ਅੰਮ੍ਰਿਤਸਰ, 8 ਅਪ੍ਰੈਲ (ਪੀ.ਟੀ.)-ਪਤਨੀ ਪ੍ਰਨੀਤ ਕੌਰ ਦੇ ਪਟਿਆਲਾ ਤੋਂ ਨਾਮਜ਼ਦਗੀ ਕਾਗਜ਼ ਦਾਖ਼ਲ ਕਰਵਾਉਣ ਲਈ ਗਏ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਚੋਣ ਮੁਹਿੰਮ ਨੂੰ ਗੰਭੀਰਤਾ ਨਾਲ ਲੈਂਦਿਆਂ ਅਗਲੇ ਦਿਨ ਹੀ ਵਾਪਸੀ ਕਰਕੇ ਚੋਣ ਸਰਗਰਮੀਆਂ ਨੂੰ ਮੁੜ ਸੁਰਖ ਕਰ ਦਿੱਤਾ ਹੈ। ਅੱਜ ਇਥੇ ਚੋਣ ਪ੍ਰਚਾਰ ਲਈ ਜਾਣ ਤੋਂ ਪਹਿਲਾਂ ਆਪਣੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਸਿੰਘ ਨੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਗੈਰ ਸਿਧਾਂਤਕ ਅਤੇ ਮੌਕਾ ਪ੍ਰਸਤੀ ’ਚੋਂ ਪਨਪਿਆ ਹੋਇਆ ਹੈ, ਜੋ ਵੱਖ-ਵੱਖ ਰਾਜਨੀਤਿਕ ਵਿਚਾਰ ਧਰਾਵਾਂ ਰੱਖਣ ਦੇ ਬਾਵਜੂਦ ਕੇਵਲ ਆਪਣੇ ਸਿਆਸੀ ਮੁਫਾਦਾਂ ਦੀ ਪੂਰਤੀ ਲਈ ਇਕਜੁੱਟ ਨਜ਼ਰ ਆ ਰਹੇ ਹਨ। ਕੈਪਟਨ ਸਿੰਘ ਨੇ ਕਿਹਾ ਕਿ ਧਾਰਾ 370 ਅਤੇ ਸਿਵਲ ਲਾਅ ਸਬੰਧੀ ਦੋਵਾਂ
ਪਾਰਟੀਆਂ ਦੇ ਪੱਖ ਇੱਕ ਦੂਸਰੇ ਦੇ ਉਲਟ ਹਨ ਪਰ ਫਿਰ ਵੀ ਚੋਣ ਜਿੱਤਣ ਦੀ ਇੱਛਾ ਕਾਰਨ ਦੋਵੇਂ ਵਿਚਾਰਕ ਵਿਰੋਧੀ ਸਾਂਝ ਪਾਏ ਹੋਏ ਹਨ। ਅਜਨਾਲਾ ਵਿਖੇ ਕਾਲਿਆਂ ਵਾਲੇ ਖੂਹ ’ਚੋਂ ਨਿਕਲੇ ਮਨੁੱਖੀ ਪਿੰਜਰਾਂ ’ਤੇ ਚਰਚਿਤ ਮਾਮਲੇ ਸਬੰਧੀ ਪੁੱਛੇ ਜਾਣ ’ਤੇ ਕੈਪਟਨ ਸਿੰਘ ਨੇ ਕਿਹਾ ਕਿ ਇਸ ’ਚ ਕੋਈ ਦੋ ਰਾਏ ਨਹੀਂ ਕਿ ਉਕਤ ਫ਼ੌਜੀ ਅੰਗਰੇਜੀ ਹਕੂਮਤ ਵੱਲੋਂ ਐਂਗਲੋ ਸਿੱਖ ਲੜਾਈਆਂ ’ਚ ਖ਼ਾਲਸਾ ਸਿੱਖ ਫ਼ੌਜ ਵਿਰੁੱਧ ਲੜੇ ਸਨ ਅਤੇ ਉਨ੍ਹਾਂ ਨੂੰ ਸਿੱਖ ਵਿਰੋਧੀ ਹੀ ਕਿਹਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਫ਼ੌਜੀਆਂ ਨੂੰ ਅੰਗਰੇਜੀ ਹਕੂਮਤ ਨੇ ਬਗਾਵਤ ਕਾਰਨ ਮਾਰ ਦਿੱਤਾ ਸੀ, ਜਿਸ ਕਰਕੇ ਉਨ੍ਹਾਂ ਨੂੰ ਫ਼ੌਜੀ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ। ਉਕਤ ਫ਼ੌਜੀਆਂ ਨੂੰ ਸ਼ਹੀਦ ਦਾ ਦਰਜਾ ਮਿਲਣ ਸਬੰਧੀ ਉਨ੍ਹਾਂ ਕਿਹਾ ਕਿ ਸਿੱਖ ਰਾਜ ਵਿਰੁੱਧ ਲੜਨ ਵਾਲਿਆਂ ਲਈ ਮੈਂ ਇਸ ਮੰਗ ਦੀ ਹਮਾਇਤ ਨਹੀਂ ਕਰ ਸਕਦਾ।



