June 26, 2026 3:55 pm

ਅਕਾਲੀ ਆਗੂ ਦੇ ਕਾਕੇ ਕੋਲੋਂ 1400 ਨਸ਼ੀਲੇ ਕੈਪਸੂਲ ਅਤੇ ਗੋਲੀਆਂ ਕਾਬੂ

ਜੰਡਿਆਲਾ ਗੁਰੂ, 3 ਅਪ੍ਰੈਲ (ਵਰਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਵਿਚ ਨਸ਼ਾ ਮੁਕਤ ਅਤੇ ਗੁੰਡਾਗਰਦੀ ਦੇ ਖਿਲਾਫ ਸਰਕਾਰ ਲਿਆਉਣ ਲਈ ਢੰਡੋਰਾ ਪਿੱਟਿਆ ਜਾ ਰਿਹਾ ਹੈ ਪਰ ਇਸ ਸਰਕਾਰ ਦੇ ਆਪਣੇ ਨੁਮਾਇੰਦੇ ਹੀ ਗੁੰਡਾਗਰਦੀ ਅਤੇ ਨਸ਼ਾ ਵੇਚਣ ਨੂੰ ਅਪਣਾ ਕਾਰੋਬਾਰ ਬਣਾਕੇ ਦਿਨਾ ਵਿਚ ਲੱਖਪਤੀ ਹੋਕੇ ਕਰੋੜਪਤੀ ਬਣਨ ਦੇ ਸੁਪਨੇ ਦੇਖ ਰਹੇ ਹਨ। ਜੰਡਿਆਲਾ ਗੁਰੂ ਸ਼ਹਿਰੀ ਅਕਾਲੀ ਦਲ ਦੇ ਅਪਣੇ ਆਪਨੂੰ ਮੀਤ ਪ੍ਰਧਾਨ ਅਖਵਾਉਂਦੇ ਸ਼ਮਸ਼ੇਰ ਸਿੰਘ ਸ਼ੇਰਾ ਦੇ ਲੜਕੇ ਕੋਲੋ 1400 ਨਸ਼ੀਲੇ ਕੈਪਸੂਲ ਅਤੇ ਗੋਲੀਆਂ ਪ੍ਰਾਪਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਜੰਡਿਆਲਾ ਗੁਰੂ ਦੇ ਮੁਖੀ ਪਰਮਜੀਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੀ ਟੀ ਰੋਡ ਤਰਨਤਾਰਨ ਅੰਮ੍ਰਿਤਸਰ ਬਾਈਪਾਸ ਜੰਡਿਆਲਾ ਗੁਰੂ ਤੇ ਨਾਕਾ ਲਗਾਇਆ ਹੋਇਆ ਸੀ ਕਿ ਤਰਨਤਾਰਨ ਸਾਈਡ ਤੋਂ ਦੋ ਨੋਜਵਾਨਾਂ ਨੂੰ ਸ਼ੱਕੀ ਹਾਲਤ ਵਿਚ ਹੱਥ ਵਿਚ ਲਿਫਾਫੇ ਫੜੇ ਆਉਂਦੇ ਦੇਖਿਆ। ਪੁਲਿਸ ਪਾਰਟੀ

