ਪੰਜਾਬ ’ਚ ਦੂਜੇ ਦਿਨ 11 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ
ਚੰਡੀਗੜ੍ਹ, 3 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਭਾਰਤੀ ਚੋਣ ਕਮਿਸ਼ਨ ਵਲੋਂ ਪੰਜਾਬ ਦੇ ਡੀ.ਜੀ.ਪੀ. ਦੇ ਛੁੱਟੀ ’ਤੇ ਜਾਣ ਪਿੱਛੋਂ ਖਾਲੀ ਅਹੁਦੇ ਨੂੰ ਭਰਨ ਲਈ ਮੁੱਖ ਸਕੱਤਰ ਪੰਜਾਬ ਸ੍ਰੀ ਰਾਕੇਸ਼ ਸਿੰਘ ਕੋਲੋਂ ਮੰਗਿਆ ਗਿਆ ਸੀਨੀਅਰ ਅਧਿਕਾਰੀਆਂ ਦਾ ਪੈਨਲ ਭੇਜ ਦਿੱਤਾ ਗਿਆ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਧੀਕ ਮੁੱਖ ਚੋਣ ਅਧਿਕਾਰੀ ਸ੍ਰੀ ਸੁਪ੍ਰੀਤ ਸਿੰਘ ਗੁਲਾਟੀ ਨੇ ਕਿਹਾ ਕਿ ਭੇਜੇ ਗਏ ਪੈਨਲ ਵਿਚ ਸੀਨੀਅਰ ਆਈ. ਪੀ. ਐਸ. ਅਫਸਰ ਜੀ.ਡੀ.ਪਾਂਡੇ 1981 ਬੈਚ, ਸੰਜੀਵ ਗੁਪਤਾ ਤੇ ਸੁਰੇਸ਼ ਅਰੋੜਾ ਦੋਵੇਂ ਆਈ.ਪੀ.ਐਸ 1982 ਬੈਚ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਪੈਨਲ ਵਿਚੋਂ ਡੀ.ਜੀ.ਪੀ. ਨਿਯੁਕਤ ਕਰਨ ਲਈ ਨਾਮ ਦੀ ਚੋਣ ਭਾਰਤੀ ਚੋਣ ਕਮਿਸ਼ਨ ਵਲੋਂ ਕੀਤੀ ਜਾਵੇਗੀ।ਪੰਜਾਬ ਵਿਚ ਲੋਕ ਸਭਾ ਚੋਣਾਂ ਲਈ
ਨਾਮਜਦਗੀਆਂ ਦਾਖਲ ਕਰਨ ਦੇ ਦੂਜੇ ਦਿਨ 11 ਉਮੀਦਵਾਰਾਂ ਵਲੋਂ 12 ਨਾਮਜਦਗੀ ਪੱਤਰ ਦਾਖਲ ਕੀਤੇ ਗਏ ਹਨ ਜਿਸ ਨਾਲ ਹੁਣ ਤੱਕ ਕੁੱਲ 17 ਉਮੀਦਵਾਰਾਂ ਵਲੋਂ 20 ਨਾਮਜਦਗੀ ਪੱਤਰ ਦਾਖਲ ਕੀਤੇ ਜਾ ਚੁੱਕੇ ਹਨ। ਅੱਜ ਜਿਨ੍ਹਾਂ ਵਿਅਕਤੀਆਂ ਵਲੋਂ ਨਾਮਜਦਗੀ ਪੱਤਰ ਦਾਖਲ ਕੀਤੇ ਗਏ ਹਨ, ਉਨ੍ਹਾਂ ਵਿਚ ਅੰਮ੍ਰਿਤਸਰ ਹਲਕੇ ਤੋਂ ਸ਼ਾਮ ਲਾਲ ਗਾਂਧੀਵਾੜੀ ਆਜਾਦ, ਜਲੰਧਰ ਤੋਂ ਜਗਨ ਨਾਥ ਬਾਜਵਾ ਆਜਾਦ ਤੋਂ ਇਲਾਵਾ ਰਾਜਿੰਦਰ ਸਿੰਘ ਆਜਾਦ, ਮੁਹੰਮਦ ਨਸੀਨ ਅੰਸਾਰੀ ਨਿਊ ਆਲ ਇੰਡੀਆ ਕਾਂਗਰਸ ਪਾਰਟੀ, ਸੁਖਵਿੰਦਰ ਸਿੰਘ ਸੇਖੋਂ ਸੀ.ਪੀ.ਆਈ. (ਐਮ) ਜਦਕਿ ਅਮਰਜੀਤ ਮੱਟੂ ਨੇ ਕਵਰਿੰਗ ਉਮੀਦਵਾਰ ਵਜੋਂ ਲੁਧਿਆਣਾ ਹਲਕੇ ਤੋਂ ਨਾਮਜਦਗੀ ਪੱਤਰ ਦਾਖਲ ਕੀਤੇ ਹਨ। ਇਸ ਤੋਂ ਇਲਾਵਾ ਫਰੀਦਕੋਟ ਹਲਕੇ ਤੋਂ ਸੀ.ਪੀ.ਆਈ. ਦੇ ਕਸ਼ਮੀਰ ਸਿੰਘ ਨੇ ਕਾਗਜ਼ ਦਾਖਲ ਕੀਤੇ ਹਨ। ਪਟਿਆਲਾ ਹਲਕੇ ਤੋਂ ਕਮਲਦੀਪ ਕੌਰ ਨੇ ਆਜਾਦ, ਰਾਮ ਸਿੰਘ ਨੇ ਬਸਪਾ ਵਲੋਂ ਅਤੇ ਜੋਗਾ ਸਿੰਘ ਨੇ ਕਵਰਿੰਗ ਉਮੀਦਵਾਰ ਵਜੋਂ, ਅਮਰੀਕ ਸਿੰਘ ਨੇ ਆਜਾਦ ਉਮੀਦਵਾਰ ਵਜੋਂ ਕਾਗਜ਼ ਦਾਖਲ ਕੀਤੇ ਹਨ। ਇਸੇ ਦੌਰਾਨ ਗੱਲਬਾਤ ਕਰਦੇ ਹੋਏ ਸੰਯੁਕਤ ਮੁੱਖ ਚੋਣ ਅਧਿਕਾਰੀ ਸ੍ਰੀ ਅਮਿਤ ਤਲਵਾਰ ਨੇ ਕਿਹਾ ਕਿ ਚੋਣ ਪ੍ਰਕ੍ਰਿਆ ’ਤੇ ਕਿਸੇ ਵੀ ਕਿਸਮ ਦੇ ਪ੍ਰਭਾਵ ਨੂੰ ਰੋਕਣ ਲਈ ਭਾਰਤੀ ਚੋਣ ਕਮਿਸ਼ਨ ਵਲੋਂ ਹਦਾਇਤ ਕੀਤੀ ਗਈ ਹੈ ਕਿ ਕੇਂਦਰ ਸਰਕਾਰ ਜਾਂ ਰਾਜ ਸਰਕਾਰ ਦਾ ਕੋਈ ਵੀ ਮੰਤਰੀ, ਸੰਸਦ ਮੈਂਬਰ , ਵਿਧਾਇਕ ਤੇ ਵਿਧਾਨ ਪ੍ਰੀਸ਼ਦਾਂ ਦੇ ਮੈਂਬਰ,ਕਾਰਪੋਰੇਸ਼ਨਾਂ ਦੇ ਮੇਅਰ, ਜਿਲ੍ਹਾ ਪ੍ਰੀਸ਼ਦਾਂ, ਪੰਚਾਇਤ ਸੰਮਤੀਆਂ ਦੇ ਚੇਅਰਪਰਸਨ ਜਿਸਨੂੰ ਸੁਰੱਖਿਆ ਮਿਲੀ ਹੋਵੇ, ਚੋਣ ਦੌਰਾਨ ਕਿਸੇ ਵੀ ਉਮੀਦਵਾਰ ਦੇ ਪੋਲਿੰਗ ਏਜੰਟ, ਗਿਣਤੀ ਏਜੰਟ ਨਹੀਂ ਬਣ ਸਕਦਾ। ਉਨ੍ਹਾਂ ਸਪੱਸ਼ਟ ਕੀਤਾ ਕਿ ਕਹਾ ਕਿ ਉਪਰੋਕਤ ਸ਼੍ਰੇਣੀ ਵਿਚੋਂ ਕੋਈ ਵੀ ਵਿਅਕਤੀ ਆਪਣੀ ਸੁਰੱਖਿਆ ਹਟਾਕੇ ਵੀ ਪੋਲਿੰਗ ਏਜੰਟ ਨਹੀਂ ਬਣ ਸਕਦਾ।
ਕਮਿਸ਼ਨ ਵਲੋਂ ਨਾਲ ਹੀ ਕਿਹਾ ਗਿਆ ਹੈ ਕਿ ਵੋਟ ਪਾਉਣ ਵੇਲੇ ਸਾਰੇ ਵੋਟਰਾਂ ਨੂੰ ਬਿਜਲਈ ਫੋਟੋ ਸ਼ਨਾਖਤੀ ਕਾਰਡ ਦਿਖਾਉਣਾ ਹੋਵੇਗਾ ਪਰ ਜਿਨ੍ਹਾਂ ਵੋਟਰਾਂ ਕੋਲ ਅਜਿਹਾ ਕਾਰਡ ਨਹੀਂ ਹੈ ਉਹ ਪਾਸਪੋਰਟ, ਡਰਾਈਵਿੰਗ ਲਾਇਸੈਂਸ, ਬੈਂਕ ਤੇ ਡਾਕਖਾਨੇ ਵਲੋਂ ਜਾਰੀ ਕੀਤੀ ਫੋਟੋ ਪਾਸਬੁੱਕ, ਪੈਨਸ਼ਨ ਸਬੰਧੀ ਫੋਟੋ ਵਾਲੇ ਦਸਤਾਵੇਜ, ਕਿਰਤ ਮੰਤਰਾਲੇ ਵਲੋਂ ਜਾਰੀ ਕੀਤੀ ਪੈਨਸ਼ਨ ਬੁੱਕ, ਪੈਨ ਕਾਰਡ, ਆਧਾਰ ਕਾਰਡ, ਐਨ.