਹਿਲਾਏ ਜਾਣ ਵਾਲੇ ਦਲੀਪ ਸਿੰਘ ਦੀ ਉਮਰ 18 ਸਾਲ ਤੋਂ ਘੱਟ ਸੀ, ਜਦੋਂ ਉਹ ਸ਼ਹੀਦ ਕੀਤੇ ਗਏ।
5. ਸ਼ਹੀਦ ਧਰਮ ਸਿੰਘ ਦਾ ਜਨਮ 1876 ਨੂੰ ਸ. ਸੋਭਾ ਸਿੰਘ ਦੇ ਘਰ ਪਿੰਡ ਹਯਾਤਪੁਰ ਰੁੜਕੀ (ਹੁਸ਼ਿਆਰਪੁਰ) ਵਿੱਚ ਹੋਇਆ। ਪਿੰਡ ਦੇ ਅੰਗਰੇਜ਼ ਝੋਲੀ-ਚੁੱਕ ਦੇ ਕਤਲ ਕੇਸ ਵਿੱਚ 6 ਜੁਲਾਈ 1923 ਨੂੰ ਗ੍ਰਿਫ਼ਤਾਰ ਕਰਕੇ ਉਸ ਨੂੰ ਅਤੇ ਸਾਥੀਆਂ ਨਾਲ ਫਾਂਸੀ ਦਿੱਤੀ ਗਈ।
6. ਸ਼ਹੀਦ ਕਰਮ ਸਿੰਘ ਦਾ ਜਨਮ 1894 ਨੂੰ ਸ. ਭਗਵਾਨ ਸਿੰਘ (ਸੁਨਿਆਰ) ਦੇ ਘਰ ਪਿੰਡ ਹਰੀਪੁਰ (ਥਾਣਾ ਆਦਮਪੁਰ) ਵਿੱਚ ਹੋਇਆ। ਜੇਲ੍ਹ ਅੰਦਰਲੇ ਦੂਜੇ ਬਬਰਾਂ ਵੱਲੋਂ ਰਿਹਾ ਹੋਣ ਪਿਛੋਂ ਦੱਸਿਆ ਗਿਆ ਸੀ ਕਿ ਇਹ ਸ਼ਹੀਦ ਸਾਰੀ ਰਾਤ ਸ਼ਬਦ ਪੜ੍ਹਦਾ ਤੇ ਜੈਕਾਰੇ ਬੁਲਾਉਂਦਾ ਰਿਹਾ, ਤਾਂ ਕਿ ਜੀਵਨ ਦੀ ਇਸ ਆਖਰੀ ਰਾਤ ਨੂੰ ਲਾੜੀ ਨੂੰ ਵਰਨਾਉਣ ਦੀ ਖੁਸ਼ੀ ਵਿੱਚ ਬਿਤਾਇਆ ਜਾਵੇ।
ਇਕੋ ਸਮੇਂ ਫਾਂਸੀ ਲਾਕੇ, ਜੇਲ੍ਹ ਅਧਿਕਾਰੀ ਇਨ੍ਹਾਂ ਦੀਆਂ ਲਾਸ਼ਾਂ ਦੇਣੀਆਂ ਨਹੀਂ ਚਾਹੁੰਦੇ ਸਨ, ਪ੍ਰੰਤੂ ਜਨਤਕ ਰੋਹ ਨੇ ਉਨ੍ਹਾਂ ਦੀ ਚੱਲਣ ਨਾ ਦਿੱਤੀ। ਸਿੱਟੇ ਵਜੋਂ ਵਾਰਸਾਂ ਨੂੰ ਲਾਸ਼ਾਂ ਦਿੱਤੀਆਂ ਗਈਆਂ। ਲਾਹੌਰ ਜੇਲ੍ਹ ਤੋਂ ਛੇ-ਸੱਤ ਮੀਲ ਦੀ ਦੂਰੀ ’ਤੇ ਰਾਮੂ ਦੇ ਬਾਗ਼ ਦੇ ਸ਼ਮਸ਼ਾਨਘਾਟ, ਜੋ ਰਾਵੀ ਦੇ ਲਾਗੇ ਸੀ, ਫੁੱਲਾਂ ਨਾਲ ਸਜਾਈਆਂ ਅਰਥੀਆਂ ਵਿਸ਼ਾਲ ਜਲੂਸ ਦੀ ਸ਼ਕਲ ਵਿੱਚ ਲਿਆਂਦੀਆਂ ਗਈਆਂ। ਸ਼ਹੀਦਾਂ ਦੀ ਇੱਛਾ ਅਨੁਸਾਰ ਅੰਗੀਠੇ ਵਿੱਚ ਛੇਆਂ ਸ਼ਹੀਦਾਂ ਦਾ ਇਕੱਠਾ ਸਸਕਾਰ ਕੀਤਾ ਗਿਆ। 3 ਮਾਰਚ 1926 ਨੂੰ ਉਨ੍ਹਾਂ ਦੀਆਂ ਅਸਥੀਆਂ ਰਾਵੀ ਦਰਿਆ ਵਿੱਚ ਜਲ-ਪ੍ਰਵਾਹ ਕੀਤੀਆਂ ਗਈਆਂ ਸਨ।
