ਦੁਨੀਆਂ ਦਾ ਇਤਿਹਾਸ ਪੜ੍ਹੀਏ ਤਾਂ ਪਤਾ ਲਗਦਾ ਹੈ ਕਿ ਜਿੰਨੇ ਸ਼ਹੀਦ ਸਿਖ ਧਰਮ ਵਿਚ ਹੋਏ ਹਨ, ਉਨੇ ਕਿਸੇ ਵੀ ਹੋਰ ਧਰਮ ਵਿਚ ਨਹੀਂ ਹੋਏ। ਸਿਖ ਧਰਮ ਦੀ ਬੁਨਿਆਦ ਹੀ ਸ਼ਹੀਦੀਆਂ ਤੇ ਰਖੀ ਗਈ ਹੈ। ਗੁਰੂ ਗ੍ਰੰਥ ਸਾਹਿਬ ਵਿਚ ਬਾਣੀਕਾਰਾਂ ਨੇ ਸਚੀ- ਸੁਚੀ ਪ੍ਰੀਤ ਦਾ ਆਧਾਰ ਸ਼ਹੀਦੀ ਨੂੰ ਮੰਨਿਆ ਹੈ: ਠਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰ ਧਰ ਤਲੀ ਗਲੀ ਮੇਰੀ ਆਓ॥ਠ ਇਸ ਧਰਮ ਦੇ ਅਨੁਯਾਈਆਂ ਵਿਚ ਜੇਕਰ ਵਡੀ ਉਮਰ ਵਾਲੇ ਅਤੇ ਬਜ਼ੁਰਗਾਂ ਦੀਆਂ ਅਣਗਿਣਤ ਕੁਰਬਾਨੀਆਂ ਹਨ, ਉਥੇ ਛੋਟੇ ਅਤੇ ਮਾਸੂਮ ਬਚਿਆਂ ਨੇ ਵੀ ਹਕ- ਸਚ ਦੀ ਖਾਤਰ ਜੂਝ ਮਰਨ ਨੂੰ ਤਰਜੀਹ ਦਿਤੀ।
‘ਸਾਕਾ ਸਰਹੰਦ’ ਇਕ ਇਹੋ ਜਿਹੀ ਹੀ ਲੂੰ ਕੰਡੇ ਖੜ੍ਹੇ ਕਰ ਦੇਣ ਵਾਲੀ ਦਾਸਤਾਨ ਹੈ, ਜਿਸ ਵਿਚ ਨਿਕੀਆਂ ਤੇ ਮਾਸੂਮ ਜਿੰਦਾਂ ਨੇ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਕੇ ਸਿਖ ਧਰਮ ਦੀ ਬੁਨਿਆਦ ਪਕੀ ਕੀਤੀ।
ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ (1666-1708) ਆਨੰਦਪੁਰ ਦਾ ਕਿਲ੍ਹਾ ਖਾਲੀ ਕਰਨ ਪਿਛੋਂ ਜਦੋਂ ਸਰਸਾ ਤੋਂ ਪਾਰ ਹੋਏ, ਤਾਂ ਉਨ੍ਹਾਂ ਦਾ ਪਰਿਵਾਰ ਤਿੰਨ ਹਿਸਿਆਂ ਵਿਚ ਵੰਡਿਆ ਗਿਆ: ਵਡੇ ਸਾਹਿਬਜ਼ਾਦੇ ਆਪਣੇ ਗੁਰੂ-ਪਿਤਾ ਸਮੇਤ ਚਮਕੌਰ ਵਲ ਚਲੇ ਗਏ; ਮਾਤਾ ਸੁੰਦਰੀ ਅਤੇ ਮਾਤਾ ਸਾਹਿਬ ਕੌਰ, ਭਾਈ ਮਨੀ ਸਿੰਘ ਦੇ ਨਾਲ ਦਿਲੀ ਚਲੇ ਗਏ,ਜਦ ਕਿ ਦੁਧ-ਸ਼ੀਰ ਛੋਟੇ ਸਾਹਿਬਜ਼ਾਦੇ, ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ, ਜਿਨ੍ਹਾਂ ਦੀ ਉਮਰ ਸਿਰਫ਼ ਸਤ ਅਤੇ ਨੌਂ ਸਾਲ ਦੀ ਸੀ, ਆਪਣੀ ਬਜ਼ੁਰਗ ਦਾਦੀ ਮਾਤਾ ਗੁਜਰੀ ਜੀ ਨਾਲ ਸਰਹੰਦ ਵਲ ਚਲੇ ਗਏ।
