ਰਾਜਪੁਰਾ, 7 ਜਨਵਰੀ (ਦਇਆ ਸਿੰਘ)-ਇਥੋਂ ਦੇ ਟਾਹਲੀ ਵਾਲਾ ਚੌਂਕ ਤੋਂ ਲੈ ਕੇ ਦੁਰਗਾ ਮੰਦਰ ਚੌਂਕ ਅਤੇ ਬਜ਼ਾਰਾਂ ’ਚ ਦੁਕਾਨਦਾਰਾ ਵੱਲੋਂ ਦੁਕਾਨਾਂ ਅੱਗੇ ਕੀਤੇ ਨਜਾਇਜ਼ ਕਬਜ਼ਿਆਂ ਨੂੰ ਠੱਲ ਪਾਉਣ ਦੇ ਲਈ ਨਗਰ ਕੌਂਸਲ ਰਾਜਪੁਰਾ ਦੇ ਅਧਿਕਾਰੀਆਂ ਅਤੇ ਟ੍ਰੈਫਿਕ ਪੁਲਿਸ ਰਾਜਪੁਰਾ ਵੱਲੋਂ ਸਾਂਝੇ ਤੌਰ ’ਤੇ ਕਾਰਵਾਈ ਕਰਦਿਆਂ ਦੁਕਾਨਾਂ ਦੇ ਬਾਹਰ ਪਏ ਸਮਾਨ ਨੂੰ ਆਪਣੇ ਕਬਜ਼ੇ ’ਚ ਲਿਆ।
ਨਗਰ ਕੌਂਸਲ ਰਾਜਪੁਰਾ ਦੇ ਸੁਪਰਡੈਂਟ ਬੂਟਾ ਸਿੰਘ ਅਤੇ ਟ੍ਰੈਫਿਕ ਪੁਲਿਸ ਰਾਜਪੁਰਾ ਦੇ ਇੰਚਾਰਜ ਅਮਰਜੀਤ ਸਿੰਘ ਨੇ ਗਲਬਾਤ ਕਰਦਿਆ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਰਾਜਪੁਰਾ ਟਾਊਨ ਮੁੱਖ ਸੜਕ ਕਿਨਾਰੇ ਅਤੇ ਬਜ਼ਾਰਾਂ ’ਚ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਅੱਗੇ ਅਤੇ ਸੜਕ ਕਿਨਾਰੇ ਖੜਦੀਆਂ ਨਜਾਇਜ਼ ਰੇਹੜੀਆਂ ਸਬੰਧੀ ਖਬਰਾਂ ਆ ਰਹੀਆਂ ਸਨ। ਜਿਸ ਤੇ ਅੱਜ ਉਨਾਂ ਵੱਲੋਂ ਸਾਂਝੇ ਤੌਰ ’ਤੇ ਹਫਤਾਵਰੀ ਨਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਟੀਮ ’ਚ ਜੰਗ ਬਹਾਦਰ ਸੈਨੇਟਰੀ ਇੰਸਪੈਕਟਰ, ਬਲਵਿੰਦਰ ਸਿੰਘ ਕਲਰਕ, ਅਜੈਬ ਸਿੰਘ, ਟ੍ਰੈਫਿਕ ਪੁਲਿਸ ਹੋਲਦਾਰ ਗੁਰਬਚਨ ਸਿੰਘ, ਗੁਰਨਾਮ ਸਿੰਘ ਅਤੇ ਪੁਲਿਸ ਪਾਰਟੀ ਦੇ ਨਾਲ ਟਾਹਲੀ ਵਾਲਾ ਚੌਂਕ ਤੋਂ ਨਜਾਇਜ਼ ਕਬਜ਼ੇ ਹਟਾਉਣ ਦੀ ਸ਼ੁਰੂਆਤ ਕੀਤੀ ਗਈ। ਇਹ ਕਾਰਵਾਈ ਦੁਰਗਾ ਮੰਦਰ ਚੌਂਕ, ਕਸਤੂਰਬਾ ਰੋਡ ਰਾਜਪੁਰਾ ਅਤੇ ਬਜ਼ਾਰ ’ਚ ਕੀਤੀ ਗਈ। ਜਿਸ ਦੌਰਾਨ ਨਗਰ ਕੌਂਸਲ ਦੀ ਗੱਡੀ ’ਤੇ ਦੁਕਾਨਦਾਰਾਂ ਵੱਲੋਂ ਦੁਕਾਨਾਂ ਦੇ ਬਾਹਰ ਨਜਾਇਜ਼ ਤੌਰ ’ਤੇ ਰੱਖੇ ਸਮਾਨ ਨੂੰ ਜਬਤ ਕਰ ਲਿਆ ਗਿਆ। ਟ੍ਰੈਫਿਕ ਇੰਚਾਰਜ ਥਾਣੇਦਾਰ ਅਮਰਜੀਤ ਸਿੰਘ ਨੇ ਕਿਹਾ ਕਿ ਕਿਸੇ ਨੂੰ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦਾ ਕੋਈ ਅਧਿਕਾਰ ਨਈ ਹੈ।
ਨਗਰ ਕੌਂਸਲ ਦੇ ਸੁਪਰਡੈਂਟ ਬੂਟਾ ਸਿੰਘ ਨੇ ਕਿਹਾ ਕਿ ਅੱਜ ਸ਼ਹਿਰ ’ਚ ਅਤੇ ਦੁਕਾਨਾਂ ਅੱਗੇ ਨਜਾਇਜ਼ ਸਮਾਨ ਰੱਖ ਕੇ ਆਵਾਜਾਈ ’ਚ ਵਿਘਨ ਪਾਉਣ ਵਾਲਿਆਂ ਖਿਲਾਫ ਕਾਰਵਾਈ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਇਹ ਕਾਰਵਾਈ 1 ਹਫਤੇ ਤੱਕ ਜਾਰੀ ਰਹੇਗੀ। ਹਰੇਕ ਦੁਕਾਨਦਾਰ ਆਪਣੀ ਦੁਕਾਨ ਦੀ ਹੱਦ ਅੰਦਰ ਸਮਾਨ ਰੱਖ ਸਕਦਾ ਹੈ। ਜੇਕਰ ਸਮਾਨ ਦੁਕਾਨ ਦੇ ਬਾਹਰ ਤੱਕ ਰੱਖਿਆ ਪਾਇਆ ਗਿਆ ਤਾਂ ਉਹ ਗੈਰ ਕਾਨੂੰਨੀ ਮੰਨਦਿਆ ਜਬਤ ਕੀਤੀ ਜਾਵੇਗਾ।