ਇਕ ਵਾਰ ਦੀ ਗਲ ਹੈ ਯਾਤਰੂਆਂ ਨਾਲ ਭਰੀ ਹੋਈ ਇਕ ਬਸ ਕਿਸੇ ਸਥਾਨ ਵਲ ਜਾ ਰਹੀ ਸੀ। ਅਚਾਨਕ ਹੀ ਮੌਸਮ ਬਦਲਿਆ ਅਤੇ ਧੂੜ ਭਰੀ ਹਨੇਰੀ ਚਲਣ ਲਗੀ। ਕਾਫੀ ਦੇਰ ਹਨੇਰੀ ਚਲਣ ਦੇ ਬਾਅਦ ਅਚਾਨਕ ਹੀ ਬੜੇ ਜ਼ੋਰ ਦੇ ਨਾਲ ਬਾਰਿਸ਼ ਹੋਣ ਲਗ ਪਈ। ਬਿਜਲੀ ਕੜਕਦੀ ਹੋਈ ਜਦੋਂ ਹੇਠਾਂ ਵਲ ਆਉਂਦੀ ਤਾਂ ਇੰਝ ਲਗਦਾ ਕਿ ਹੁਣ ਜਾਨ ਗਈ ।ਅਜਿਹਾ ਕਈ ਵਾਰ ਹੋਇਆ । ਸਾਰਿਆਂ ਦਾ ਸਾਹ ਅਗੇ ਦਾ ਅਗੇ ਪਿਛੇ ਦਾ ਪਿਛੇ ਰਹਿ ਗਿਆ। ਡਰਾਈਵਰ ਨੇ ਅਖੀਰ ਵਿਚ ਬਸ ਨੂੰ ਇਕ ਦਰਖਤ ਤੋਂ ਪੰਜਾਹ ਕਦਮ ਦੀ ਦੂਰੀ ‘ਤੇ ਰੋਕ ਲਿਆ ਅਤੇ ਯਾਤਰੂਆਂ ਨੂੰ ਕਿਹਾ ਕਿ ਇਸ ਬਸ ਵਿਚ ਕੋਈ ਇਕ ਅਜਿਹਾ ਯਾਤਰੂ ਬੈਠਿਆ ਹੋਇਆ ਹੈ, ਜਿਸ ਦੀ ਮੌਤ ਅਜ ਹੋਣੀ ਸੰਭਵ ਹੈ । ਇਹ ਬਿਜਲੀ ਅਜ ਉਸੇ ਯਾਤਰੂ ਦੇ ਨਾਂਅ ‘ਤੇ ਕੜਕ ਰਹੀ ਹੈ । ਉਸ ਦੇ ਨਾਲ – ਨਾਲ ਕਿਤੇ ਸਾਨੂੰ ਵੀ ਆਪਣੀ ਜਿੰਦਗੀ ਤੋਂ ਹਥ ਨਾ ਧੋਣਾ ਪੈ ਜਾਵੇ। ਇਸ ਲਈ ਸਾਰੇ ਯਾਤਰੂ ਇਕ – ਇਕ ਕਰਕੇ ਜਾਓ ਅਤੇ ਉਸ ਦਰਖਤ ਨੂੰ ਹਥ ਲਗਾ ਕੇ ਆਓ । ਜੋ ਵੀ ਬਦ – ਕਿਸਮਤ ਹੋਵੇਗਾ , ਉਸ ਉਤੇ ਬਸ ਤੋਂ ਦਰਖਤ ਤਕ ਆਉਣ ਜਾਣ ਸਮੇਂ ਦੌਰਾਨ ਬਿਜਲੀ ਗਿਰ ਜਾਵੇਗੀ ਅਤੇ ਬਸ ਵਿਚ ਬੈਠੇ ਬਾਕੀ ਸਾਰੇ ਯਾਤਰੂ ਬਚ ਜਾਣਗੇ । ਸਭ ਤੋਂ ਪਹਿਲਾਂ ਜਿਸ ਦੀ ਵਾਰੀ ਸੀ , ਉਸ ਨੂੰ ਦੋ – ਤਿੰਨ ਯਾਤਰੂਆਂ ਨੇ ਜਬਰਦਸਤੀ ਧਕਾ ਦੇ ਕੇ ਬਸ ਤੋਂ ਥਲੇ ਹੇਠਾਂ ਉਤਾਰ ਦਿਤਾ। ਉਹ ਹੌਲੀ – ਹੌਲੀ ਦਰਖਤ ਤਕ ਗਿਆ ਅਤੇ ਫਿਰ ਡਰਦੇ – ਡਰਦੇ ਦਰਖਤ ਨੂੰ ਹਥ ਲਗਾ ਕੇ ਵਾਪਸ ਭਜਿਆ ਹੋਇਆ ਬਸ ਵਿਚ ਆ ਕੇ ਬੈਠ ਗਿਆ । ਇਸੇ ਤਰ੍ਹਾਂ ਇਕ – ਇਕ ਕਰਕੇ ਸਭ ਯਾਤਰੂ ਜਾਂਦੇ ਰਹੇ ਅਤੇ ਭਜਦੇ ਹੋਏ ਬਸ ਵਿਚ ਆ ਕੇ ਬੈਠਦੇ ਰਹੇ ਅਤੇ ਸੁਖ ਦਾ ਸਾਹ ਲੈਂਦੇ ਰਹੇ । ਅੰਤ ਵਿਚ ਕੇਵਲ ਇਕ ਯਾਤਰੂ ਬਚ ਗਿਆ । ਉਸਨੇ ਸੋਚਿਆ ਮੇਰੀ ਮੌਤ ਤਾਂ ਅਜ ਨਿਸ਼ਚਿਤ ਹੀ ਹੈ । ਬਸ ਵਿਚ ਬੈਠੇ ਬਾਕੀ ਯਾਤਰੂਆਂ ਦੀ ਨਜ਼ਰ ਉਸ ਨੂੰ ਕਿਸੇ ਅਪਰਾਧੀ ਦੀ ਤਰ੍ਹਾਂ ਘੂਰ ਰਹੀ ਸੀ ਕਿ ਇਹ ਯਾਤਰੂ ਅਜ ਸਾਡੀ ਜਾਨ ਵੀ ਲੈ ਬੈਠੇਗਾ । ਉਨ੍ਹਾਂ ਨੇ ਉਸ ਯਾਤਰੀ ਨੂੰ ਜ਼ਬਰਦਸਤੀ ਬਸ ਦੇ ਹੇਠਾਂ ਉਤਾਰ ਦਿਤਾ ।ਉਹ ਦੁਖੀ ਅਤੇ ਭਰੇ ਮਨ ਦੇ ਨਾਲ ਜਿਵੇਂ ਹੀ ਦਰਖਤ ਦੇ ਕੋਲ ਪਹੁੰਚਿਆ ਅਤੇ ਜਿਵੇਂ ਹੀ ਉਸ ਨੇ ਦਰਖਤ ਨੂੰ ਹਥ ਲਗਾਇਆ , ਇਕ ਤੇਜ਼ ਆਵਾਜ਼ ਦੇ ਨਾਲ ਅਸਮਾਨੀ ਬਿਜਲੀ ਕੜਕੀ ਅਤੇ ਬਸ ਉਤੇ ਗਿਰ ਗਈ । ਦੇਖਦੇ ਹੀ ਦੇਖਦੇ ਬਸ ਜਲ ਕੇ ਰਾਖ ਹੋ ਗਈ ਅਤੇ ਉਸ ਵਿਚ ਬੈਠੇ ਸਾਰੇ ਯਾਤਰੂ ਮਾਰੇ ਗਏ । ਸਿਰਫ ਉਸ ਇਕ ਯਾਤਰੀ ਨੂੰ ਛਡ ਕੇ , ਜਿਸ ਨੂੰ ਸਾਰੇ ਲੋਕ ਕੁਝ ਦੇਰ ਪਹਿਲਾਂ ਤਕ ਬਦ – ਕਿਸਮਤ ਅਤੇ ਆਪਣੀ ਪ੍ਰੇਸ਼ਾਨੀ ਦੀ ਜੜ੍ਹ ਸਮਝ ਰਹੇ ਸਨ , ਉਹ ਨਹੀਂ ਜਾਣਦੇ ਸਨ ਕਿ ਉਸ ਦੀ ਵਜ੍ਹਾ ਦੇ ਨਾਲ ਹੀ ਸਭ ਦੀ ਜਾਨ ਬਚੀ ਹੋਈ ਸੀ । ਸਚਮੁਚ ਕੁਦਰਤ ਦੇ ਰੰਗ ਅਤੇ ਕਾਦਰ ਦੀ ਲੀਲ੍ਹਾ ਬਹੁਤ ਨਿਆਰੇ ਹਨ , ਜਿਸ ਨੂੰ ਸਮਝਣਾ ਇਨਸਾਨ ਦੇ ਵਸ ਤੋਂ ਬਾਹਰ ਹੁੰਦਾ ਹੈ ।