ਨਵੀਂ ਦਿੱਲੀ, 8 ਅਪ੍ਰੈਲ (ਪੀ.ਟੀ.)-ਹੋ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਕਾਲੇ ਧਨ ਦਾ ਪ੍ਰਵਾਹ ਰੋਕਣ ਲਈ ਦੇਸ਼ ਭਰ ਦੇ ਏ.ਟੀ.ਐੱਮਜ਼. ਲਈ ਨਕਦੀ ਲਿਜਾਣ ਵਾਲੀਆਂ ਹਜ਼ਾਰਾਂ ਨਿੱਜੀ ਵੈਨਾਂ ਰੈਵੀਨਿਊ ਇੰਟੈਲੀਜੈਂਸ ਏਜੰਸੀਆਂ ਦੀ ਜਾਂਚ ਦੇ ਘੇਰੇ ਹੇਠ ਆ ਗਈਆਂ ਹਨ। ਗੈਰਕਾਨੂੰਨੀ ਪੈਸੇ ਨੂੰ ਇਧਰ ਉਧਰ ਜਾਣ ਤੋਂ ਰੋਕੇ ਜਾਣ ਲਈ ਉਪਾਵਾਂ ਬਾਰੇ ਕੀਤੇ ਜਾਣ ਵਾਲੇ ਫ਼ੈਸਲੇ ਬਾਰੇ ਹਾਲ ਹੀ ਵਿੱਚ ਵਿੱਤ ਮੰਤਰਾਲੇ ਅਤੇ ਚੋਣ ਕਮਿਸ਼ਨ ਦੇ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਨਕਦੀ ਵਾਲੀਆਂ ਵੈਨਾਂ ਵਿੱਚ ਕਾਲੇ ਧਨ ਦੀ ਢੋਆ ਢੁਆਈ ਬਾਰੇ ਇੰਟੈਲੀਜੈਂਸ ਦੀ ਰਿਪੋਰਟ ’ਤੇ ਚਰਚਾ ਕੀਤੀ ਗਈ ਸੀ। ਇਹ ਵੈਨਾਂ ਬੈਂਕਾਂ ਨਾਲ ਜੁੜੀਆਂ ਨਿੱਜੀ ਸੁਰੱਖਿਆ ਏਜੰਸੀਆਂ ਵੱਲੋਂ ਨਕਦੀ ਦੀ ਢੋਆ-ਢੁਆਈ ਲਈ ਵਰਤੀਆਂ ਜਾਂਦੀਆਂ ਹਨ। ਇਨ੍ਹਾਂ ਨੂੰ ਬੈਂਕਾਂ ਵੱਲੋਂ ਕਿਰਾਏ ’ਤੇ ਲਿਆ ਹੋਣ ਕਰਕੇ ਇਹ ਵੈਨਾਂ ਸੁਰੱਖਿਆ ਏਜੰਸੀਆਂ ਤੋਂ ਛੋਟ ਦਾ ਅਨੰਦ ਮਾਣ ਰਹੀਆਂ ਹਨ। ਮੀਟਿੰਗ ਵਿੱਚ ਇੰਡੀਅਨ
ਬੈਂਕ ਐਸੋਸੀਏਸ਼ਨ ਨੂੰ ਜ਼ਰੂਰੀ ਕਦਮ ਚੁੱਕਣ ਲਈ ਕਹਿਣ ਬਾਰੇ ਫ਼ੈਸਲਾ ਕੀਤਾ ਗਿਆ ਹੈ ਅਤੇ ਇਸ ਸਬੰਧੀ ਹਦਾਇਤਾਂ ਵੀ ਜਾਰੀ ਕੀਤੀਆਂ ਜਾ ਸਕਦੀਆਂ ਹਨ।