ਪੋਹ ਦਾ ਸਾਰਾ ਹੀ ਮਹੀਨਾ ਸਿਖ ਸ਼ਹੀਦੀਆਂ ਦੀ ਦਿਲ- ਕੰਬਾਊ ਘਟਨਾ ਹੈ, ਜਿਸ ਵਿਚ ਗੁਰੂ ਗੋਬਿੰਦ ਸਿੰਘ ਦੇ ਵਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਚਮਕੌਰ ਦੀ ਕਰਬਲਾ ਅੰਦਰ ਸ਼ਹਾਦਤ ਦਾ ਜਾਮ ਪੀ ਗਏ। ਇਥੇ ਇਕ ਪਾਸੇ ਭੁਖੇ- ਪਿਆਸੇ ਅਤੇ ਥਕਾਵਟ ਨਾਲ ਚੂਰ ਗਿਣਤੀ ਦੇ ਚਾਲੀ ਕੁ ਸਿੰਘ ਸਨ, ਜਦ ਕਿ ਦੂਜੇ ਪਾਸੇ ਦਸ ਲਖ ਦੀ ਮੁਗਲ ਫੌਜ ਸੀ।ਦੁਨੀਆਂ ਦੇ ਇਤਿਹਾਸ ਵਿਚ ਇਹੋ ਜਿਹੀ ਅਸਾਵੀਂ ਜੰਗ ਦਾ ਕਿਧਰੇ ਕੋਈ ਜ਼ਿਕਰ ਨਹੀਂ ਮਿਲਦਾ। ਇਹ ਵਾਕਿਆ 22 ਦਸੰਬਰ 1704 ਈ. ਦਾ ਹੈ।
ਇਸ ਘਟਨਾ ਤੋਂ ਪੰਜ ਦਿਨ ਪਿਛੋਂ, 27 ਦਸੰਬਰ ਨੂੰ ਛੋਟੇ ਸਾਹਿਬਜ਼ਾਦੇ ਵਜ਼ੀਰ ਖਾਂ ਸੂਬਾ ਸਰਹੰਦ ਦੇ ਹੁਕਮ ਨਾਲ ਨੀਹਾਂ ਵਿਚ ਚਿਣਵਾ ਕੇ ਸ਼ਹੀਦ ਕਰ ਦਿਤੇ ਗਏ। ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ-ਸਾਕੇ ਨੂੰ ਇਤਿਹਾਸ ਵਿਚ ‘ਸਾਕਾ ਸਰਹਿੰਦ‘ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਸਾਕੇ ਨੂੰ ਪੜ੍ਹਨ- ਸੁਣਨ ਵਾਲਾ ਕੋਈ ਵੀ ਇਨਸਾਨ ਅਖਾਂ ‘ਚੋਂ ਹੰਝੂ ਵਹਾਏ ਬਿਨਾਂ ਨਹੀਂ ਰਹਿ ਸਕਦਾ।
ਪਰਿਵਾਰ ਨਾਲੋਂ ਅਡ ਹੋਣ ਪਿਛੋਂ ਦਾਦੀ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਉਨ੍ਹਾਂ ਦਾ ਪੁਰਾਣਾ ਰਸੋਈਆ ਗੰਗੂ ਆਪਣੇ ਪਿੰਡ ਸਹੇੜੀ ਲੈ ਗਿਆ ਤੇ ਪਹਿਲੀ ਰਾਤ ਤਿੰਨਾਂ ਨੇ ਕੁੰਮੇ ਮਾਸ਼ਕੀ ਦੇ ਘਰ ਬਿਤਾਈ। ਗੰਗੂ ਦੇ ਦਿਲ ਵਿਚ ਬੇਈਮਾਨੀ ਆ ਗਈ ਤੇ ਉਹਨੇ ਮਾਤਾ ਗੁਜਰੀ ਜੀ ਦੀ ਹੀਰੇ- ਜਵਾਹਰਾਂ ਦੀ ਥੈਲੀ ਚੁਰਾ ਲਈ। ਪਿਛੋਂ ਲੋਭ- ਲਾਲਚ ਵਿਚ ਅੰਨ੍ਹਾ ਹੋ ਕੇ ਉਹਨੇ ਤਿੰਨਾਂ ਨੂੰ ਗ੍ਰਿਫਤਾਰ ਕਰਵਾ ਦਿਤਾ।ਪਹਿਲਾਂ ਇਨ੍ਹਾਂ ਨੂੰ ਮੋਰਿੰਡਾ ਵਿਖੇ ਹਿਰਾਸਤ ਵਿਚ ਰਖਿਆ ਗਿਆ,ਪਿਛੋਂ ਜਲੂਸ ਦੀ ਸ਼ਕਲ ਵਿਚ ਸਰਹਿੰਦ ਪਹੁੰਚਾ ਦਿਤਾ।
ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਂ,ਜੋ ਚਮਕੌਰ ਦੀ ਜੰਗ ਤੋਂ ਨਿਰਾਸ਼ ਪਰਤਿਆ ਸੀ, ਨੇ ਤਿੰਨਾਂ ਜੀਆਂ ਨੂੰ ਠੰਢੇ ਬੁਰਜ ਵਿਚ ਕੈਦ ਕਰਵਾ ਦਿਤਾ ਅਤੇ ਆਸਪਾਸ ਸਖਤ ਪਹਿਰਾ ਲਾ ਦਿਤਾ। ਸਰਦੀਆਂ ਦੀਆਂ ਭਿਆਨਕ ਠੰਢੀਆਂ ਰਾਤਾਂ ਵਿਚ ਬਜ਼ੁਰਗ ਦਾਦੀ ਅਤੇ ਪੋਤਿਆਂ ਨੂੰ ਠੰਡ ਤੋਂ ਬਚਣ ਲਈ ਕੋਈ ਗਰਮ ਕਪੜੇ ਨਹੀਂ ਦਿਤੇ ਗਏ ਅਤੇ ਨਾ ਹੀ ਉਨ੍ਹਾਂ ਨੂੰ ਖਾਣ- ਪੀਣ ਨੂੰ ਕੁਝ ਦਿਤਾ ਗਿਆ। ਵਜ਼ੀਰ ਖਾਂ ਦਾ ਖ਼ਿਆਲ ਸੀ ਕਿ ਠੰਡ ਅਤੇ ਭੁਖ ਦੇ ਪ੍ਰਕੋਪ ਤੋਂ ਆਤੁਰ ਹੋ ਕੇ ਬਚੇ ਇਸਲਾਮ ਧਰਮ ਕਬੂਲ ਕਰਨ ਲਈ ‘ਹਾਂ‘ ਕਰ ਦੇਣਗੇ। ਪਰ ਉਹ ਨਹੀਂ ਸੀ ਜਾਣਦਾ ਕਿ ਇਹਨਾਂ ਮਾਸੂਮਾਂ ਦੀਆਂ ਰਗਾਂ ਵਿਚ ਗੁਰੂ ਗੋਬਿੰਦ ਸਿੰਘ ਜਿਹੇ ਮਹਾਨ ਸੂਰਬੀਰ ਦਾ ਖੂਨ ਹੈ ਤੇ ਇਨ੍ਹਾਂ ਦਾ ਦਾਦਾ (ਗੁਰੂ ਤੇਗ ਬਹਾਦਰ) ਅਤੇ ਪੜਦਾਦਾ (ਗੁਰੂ ਅਰਜਨ ਦੇਵ) ਪਹਿਲਾਂ ਹੀ ਸ਼ਹੀਦੀ ਦੀ ਮਿਸਾਲ ਪ੍ਰਜ੍ਵਲਿਤ ਕਰ ਚੁਕੇ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਇਕ ਸ਼ਰਧਾਲੂ ਮੋਤੀ ਰਾਮ ਮਹਿਰਾ ਨੇ ਪਹਿਰੇਦਾਰਾਂ ਨੂੰ ਧਨ ਅਤੇ ਗਹਿਣੇ ਦੀ ਰਿਸ਼ਵਤ ਦੇ ਕੇ ਬਚਿਆਂ ਅਤੇ ਮਾਤਾ ਜੀ ਲਈ ਦੁਧ ਦੀ ਸੇਵਾ ਕੀਤੀ।
