ਨਵੇਂ ਸਾਲ ਮੌਕੇ ਗੁਰੂ ਨਗਰੀ ’ਚ ਸ਼ਰਧਾਲੂਆਂ ਦਾ ਆਇਆ ਸੈਲਾਬ, ਹਜ਼ਾਰਾਂ ਸ਼ਰਧਾਲੂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ

ਸ੍ਰੀ ਆਨੰਦਪੁਰ ਸਾਹਿਬ, 2 ਜਨਵਰੀ (ਦਵਿੰਦਰਪਾਲ ਸਿੰਘ, ਅੰਕੁਸ਼)- ਅੱਜ ਨਵੇਂ ਸਾਲ ਦੇ ਪਹਿਲੇ ਦਿਨ ਦੀ ਸ਼ੁਰੂਆਤ ਕਰਨ ਦੇ ਲਈ ਗੁਰੁ ਨਗਰੀ ‘ਚ ਸ਼ਰਧਾਲੂਆਂ ਦੀ ਆਸਥਾ ਦਾ ਸੈਲਾਬ ਵੇਖਣ ਨੂੰ ਮਿਲਿਆ। ਇਹੀ ਕਾਰਨ ਸੀ ਕਿ ਬੀਤੀ ਦੇਰ ਰਾਤ ਤੋਂ ਹੀ ਹਜ਼ਾਰਾਂ ਦੀ ਗਿਣਤੀ ‘ਚ ਸ਼ਰਧਾਲੂ ਸ੍ਰੀ ਆਨੰਦਪੁਰ ਸਾਹਿਬ ਪਹੁੰਚੇ ਹੋਏ ਸਨ ਅਤੇ ਤੜਕਸਾਰ ਤੋਂ ਹੀ ਸੰਘਣੀ ਧੁੰਦ ਦੇ ਵਿੱਚ ਪਵਿੱਤਰ ਸਰੋਵਰ ’ਚ ਇਸ਼ਨਾਨ ਕਰਨ ਉਪਰੰਤ ਉਨ੍ਹਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ। ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੰਗਤਾਂ ਦੀ ਭਾਰੀ ਆਮਦ ਬਾਰੇ ਗੱਲਬਾਤ ਕਰਦੇ ਹੋਏ ਤਖਤ ਸਾਹਿਬ ਦੇ ਜਥਦਾਰ ਗਿਆਨੀ ਰਘਬੀਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਤੋਂ ਹੀ ਹਜ਼ਾਰਾਂ ਦੀ ਗਿਣਤੀ ‘ਚ ਸੰਗਤਾਂ ਆਪਣੀਆਂ ਹਾਜ਼ਰੀਆਂ ਗੁਰੂ ਘਰ ਵਿਖੇ ਲਗਵਾ ਰਹੀ ਸੀ ਅਤੇ ਸੰਗਤਾਂ ਵਿੱਚ ਭਾਰੀ ਸ਼ਰਧਾ ਵੇਖਣ ਨੂੰ ਮਿਲ ਰਹੀ ਸੀ। ਉਨ੍ਹਾਂ ਦੱਸਿਆ ਕਿ ਬੇਸ਼ੱਕ ਕੜਾਕੇ ਦੀ ਠੰਢ ਤੇ ਸੰਘਣੀ ਧੁੰਦ ਸੀ ਪਰ ਸੰਗਤਾਂ ਦੀ ਸ਼ਰਧਾ ਤੇ ਉਤਸਾਹ ਵਿੱਚ ਕਿਸੇ ਕਿਸਮ ਦੀ ਕੋਈ ਕਮੀ ਨਜ਼ਰ ਨਹੀਂ ਆਈ। ਓਧਰ ਅੱਜ ਪ੍ਰਸਿੱਧ ਅਦਾਕਾਰ ਤੇ ਲੋਕ ਗਾਇਕ ਹਰਭਜਨ ਮਾਨ ਨੇ ਵੀ ਤਖਤ ਸੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕ ਕੇ ਆਪਣੇ ਨਵੇਂ ਵਰ੍ਹੇ ਦੀ ਸ਼ੁਰੂਆਤ ਕੀਤੀ ਅਤੇ ਉਨ੍ਹਾਂ ਆਣਪੇ ਵਲੋਂ ਸੋਸ਼ਲ ਮੀਡੀਆ ’ਤੇ ਓਧਰ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੀ ਸਥਿਤ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ਵਿਖੇ ਵੀ ਸੈਲਾਨੀਆਂ ਦੀ ਭੀੜ ਆਮ ਨਾਲੋਂ ਬੁਹਤ ਜ਼ਿਆਦਾ ਵੇਖਣ ਨੂੰ ਮਿਲੀ। ਵਿਰਾਸਤ-ਏ-ਖਾਲਸਾ ਦੇ ਅਧਿਕਾਰੀਆਂ ਅਨੁਸਾਰ ਅੱਜ ਨਵੇਂ ਸਾਲ ਦੇ ਪਹਿਲੇ ਦਿਨ ਸੈਲਾਨੀਆਂ ਦੀ ਆਮਦ ਨੇ ਪਿਛਲੇ 5 ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ ਅਤੇ ਸਾਰਾ ਦਿਨ ਹੀ ਲਗਾਤਾਰ ਆਮਦ ਬਰਕਰਾਰ ਰਹੀ ਹੈ। ਬੁਲਾਰੇ ਨੇ ਇਹ ਵੀ ਦੱਸਿਆ ਕਿ ਵਿਰਾਸਤ-ਏ-ਖਾਲਸਾ ਵਿਖੇ ਅੱਜ ਨਵੇਂ ਸਾਲ ਮੌਕੇ ਸੈਲਾਨੀਆਂ ਦੇ ਸਵਾਗਤ ਦੇ ਲਈ ਖਾਸ ਸਜ਼ਾਵਟ ਵੀ ਕੀਤੀ ਹੋਈ ਸੀ। ਦੂਸਰੇ ਪਾਸੇ ਉਤਰ ਭਾਰਤ ਦੇ ਪ੍ਰਸਿੱਧ ਸ਼ਕਤੀ ਪੀਠ ਮਾਤਾ ਨੈਣਾ ਦੇਵੀ ਵਿਖੇ ਨਵੇਂ ਸਾਲ ਦੀ ਆਮਦ ਮੌਕੇ ਚਾਰ ਰੋਜ਼ਾ ਮੇਲੇ ਦੌਰਾਨ ਡੇਢ ਲੱਖ ਸ਼ਰਧਾਲੂਆਂ ਨੇ ਮਾਤਾ ਦੇ ਦਰਬਾਰ ਵਿੱਚ ਮੱਥਾ ਟੇਕ ਕੇ ਆਪਣੀ ਹਾਜ਼ਰੀ ਦਰਜ ਕਰਵਾਈ। ਜੇਕਰ ਅੱਜ ਨਵੇਂ ਸਾਲ ਦੇ ਪਹਿਲੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਦੁਪਹਿਰ 2 ਵਜੇ ਤੋਂ ਲੈ ਕੇ ਸ਼ਾਮ ਸਾਢੇ 6 ਵਜੇ ਤੱਕ ਲਗਾਤਾਰ ਸ਼ਰਧਾਲੂਆਂ ਦੀ ਕਤਾਰਾਂ ਮੰਦਰ ਵਿੱਚ ਮੱਥਾ ਟੇਕਣ ਦੇ ਲਈ ਲੱਗੀਆਂ ਹੋਈਆਂ ਸਨ।

Send this to a friend