ਕੋਟਕਪੂਰਾ, 11 ਅਪਰੈਲ (ਰੋਹਿਤ ਸ਼ਰਮਾ)- ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਪ੍ਰੋਫੈਸਰ ਸਾਧੂ ਸਿੰਘ ਅੱਜ ਆਪਣੇ ਚੋਣ ਪ੍ਰਚਾਰ ਲਈ ਪਾਰਟੀ ਦੇ ਜ਼ਿਲਾ ਕਨਵੀਰਨ ਯਾਦਵਿੰਦਰ ਸਿੰਘ ਸਿੱਧੂ ਸਾਬਕਾ ਸਰਪੰਚ ਨਾਲ ਸਥਾਨਕ ਸ਼ਹੀਦ ਲਾਲਾ ਲਾਜਪਤ ਰਾਏ ਮਿਊਂਸਪਲ ਪਾਰਕ ਵਿਖੇ ਪੁੱਜੇ। ਪਾਰਕ ’ਚ ਰੋਜ਼ਾਨਾ ਸੈਰ ਕਰਨ ਵਾਲੇ 100 ਦੇ ਕਰੀਬ ਮਰਦ ਤੋ ਔਰਤਾਂ ਨੂੰ ਆਪਣੀ ਪਾਰਟੀ ਦੇ ਚੋਣ ਨਿਸ਼ਾਨ ’ਤੇ ਮੋਹਰ ਲਾਉਣ ਦੀ ਪ੍ਰੇਰਣਾ ਕਰਦਿਆਂ ਪ੍ਰੋ.ਸਾਧੂ ਸਿੰਘ ਉਸ ਵੇਲੇ ਕਸੂਤੇ ਫ਼ਸ ਗਏ, ਜਦੋਂ ਉਨਾਂ ਨੂੰ ਵੱਖ-ਵੱਖ ਪਾਰਟੀਆਂ ਨਾਲ ਸਬੰਧਤ ਤੇ ਕੁਝ ਕੁ ਨਿਰਪੱਖ ਸੋਚ ਰੱਖਣ ਵਾਲੇ ਵਿਅਕਤੀਆਂ ਨੇ ਸਖ਼ਤ ਸਵਾਲ ਕਰਕੇ ਘੇਰਨ ਦੀ ਕੋਸ਼ਿਸ਼ ਕੀਤੀ। ਪ੍ਰੋਫੈਸਰ ਸਾਧੂ ਸਿੰਘ ਨੇ ਬੜੀ ਹੀ ਸਹਿਨ-ਸ਼ੀਲਤਾਂ ਨਾਲ
ਲੋਕਾਂ ਦੇ ਸਾਰੇ ਸਵਾਲਾਂ ਦਾ ਜਵਾਬ ਦਿੰਦਿਆਂ ਆਪਣੇ ਤਰਕ ਨਾਲ ਹਾਜ਼ਰ ਲੋਕਾਂ ਨੂੰ ਆਪਣੀ ਵਿਚਾਰ ਧਾਰਾ ਵਿਚ ਸ਼ਾਮਲ ਕਰਨ ਵਿਚ ਸਫਲ ਰਹੇ। ਉਨਾਂ ਪਿਛਲੇ ਦਿਨੀਂ ਇਕ ਨਿਊਜ਼ ਟੀ.ਵੀ.ਚੈੱਨਲ ’ਤੇ ਪਾਰਟੀ ਆਗੂ ਕੁਮਾਰ ਵਿਸ਼ਵਾਸ਼ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਜੇਕਰ ਜਨ ਲੋਕਪਾਲ ਬਿੱਲ ਪਾਸ ਕਰਵਾਉਣ ’ਚ ਅਸਫ਼ਲ ਰਹਿਣ ਉਪਰੰਤ ਵੀ ਅਰਵਿੰਦ ਕੇਜਰੀਵਾਲ ਕੁਰਸੀ ਨਾ ਛੱਡਦੇ ਤਾਂ ਪਾਰਟੀ ਆਗੂਆਂ ਤੇ ਵਰਕਰਾਂ ਨੇ ਸਭ ਤੋਂ ਪਹਿਲਾਂ ਇਸ ਦਾ ਵਿਰੋਧ ਕਰਨਾ ਸੀ, ਕਿਉਂਕਿ ਦਿੱਲੀ ’ਚ ਪਾਰਟੀ ਨੇ ਵੋਟਰਾਂ ਨੂੰ ਜਨ ਲੋਕਪਾਲ ਬਿੱਲ ਪਾਸ ਕਰਾਉਣ ਦੇ ਮੁੱਦੇ ’ਤੇ ਵੋਟਾਂ ਪਾਉਣ ਦੀ ਬੇਨਤੀ ਕੀਤੀ ਸੀ, ਜੇਕਰ ਪਾਰਟੀ ਆਪਣੀ ਜ਼ੁਬਾਨ ’ਤੇ ਕਾਇਮ ਨਾ ਰਹਿੰਦੀ ਤਾਂ ਵੋਟਰਾਂ ’ਚ ਪਾਰਟੀ ਦੇ ਵਿਰੋਧ ’ਚ ਗੁੱਸਾ ਪਨਪਣਾ ਸੁਭਾਵਿਕ ਸੀ। ਆਮ ਆਦਮੀ ਪਾਰਟੀ ਦਾ ਅਤੀਤ, ਭਵਿੱਖ ਅਤੇ ਵਰਤਮਾਨ ਨਾਲ ਜੁੜੇ ਕੁਝ ਸਵਾਲਾਂ ਤੋਂ ਇਲਾਵਾ ਜਦੋਂ ਉਨਾਂ ਨੂੰ ਪਾਰਟੀ ਦੀ ਰਣਨੀਤੀ ਤੇ ਉਦੇਸ਼ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨਾਂ ਦੱਸਿਆ ਕਿ ਪਾਰਟੀ ਦਾ ਮੁੱਖ ਮਕਸਦ ਦੇਸ਼ ’ਚੋਂ ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਗੁੰਡਾਗਰਦੀ, ਨਸ਼ਾਖੋਰੀ, ਮਹਿੰਗਾਈ ਆਦਿ ਦਾ ਮੁਕੰਮਲ ਤੌਰ ’ਤੇ ਖ਼ਾਤਮਾ ਕਰਨਾ ਹੈ। ਕਿਉਂਕਿ ਜੇਕਰ ਲੋਕਾਂ ਦੇ ਸਹਿਯੋਗ ਨਾਲ ਪਾਰਟੀ ਨੇ ਉਕਤ 5 ਕੁਰੀਤੀਆਂ ਦਾ ਖ਼ਾਤਮਾ ਕਰ ਦਿੱਤਾ ਤਾਂ ਦੇਸ਼ ਦਾ ਸੋਨੇ ਦੀ ਚਿੜੀ ਬਣ ਜਾਣਾ, ਕੈਨੇਡਾ, ਅਮਰੀਕਾ ਵਰਗੇ ਵਿਕਸਤ ਮੁਲਕਾਂ ’ਚੋਂ ਲੋਕਾਂ ਵੱਲੋਂ ਭਾਰਤ ਦਾ ਵੀਜ਼ਾ ਮੰਗਣਾ, ਰੁਜ਼ਗਾਰ ਦੇ ਸਾਧਨ ਵਧਣੇ ਤੇ ਭਾਈਚਾਰਕ ਸਾਂਝ ਮਜਬੂਤ ਹੋਣੀ ਸੁਭਾਵਿਕ ਹੈ। ਯਾਦਵਿੰਦਰ ਸਿੰਘ ਸਿੱਧੂ ਸਰਪੰਚ ਨੇ ਇਕ ਸਵਾਲ ਦੇ ਜਵਾਬ ’ਚ ਖੁਲਾਸਾ ਕੀਤਾ ਕਿ ਪੰਜਾਬ ਦੇ ਲੋਕ ਅਣਖੀਲੇ ਹੋਣ ਕਰਕੇ ਪਿਛਲੇ ਕਈ ਦਹਾਕਿਆਂ ਤੋਂ ਏਜੰਸੀਆਂ ਵੱਲੋਂ ਪੰਜਾਬੀਆਂ ਦਾ ਬੀਜਨਾਸ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਪੰਜਾਬ ’ਚ ਨਸ਼ੀਲੇ ਪਦਾਰਥਾਂ ਦੀ ਵਧਦੀ ਜਾਂਦੀ ਆਮਦ ਪੰਜਾਬ ਦੇ ਖਾਤਮੇ ਦੀ ਸੂਚਕ ਹੈ। ਜਦੋਂ ਉਨਾਂ ਦਾ ਧਿਆਨ ਪਾਕਿਸਤਾਨ ਦੀ ਸਰਹੱਦ ’ਤੇ ਤਾਇਨਾਤ ਕੇਂਦਰ ਦੀਆਂ ਸੁਰੱਖਿਆ ਏਜੰਸੀਆਂ ਵੱਲ ਦਿਵਾਇਆ ਗਿਆ ਤਾਂ ਉਨਾਂ ਜਵਾਬ ’ਚ ਦੱਸਿਆ ਕਿ ਪਾਕਿਸਤਾਨ ਦੀ ਹੱਦ ਤਾਂ ਰਾਜਸਥਾਨ, ਜੰਮੂ-ਕਸ਼ਮੀਰ ਤੇ ਗੁਜਰਾਤ ਨਾਲ ਵੀ ਲੱਗਦੀ ਹੈ ਪਰ ਗੁਜਰਾਤ ਜਾਂ ਰਾਜਸਥਾਨ ’ਚੋਂ ਕਦੇ ਐਨੀ ਭਾਰੀ ਮਾਤਰਾ ’ਚ ਨਸ਼ੀਲੇ ਪਦਾਰਥ ਬਰਾਮਦ ਨਹੀਂ ਹੋਏ, ਜਿਨੇ ਪੰਜਾਬ ’ਚੋਂ ਸਮੇਂ-ਸਮੇਂ ਸੁਰੱਖਿਆ ਫੌਰਸਾਂ ਨੇ ਨਸ਼ੀਲੇ ਪਦਾਰਥ ਬਰਾਮਦ ਕੀਤੇ।