ਵਜ਼ੀਰ ਖਾਂ ਦੇ ਦਰਬਾਰ ਵਿਚ ਤਿੰਨ ਦਿਨ ਬਚਿਆਂ ਨੂੰ ਪੇਸ਼ ਕੀਤਾ ਗਿਆ। ਪਹਿਲੇ ਦਿਨ ਵਜ਼ੀਰ ਖਾਂ ਦੇ ਇਕ ਟੋਡੀ ਸੁਚਾ ਨੰਦ ਨੇ ਮੁਖ ਦਰਵਾਜ਼ਾ ਬੰਦ ਕਰਕੇ ਛੋਟੀ ਖਿੜਕੀ ਖੋਲ੍ਹ ਦਿਤੀ, ਤਾਂ ਕਿ ਬਚੇ ਜਦੋਂ ਖਿੜਕੀ ਰਾਹੀਂ ਪ੍ਰਵੇਸ਼ ਕਰਨ ਤਾਂ ਸਿਰ ਝੁਕਾ ਕੇ ਅੰਦਰ ਆਉਣ। ਪਰ ਸਾਹਿਬਜ਼ਾਦੇ ਮੁਗਲਾਂ ਦੀ ਚਾਲ ਨੂੰ ਭਾਂਪ ਗਏ ਤੇ ਉਨ੍ਹਾਂ ਨੇ ਪਹਿਲਾਂ ਸਿਰ ਅੰਦਰ ਕਰਨ ਦੀ ਬਜਾਏ ਆਪਣੇ ਪੈਰ ਦੀ ਜੁਤੀ ਵਜ਼ੀਰ ਖਾਂ ਨੂੰ ਵਿਖਾਈ ਤੇ ਅੰਦਰ ਜਾਂਦਿਆਂ ਹੀ ਬੁਲੰਦ ਅਵਾਜ਼ ‘ਚ ‘ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ‘ ਦਾ ਨਾਅਰਾ ਬੁਲੰਦ ਕੀਤਾ, ਜਿਸ ਨੂੰ ਸੁਣਦਿਆਂ ਹੀ ਵਜ਼ੀਰ ਖ਼ਾਨ ਤੇ ਉਹਦੇ ਅਹਿਲਕਾਰਾਂ ਨੂੰ ਸਤੀਂ ਕਪੜੀਂ ਅਗ ਲਗ ਗਈ। ਸੂਬੇਦਾਰ ਨੇ ਮਾਸੂਮਾਂ ਨੂੰ ਲਾਲਚ ਅਤੇ ਡਰਾਵੇ ਦੇ ਕੇ ਈਨ ਮੰਨਣ ਨੂੰ ਕਿਹਾ ਪਰ ਇਹ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦੇ ਸਨ, ਜੋ ਸਿਰ ਕਟਵਾਉਣਾ ਤਾਂ ਜਾਣਦੇ ਸਨ- ਸਿਰ ਝੁਕਾਉਣਾ ਨਹੀਂ।
ਸੂਬੇ ਦੀ ਕਚਹਿਰੀ ਵਿਚ ਨਵਾਬ ਮਲੇਰਕੋਟਲਾ ਸ਼ੇਰ ਮੁਹੰਮਦ ਖਾਂ, ਦੀਵਾਨ ਸੁਚਾ ਨੰਦ ਅਤੇ ਕਾਜ਼ੀ ਮੌਜੂਦ ਸਨ। ਸੂਬੇ ਨੇ ਨਵਾਬ ਨੂੰ ਕਿਹਾ ਕਿ ਉਹ ਬਚਿਆਂ ਨੂੰ ਮਾਰ ਕੇ ਇਨ੍ਹਾਂ ਦੇ ਪਿਤਾ ਤੋਂ ਆਪਣੇ ਭਰਾ ਨਾਹਰ ਖਾਂ ਦੀ ਚਮਕੌਰ- ਜੰਗ ਵਿਚ ਹੋਈ ਮੌਤ ਦਾ ਬਦਲਾ ਲੈ ਲਵੇ। ਪਰ ਨਵਾਬ ਨੇ ਇਤਰਾਜ਼ ਕੀਤਾ, ਠਕਸੂਰ ਬਾਪ ਦਾ, ਸਜ਼ਾ ਮਾਸੂਮ ਬਚਿਆਂ ਨੂੰ- ਇਹ ਕਿਥੋਂ ਦਾ ਇਨਸਾਫ ਹੈ?