12 ਦਸੰਬਰ 1923 ਨੂੰ ਪਿੰਡ ਮੰਡੇਰਾਂ ਵਿੱਚ ਬਬਰਾਂ ਦਾ ਮੁਕਾਬਲਾ ਪੁਲਸ ਤੇ ਫੌਜ਼ ਨਾਲ ਹੋਇਆ, ਜਿਸ ਵਿੱਚ ਬਬਰ ਜੁਆਲਾ ਸਿੰਘ ਫਤਿਹਪੁਰ ਕੋਠੀ ਤੇ ਬਬਰ ਧੰਨਾ ਸਿੰਘ ਧਾਮੀਆਂ ਸ਼ਹਾਦਤ ਪਾ ਗਏ। ਵਰਿਆਮ ਸਿੰਘ ਧੁੱਗਾ ਸਖ਼ਤ ਜ਼ਖ਼ਮੀ ਹੋਣ ਦੇ ਬਾਵਜੂਦ ਉਥੋਂ ਬਚ ਨਿਕਲਿਆ। ਉਹ ਠੀਕ ਹੋ ਕੇ ਬਾਰ ਦੇ ਇਲਾਕੇ, ਜ਼ਿਲ੍ਹਾ ਲਾਇਲਪੁਰ ਵਿੱਚ ਚਲਾ ਗਿਆ, ਜਿੱਥੋਂ ਉਸ ਨੇ ਬਬਰ ਲਹਿਰ ਨੂੰ ਨਵੇਂ ਸਿਰਿਉਂ ਲਾਮਬੰਦ ਕਰਕੇ ਹਕੂਮਤ ਤੇ ਉਸ ਦੇ ਝੋਲੀ-ਚੁੱਕਾਂ ਨੂੰ ਚਿੰਤਾ ’ਚ ਪਾ ਦਿੱਤਾ ਸੀ। ਬਬਰ ਵਰਿਆਮ ਸਿੰਘ, ਚੱਕ ਨੰ. 54 ਵਿੱਚ ਪੁਲਸ ਨਾਲ ਹੋਏ ਮੁਕਾਬਲੇ ਵਿੱਚ 8 ਜੂਨ 1924 ਨੂੰ ਸ਼ਹੀਦ ਹੋ ਗਿਆ ਸੀ। ਉਸ ਦੇ ਬਾਕੀ ਸਾਥੀਆਂ ਬਾਰੇ ਗੱਦਾਰ ਆਸਾ ਸਿੰਘ ਭੁਕੜੁਦੀ ਤੇ ਧੰਨਾ ਸਿੰਘ ਕੋਟਲੀ ਦੋਨਾਂ ਵੱਲੋਂ ਸਰਕਾਰ ਨੂੰ ਭੇਦ ਦੱਸਣ ’ਤੇ 37 ਬਬਰ ਦੇਸ਼ ਭਗਤਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।ਜ਼ਿਲ੍ਹਾ ਲਾਹੌਰ ਦੇ ਐਡੀਸ਼ਨਲ ਸੈਸ਼ਨ ਜੱਜ ਐਸ.ਐਸ.