ਨਵੀਂ ਦਿਲੀ, 13 ਫ਼ਰਵਰੀ (ਪੰਜਾਬ ਟਾਇਮਜ਼ ਬਿਊਰੋ)- ਲੋਕ ਸਭਾ ਨੇ ਜਲ੍ਹਿਆਂਵਾਲਾ ਬਾਗ਼ ਕੌਮੀ ਸਮਾਰਕ ਬਿਲ 2018 ਨੂੰ ਪ੍ਰਵਾਨਗੀ ਦੇ ਦਿਤੀ, ਜਿਸ ’ਚ ਟਰਸਟੀ ਦੇ ਰੂਪ ਵਿਚ ‘ਭਾਰਤੀ ਕੌਮੀ ਕਾਂਗਰਸ ਦੇ ਪ੍ਰਧਾਨ’ ਨੂੰ ਹਟਾਉਣ ਦਾ ਪ੍ਰਸਤਾਵ ਦਿਤਾ ਗਿਆ ਹੈ। ਬਿਲ ’ਚ ਜਲ੍ਹਿਆਂਵਾਲਾ ਬਾਗ਼ ਨੈਸ਼ਨਲ ਮੈਮੋਰੀਅਲ ਐਕਟ, 1951 ’ਚ ਸੋਧ ਦੀ ਗਲ ਕਹੀ ਗਈ ਹੈ। ਸਦਨ ’ਚ ਬਿਲ ’ਤੇ ਹੋਈ ਚਰਚਾ ਦਾ ਜਵਾਬ ਦਿੰਦਿਆਂ ਸਭਿਆਚਾਰਕ ਮੰਤਰੀ ਮਹੇਸ਼ ਸ਼ਰਮਾ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਜਿਸ ਤਰ੍ਹਾਂ ਦੇ ਭਾਰਤ ਦਾ ਸੁਪਨਾ ਸੁਤੰਤਰਤਾ ਸੈਨਾਨੀਆਂ ਨੇ ਦੇਖਿਆ ਸੀ, ਉਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਰਾ ਕਰ ਰਹੇ ਹਨ। ਉਨ੍ਹਾਂ ਨੇ ਸਵਾਲ ਚੁਕਿਆ ਕਿ ਸੁਤੰਤਰਤਾ ਅੰਦੋਲਨ ਨਾਲ ਜੁੜੇ ਅਜਿਹੇ ਸਮਾਰਕ ’ਚ ਕੋਈ ਸਿਆਸੀ ਦਲ ਕਿਉਂ ਸ਼ਾਮਿਲ ਰਹੇ? ਕਾਂਗਰਸ ’ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਨੇ ਕਿਹਾ ਕਿ ਜਦੋਂ 16 ਮਈ, 2014 ਨੂੰ ਚੋਣ ਨਤੀਜਾ ਆ ਗਿਆ ਸੀ ਅਤੇ ਇਹ ਸਪਸ਼ਟ ਹੋ ਗਿਆ ਸੀ ਕਿ ਸਰਕਾਰ ਬਦਲ ਰਹੀ ਹੈ, ਅਜਿਹੇ ਸਮੇਂ ’ਚ ਕਾਂਗਰਸ ਦੀ ਉਸ ਵੇਲੇ ਦੀ ਸਰਕਾਰ ਨੇ ਆਖ਼ਰੀ ਵੇਲੇ ’ਚ ਨਹਿਰੂ ਸਮਾਰਕ ਟਰਸਟ ’ਚ ਕਾਂਗਰਸ ਦੇ ਸਮਾਂ ਮਿਆਦ ਨੂੰ ਵਧਾ ਦਿਤਾ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਜਲ੍ਹਿਆਂਵਾਲਾ ਬਾਗ਼ ਟਰਸਟ ਦੇ ਸੁਧਾਰ ਲਈ 24 ਕਰੋੜ ਰੁਪਏ ਜਾਰੀ ਕੀਤੇ ਗਏ ਹਨ।