ਠ ਨਵਾਬ ਨੇ ਮਾਸੂਮਾਂ ਦੇ ਹਕ ਵਿਚ ‘ਹਾਅ ਦਾ ਨਾਅਰਾ‘ ਮਾਰਿਆ। ਦੀਵਾਨ ਸੁਚਾ ਨੰਦ ਦੇ ਉਕਸਾਉਣ ਤੇ ਕਾਜ਼ੀ ਨੇ ਫਤਵਾ ਦੇ ਕੇ ਬਚਿਆਂ ਨੂੰ ਜਿਉਂਦੇ- ਜੀਅ ਕੰਧਾਂ ਵਿਚ ਚਿਣਨ ਦਾ ਸੁਝਾਅ ਦਿਤਾ ਤੇ ਵਜ਼ੀਰ ਖਾਂ ਨੇ ਇਸ ਦੀ ਪ੍ਰਵਾਨਗੀ ਦੇ ਦਿਤੀ।
ਜਦੋਂ ਤੀਜੇ ਦਿਨ ਵੀ ਬਚੇ ਆਪਣੇ ਧਰਮ ਤੇ ਅਡਿਗ ਰਹੇ ਤਾਂ ਸੂਬੇ ਨੇ ਉਪਰੋਕਤ ਹੁਕਮ ਦੀ ਤਾਮੀਲ ਕਰਨ ਨੂੰ ਕਿਹਾ। ਖ਼ੂਨੀ ਦੀਵਾਰ ਜਦੋਂ ਸਾਹਿਬਜ਼ਾਦਿਆਂ ਦੀ ਗਰਦਨ ਤਕ ਪਹੁੰਚ ਗਈ ਤਾਂ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਨਾਮੀ ਦੋ ਜਲਾਦਾਂ ਨੇ ਮਾਸੂਮਾਂ ਦੇ ਸੀਸ ਧੜ ਨਾਲੋਂ ਵਖ ਕਰ ਦਿਤੇ। ਠੰਢੇ ਬੁਰਜ ਵਿਚ ਕੈਦ ਬਜ਼ੁਰਗ ਮਾਤਾ ਗੁਜਰੀ ਜੀ ਨੂੰ ਜਦੋਂ ਇਹ ਖ਼ਬਰ ਮਿਲੀ ਤਾਂ ਉਨ੍ਹਾਂ ਨੇ ਪਰਮਾਤਮਾ ਦਾ ਸ਼ੁਕਰ ਕਰਦਿਆਂ ਆਪਣੇ ਪ੍ਰਾਣ ਵੀ ਤਿਆਗ ਦਿਤੇ।ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੇ ਅੰਤਿਮ ਸਸਕਾਰ ਲਈ ਗੁਰੂ-ਘਰ ਦੇ ਅਨਿੰਨ ਸੇਵਕ ਦੀਵਾਨ ਟੋਡਰ ਮਲ ਨੇ ਖੜ੍ਹੇ ਦਾਅ ਸੋਨੇ ਦੀਆਂ ਮੋਹਰਾਂ ਅਦਾ ਕਰਕੇ ਜ਼ਮੀਨ ਖ਼ਰੀਦੀ। ਜ਼ਿਕਰਯੋਗ ਹੈ ਕਿ ਸੰਸਾਰ ਦੇ ਇਤਿਹਾਸ ਵਿਚ ਇਹ ਸਭ ਤੋਂ ਮਹਿੰਗੀ ਜ਼ਮੀਨ ਹੈ। ਜਿਸ ਥਾਂ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦਾ ਅੰਤਿਮ ਸਸਕਾਰ ਹੋਇਆ, ਉਥੇ ਅਜਕਲ੍ਹ ਗੁਰਦੁਆਰਾ ਜੋਤੀ ਸਰੂਪ ਸੁਸ਼ੋਭਿਤ ਹੈ।