ਵਿਚ ਮੋਜੂਦ ਐਂਟੀਨਾਰਕੋਟਿਕ ਸਟਾਫ ਦੇ ਮੈਂਬਰਾਂ ਨੇ ਜਦ ਉਹਨਾ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਕ ਨੋਜਵਾਨ ਪੁਲਿਸ ਪਾਰਟੀ ਨੂੰ ਦੇਖਕੇ ਲਿਫਾਫਾ ਸੁੱਟਕੇ ਭੱਜ ਨਿਕਲਿਆ। ਜਦ ਕਿ ਦੂਸਰਾ ਪਿਸ਼ਾਬ ਕਰਨ ਦੇ ਬਹਾਨੇ ਲਿਫਾਫੇ ਸਮੇਤ ਖੇਤਾਂ ਨੂੰ ਤੁਰ ਪਿਆ। ਪੁਲਿਸ ਪਾਰਟੀ ਨੇ ਜਦ ਉਸ ਕੋਲੋ ਲਿਫਾਫਾ ਖੋਲਕੇ ਦੇਖਿਆ ਤਾ ਉਸ ਵਿਚੋਂ 700 ਕੈਪਸੂਲ ਪਰੀਵੋਨ ਅਤੇ 700 ਮਾਈਕਰੋਲੀਟ ਗੋਲੀਆ ਫੜੇ ਗਏ। ਨੋਜਵਾਨ ਲੜਕੇ ਨੇ ਅਪਨਾ ਨਾਮ ਅੰਮ੍ਰਿਤਪਾਲ ਸਿੰਘ ਸਪੱੁਤਰ ਸ਼ਮਸ਼ੇਰ ਸਿੰਘ ਮੁਹੱਲਾ ਸ਼ੇਖੂਪੁਰਾ ਜੰਡਿਆਲਾ ਗੁਰੂ ਦੱਸਿਆ ਜਦੋਂ ਕਿ ਫਰਾਰ ਨੋਜਵਾਨ ਹਰਦੀਪ ਸਿੰਘ ਮਿੱਠੂ ਪੁੱਤਰ ਬਿੱਟੂ ਮੁਹੱਲਾ ਸ਼ੇਖੂਪੁਰਾ ਦੱਸਿਆ। ਥਾਣਾ ਜੰਡਿਆਲਾ ਗੁਰੂ ਵਿੱਚ ਪਰਚਾ ਨੰਬਰ 60 ਮਿਤੀ1 ਅਪ੍ਰੈਲ ਐਨ ਡੀ ਪੀ ਸੀ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁੱਖੀ ਅਨੁਸਾਰ ਦੋਸ਼ੀ ਦੇ ਹੋਰ ਦੋਸਤਾਂ ਕੋਲੋਂ ਹੋਰ ਵੀ ਬਹੁਤ ਵੱਡੀ ਖੇਪ ਪ੍ਰਾਪਤ ਹੋਣ ਦੀ ਜਾਣਕਾਰੀ ਜਲਦੀ ਹੀ ਮਿਲੇਗੀ। ਇਥੇ ਇਹ ਵੀ ਦੱਸਣਯੋਗ ਹੈ ਕਿ ਸ਼ਮਸ਼ੇਰ ਸਿੰਘ ਅਕਾਲੀ ਆਗੂ ਦੀ ਪਤਨੀ ਮੋਜੂਦਾ ਨਗਰ ਕੋਂਸਲ ਜੰਡਿਆਲਾ ਗੁਰੂ ਵਿਚ ਕੋਂਸਲਰ ਵੀ ਸੀ। ਸ਼ਹਿਰ ਵਿਚ ਥਾਣਾ ਮੁੱਖੀ ਦੀ ਇਸ ਵੱਡੀ ਪ੍ਰਾਪਤੀ ਤੋਂ ਬਾਅਦ ਖੁਸ਼ੀ ਦਾ ਮਾਹੋਲ ਦੇਖਿਆ ਜਾ ਰਿਹਾ ਹੈ। ਕਿਉਂਕਿ ਇਸ ਲੜਕੇ ਨੇ ਸ਼ਹਿਰ ਵਿਚ ਨਸ਼ੇ ਦਾ ਦਰਿਆ ਵਗਾਇਆ ਹੋਇਆ ਸੀ ਅਤੇ ਸੈਂਕੜੇ ਘਰਾਂ ਦੇ ਨੋਜਵਾਨਾਂ ਨੂੰ ਬਰਬਾਦੀ ਦੇ ਰਾਹ ਉਪੱਰ ਤੋਰਿਆ ਹੋਇਆ ਸੀ। ਦੋਸ਼ੀ ਦੇ ਪਿਤਾ ਸ਼ਮਸ਼ੇਰ ਸਿੰਘ ਨੂੰ ਅਕਸਰ ਜੰਡਿਆਲਾ ਗੁਰੂ ਮੀਟਿੰਗਾਂ ਵਿੱਚ ਹਲਕਾ ਵਿਧਾਇਕ ਨਾਲ ਦੇਖਿਆ ਜਾਂਦਾ ਹੈ। ਇਸਤੋਂ ਪਹਿਲਾਂ ਵੀ ਇਸ ਅਕਾਲੀ ਆਗੂ ਦੇ ਸ਼ਹਿਜ਼ਾਦੇ ਸਾਜਨ ਵਲੋਂ 13 ਦਸੰਬਰ ਨੂੰ ਅਪਣੇ ਸਾਥੀਆਂ ਸਮੇਤ ਤੇਜ਼ਧਾਰ ਹਥਿਆਰਾਂ ਨਾਲ ਗਲੀ ਕੋਹਲੂ ਵਾਲੀ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਖੇਡਿਆ ਸੀ।

Send this to a friend