ਮਾਮੂਲੀ ਤਕਰਾਰ ਨੂੰ ਲੈ ਕੇ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ, ਦੋਸ਼ੀ ਫਰਾਰ

ਅੰਮ੍ਰਿਤਸਰ, 16 ਜਨਵਰੀ (ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ)-  ਬੀਤੀ ਰਾਤ ਤੇਜ਼ ਨਗਰ ਵਿਖੇ ਕੰਵਲਜੀਤ ਸਿੰਘ ਦੇ ਘਰ ਮਨਾਈ ਜਾ ਰਹੀ ਲੋਹੜੀ ਦਾ ਜਸ਼ਨ ਉਸ ਵਕਤ ਗਮੀ ਵਿੱਚ ਤਬਦੀਲ ਹੋ ਗਿਆ, ਜਦ ਉਸ ਦਾ ਉਸ ਸਮੇਂ ਗਲੀ ਵਿੱਚ ਹੀ ਕੁਝ ਵਿਆਕਤੀਆਂ ਨਾਲ ਰਸਤਾ ਦੇਣ ਤੋ ਹੋਏ ਤਕਰਾਰ ਦੌਰਾਨ ਉਨ੍ਹਾਂ ਵੱਲੋਂ ਉਸ ਦਾ ਕਤਲ ਕਰ ਦਿੱਤਾ ਗਿਆ। ਜਦ ਉਹ ਬਜ਼ਾਰ ‘ਚੋ ਕੁਝ ਸਮਾਨ ਖ੍ਰੀਦ ਕੇ ਵਾਪਿਸ ਆ ਰਿਹਾ ਸੀ। ਥਾਣਾ ਮੁੱਖੀ ਬੀ. ਡਵੀਜਨ ਦੇ ਐਸ.ਐਚ.ਓ ਇੰਸਪੈਕਟਰ ਸੁਖਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋ ਕੰਵਲਜੀਤ ਸਿੰਘ ਦੇ ਪਿਤਾ ਦੇ ਬਿਆਨਾਂ ’ਤੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਗੋਲਡੀ ਅਤੇ ਰਿੰਕੂ ਵਿਰੁੱਧ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਲਈ ਪੁਲਿਸ ਵਲੋ ਛਪੇਮਾਰੀ ਕੀਤੀ ਜਾ ਰਹੀ ਹੈ।
ਕੀ ਸੀ ਸਾਰਾ ਮਾਮਲਾ- ਮ੍ਰਿਤਕ ਨੌਜਵਾਨ ਕੰਵਲਜੀਤ ਸਿੰਘ ਦੇ ਪਿਤਾ ਮਨਜੀਤ ਸਿੰਘ ਨੇ ਦੱਸਿਆ ਕਿ ਕੰਵਲਜੀਤ ਦਾ ਅਜੇ 9 ਮਹੀਨੇ ਪਹਿਲਾ ਹੀ ਵਿਆਹ ਹੋਇਆ ਸੀ ਤੇ ਉਸ ਆਪਣੇ ਦੋਸਤ ਨਾਲ ਬਜਾਰ ਤੋ ਕੁਝ ਸਮਾਨ ਲੈ ਕੇ ਵਾਪਿਸ ਆ ਰਿਹਾ ਸੀ ਤਾਂ ਰਸਤੇ ਵਿੱਚ ਬੈਠੇ ਗੋਲਡੀ ਅਤੇ ਰਿੰਕੂ ਤੇ ਉਨ੍ਹਾਂ ਤੋਂ ਸਾਥੀਆਂ ਤੋਂ ਜਦ ਉਸ ਨੇ ਮੋਟਰਸਾਈਕਲ ਲੰਘਾਉਣ ਲਈ ਰਸਤਾ ਮੰਗਿਆ ਤਾਂ ਉਨ੍ਹਾਂ ਵਿੱਚ ਹੋਇਆ ਤਕਰਾਰ ਹੱਥੋਪਾਈ ਤੱਕ ਪਹੁੰਚ ਗਈ। ਜਿਸ ‘ਤੇ ਗੋਲਡੀ ਅਤੇ ਰਿੰਕੂ ਤੇ ਉਨ੍ਹਾਂ ਦੇ ਸਾਥੀਆ ਨੇ ਮਿਲ ਕੇ ਕੰਵਲਜੀਤ ਦੀ ਬੇਤਹਾਸ਼ਾ ਮਾਰਕੁੱਟ ਕੀਤੀ ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਕੇ ਉਸਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਮੋਕੇ ਕੰਵਲਜੀਤ ਦੀ ਹੱਤਿਆਂ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਉਸ ਦੇ ਪਰਿਵਾਰਕ ਮੈਬਰਾਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਕੰਵਲਜੀਤ ਦੀ ਲਾਸ਼ ਨੂੰ ਥਾਣੇ ਦੇ ਬਾਹਰ ਰੱਖ ਕੇ ਪੁਲਸ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜਦ ਤੱਕ ਉਨ੍ਹਾਂ ਨੂੰ ਇਨਸਾਫ ਨਹੀ ਮਿਲ ਜਾਂਦਾ ਉਹ ਇਸੇ ਤਰ੍ਹਾਂ ਹੀ ਡਟੇ ਰਹਿਣਗੇ। ਇਸ ਸਬੰਧੀ ਜਦ ਐਸ.ਐਚ.ਓ ਸੁਖਬੀਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ਼ ਕੀਤਾ ਗਿਆ ਹੈ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Send this to a friend