ਪੀ.ਆਰ, ਮਨਰੇਗਾ ਦਾ ਜਾਬ ਕਾਰਡ ਅਤੇ ਕੇਂਦਰ ਤੇ ਰਾਜ ਸਰਕਾਰਾਂ ਤੋਂ ਇਲਾਵਾ ਅਰਧ ਸਰਕਾਰੀ ਅਦਾਰਿਆਂ ਵਲੋਂ ਆਪਣੇ ਕਰਮਚਾਰੀਆਂ ਨੂੰ ਜਾਰੀ ਕੀਤਾ ਸ਼ਨਾਖਤੀ ਕਾਰਡ ਵੀ ਵੋਟ ਪਾਉਣ ਲਈ ਵਰਤਿਆ ਜਾ ਸਕਦਾ ਹੈ। ਉਨ੍ਹਾਂ ਨਾਲ ਹੀ ਸਪੱਸ਼ਟ ਕੀਤਾ ਕਿ ਪ੍ਰਵਾਸੀ ਭਾਰਤੀ ਨੂੰ ਵੋਟ ਪਾਉਣ ਵੇਲੇ ਆਪਣਾ ਅਸਲੀ ਪਾਸਪੋਰਟ ਦਿਖਾਉਣਾ ਲਾਜਮੀ ਹੋਵੇਗਾ।
ਉਨ੍ਹਾਂ ਨਾਲ ਹੀ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਾਰੇ ਵੋਟਰਾਂ ਨੂੰ ਵੋਟਿੰਗ ਤੋਂ ਕੁਝ ਦਿਨ ਪਹਿਲਾਂ ਫੋਟੋ ਵੋਟਰ ਸਲਿੱਪਾਂ ਵੰਡੀਆਂ ਜਾਣਗੀਆਂ ਅਤੇ ਜੇਕਰ ਕੋਈ ਵੋਟਰ ਆਪਣੀ ਫੋਟੋ ਵੋਟਰ ਸਲਿੱਪ ਲੈਣ ਤੋਂ ਖੁੰਝ ਜਾਂਦਾ ਹੈ ਤਾਂ ਉਸਦੀ ਸਹੂਲਤ ਲਈ ਹਰ ਪੋਲਿੰਗ ਸਟੇਸ਼ਨ ਦੇ ਬਾਹਰ (ਬੀ.ਐਲ.ਓ.੍ਯ) ਬੂਥ ਲੈਵਲ ਅਫਸਰ ਵਲੋਂ ਵੋਟਿੰਗ ਵਾਲੇ ਸਮੇਂ ਦੌਰਾਨ ਫੋਟੋ ਵੋਟਰ ਸਲਿੱਪਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਨਵੀਂ ਹਦਾਇਤ ਤਹਿਤ ਕਿਹਾ ਗਿਆ ਹੈ ਕਿ ਔਰਤ ਉਮੀਦਵਾਰਾਂ ਨੂੰ ਇਕ ਮਰਦ ਸੁਰੱਖਿਆ ਗਾਰਡ ਦੇ ਨਾਲ-ਨਾਲ ਇਕ ਵਾਧੂ ਮਹਿਲਾ ਸੁਰੱਖਿਆ ਕਰਮਚਾਰੀ ਵੀ ਤਾਇਨਾਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਚੋਣ ਅਧਿਕਾਰੀ ਦੇ ਦਫਤਰ ਨੂੰ ਹੁਣ ਤੱਕ ਕੁੱਲ 439 ਸ਼ਿਕਾਇਤਾਂ ਮਿਲੀਆਂ ਹਨ ਜਿਸ ਵਿਚੋਂ 266 ਦਾ ਨਿਪਟਾਰਾ ਹੋ ਚੁੱਕਾ ਹੈ। ਇਸ ਤੋਂ ਇਲਾਵਾ 2,11,341 ਲਾਇਸੈਂਸੀ ਹਥਿਆਰ ਵੀ ਜਮ੍ਹਾ ਕਰਵਾਏ ਜਾ ਚੁੱਕੇ ਹਨ।