ਹੈਰੀਸਨ ਦੀ ਅਦਾਲਤ ਵਿੱਚ ਮੁਕੱਦਮਾ ਚੱਲਿਆ। ਜੱਜ ਨੇ ਇਨ੍ਹਾਂ ਵਿੱਚੋਂ ਛੇ ਦੇਸ਼ ਭਗਤ ਬਬਰਾਂ 1. ਨਿੱਕਾ ਸਿੰਘ ਪੁੱਤਰ ਧੌਕਲ ਸਿੰਘ, ਪਿੰਡ ਗਿੱਲ (ਲੁਧਿਆਣਾ), 2. ਮੁਕੰਦ ਸਿੰਘ ਪੁੱਤਰ ਸਰਮੁੱਖ ਸਿੰਘ ਜਵੱਧੀ ਕਲਾਂ (ਲੁਧਿਆਣਾ), 3. ਬੰਤਾ ਸਿੰਘ ਪੁੱਤਰ ਹਜ਼ਾਰਾ ਸਿੰਘ, ਪਿੰਡ ਗੁਰੂਸਰ, ਥਾਣਾ ਦਾਖਾ, 4. ਸੁੰਦਰ ਸਿੰਘ ਪੁੱਤਰ ਬਸਾਵਾ ਸਿੰਘ ਪਨੂੰ, ਪਿੰਡ ਲਹੁਕਾ, ਥਾਣਾ ਸਰਹਾਲੀ ਕਲਾਂ (ਅੰਮ੍ਰਿਤਸਰ), 5. ਗੁੱਜਰ ਸਿੰਘ ਪੁੱਤਰ ਕਾਬਲ ਸਿੰਘ, ਪਿੰਡ ਢੱਪਈ (ਲੁਧਿਆਣਾ) ਅਤੇ 6. ਨਿੱਕਾ ਸਿੰਘ ਦੂਜਾ ਪੁੱਤਰ ਬੂਟਾ ਸਿੰਘ ਪਿੰਡ ਆਲੋਵਾਲ (ਅੰਮ੍ਰਿਤਸਰ) ਨੂੰ ਫਾਂਸੀ ਅਤੇ ਬਾਕੀਆਂ ਨੂੰ ਉਮਰ ਕੈਦ ਦੀਆਂ ਸਜ਼ਾਵਾਂ ਦਾ ਹੁਕਮ ਸੁਣਾਇਆ। ਪੂਰੇ ਇੱਕ ਸਾਲ ਪਿੱਛੋਂ ਉਸੇ ਤਾਰੀਕ, ਉਸੇ ਦਿਨ 27 ਫਰਵਰੀ 1927 ਨੂੰ ਲਾਹੌਰ ਸੈਂਟਰਲ ਜੇਲ੍ਹ ਵਿੱਚ ਇਨ੍ਹਾਂ ਨੂੰ ਤਿੰਨਾਂ-ਤਿੰਨਾਂ ਦੇ ਜੁੱਟਾਂ ਵਿੱਚ ਫਾਂਸੀ ਦਿੱਤੀ ਗਈ। ਸ਼ਹੀਦਾਂ ਦੇ ਵਾਰਸਾਂ ਤੇ ਲੋਕਾਂ ਦੀ ਵਿਸ਼ਾਲ ਭੀੜ ਵੱਲੋਂ ਪਹਿਲਾਂ ਵਾਂਗ ਹੀ ਇਨ੍ਹਾਂ ਦੀਆਂ ਅਰਥੀਆਂ ਦਾ ਜਲੂਸ ਕੱਢ ਕੇ ਸਸਕਾਰ ਉਸੇ ਰਾਮੂ ਦੇ ਬਾਗ਼ ਵਾਲੇ ਸ਼ਮਸ਼ਾਨਘਾਟ ਵਿੱਚ ਅੰਗੀਠਾ ਸਜਾ ਕੇ ਕੀਤਾ ਗਿਆ। ਇਸ ਵਾਰ ਵੀ ਇਨ੍ਹਾਂ ਦੀਆਂ ਅਸਥੀਆਂ ਰਾਵੀ ਵਿੱਚ ਜਲ-ਪ੍ਰਵਾਹ ਕਰ ਦਿੱਤੀਆਂ ਗਈਆਂ ਸਨ। ਸ਼ਹੀਦ ਭਗਤ ਸਿੰਘ ਉਪਰ ਇਨ੍ਹਾਂ ਸ਼ਹਾਦਤਾਂ ਦਾ ਗਹਿਰਾ ਅਸਰ ਹੋਇਆ ਤੇ ਉਸ ਨੇ ਇਸ ਦਿਹਾੜੇ ਨੂੰ ‘‘ਹੋਲੀ ਕੇ ਦਿਨ ਖ਼ੂਨ ਕੇ ਛੀਂਟੇੂ ਦੇ ਸਿਰਲੇਖ ਹੇਠ ਇਨ੍ਹਾਂ ਸ਼ਹੀਦਾਂ ਬਾਰੇ ਹਿਰਦੇਵੇਦਕ ਲੇਖ ਲਿਖਿਆ ਸੀ।

Send this to a friend