ਇਹ ਖ਼ਬਰ ਜਦੋਂ ਨੂਰਾ ਮਾਹੀ ਦੇ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਕੋਲ ਪਹੁੰਚੀ ਤਾਂ ਉਨ੍ਹਾਂ ਨੇ ਕਾਹੀ ਦੇ ਬੂਟੇ ਨੂੰ ਜੜ੍ਹੋਂ ਪੁਟਦਿਆਂ ਫ਼ਰਮਾਇਆ, ਠਹੁਣ ਮੁਗਲ ਸਾਮਰਾਜ ਦੀ ਜੜ੍ਹ ਪੁਟੀ ਜਾ ਚੁਕੀ ਹੈ।ਠ ਇਸ ਵਾਕਿਆ ਤੋਂ ਛੇ ਸਾਲ ਬਾਅਦ ਦਸ਼ਮੇਸ਼ ਪਿਤਾ ਤੋਂ ਥਾਪੜਾ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗਲ ਸਲਤਨਤ ਦੇ ਬਖ਼ੀਏ ਉਧੇੜ ਦਿਤੇ ਤੇ ਸਰਹਿੰਦ ਦੀ ਇਟ ਨਾਲ ਇਟ ਖੜਕਾ ਦਿਤੀ। ਚਪੜਚਿੜੀ ਦੇ ਸਥਾਨ ਤੇ ਹੋਈ ਗਹਿਗਚ ਲੜਾਈ ਵਿਚ ਵਜ਼ੀਰ ਖਾਂ ਨੂੰ ਮਾਰ ਕੇ ਬਾਬਾ ਬੰਦਾ ਸਿੰਘ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈ ਲਿਆ।
ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਹਰ ਸਾਲ ਫਤਿਹਗੜ੍ਹ ਸਾਹਿਬ ਵਿਖੇ ਤਿੰਨ ਦਿਨ (11 ਤੋਂ 13 ਪੋਹ ਤਕ) ਸ਼ਹੀਦੀ ਜੋੜਮੇਲਾ ਲਗਦਾ ਹੈ। ਜਿਥੇ ਨਿਕੀਆਂ ਮਾਸੂਮ ਜਿੰਦਾਂ ਦੀ ਲਾਸਾਨੀ ਤੇ ਬੇ- ਨਜ਼ੀਰ ਕੁਰਬਾਨੀ ਨੂੰ ਨਤਮਸਤਕ ਹੋਣ ਲਈ ਸਿਖ ਸੰਗਤਾਂ ਦੂਰ- ਦੁਰਾਡਿਓੰ ਵਹੀਰਾਂ ਘਤ ਕੇ ਆਉਂਦੀਆਂ ਹਨ।
ਹੈਰੀ ਬਵੇਜਾ ਵਲੋੰ ਬਣਾਈ ਫਿਲਮ ‘ਚਾਰ ਸਾਹਿਬਜ਼ਾਦੇ‘ ਵਿਚ ਵੀ ਨਿਕੀਆਂ ਜਿੰਦਾਂ ਦੇ ਵਡੇ ਸਾਕੇ ਨੂੰ ਖ਼ੈਰਾਜੇ-ਅਕੀਦਤ ਪੇਸ਼ ਕੀਤੀ ਗਈ ਹੈ। ਇਕ ਮੁਸਲਮਾਨ ਸ਼ਾਇਰ ਅਲਾ ਯਾਰ ਖਾਂ ਜੋਗੀ ਨੇ ਦੋ ਸੌ ਸਾਲ ਪਹਿਲਾਂ ਲਿਖੀ ਲੰਮੀ ਕਵਿਤਾ ‘ਸ਼ਹੀਦਾਨਿ ਵਫ਼ਾ‘ ਵਿਚ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦਿੰਦਿਆਂ ਲਿਖਿਆ ਹੈ:
ਹਮ ਜਾਨ ਦੇ ਕੇ ਔਰੋਂ ਕੀ ਜਾਨੇਂ ਬਚਾ ਚਲੇ।
ਸਿਖੀ ਕੀ ਨੀਂਵ ਹਮ ਹੈਂ ਸਰੋਂ ਪੇ ਉਠਾ ਚਲੇ।
ਗੁਰਿਆਈ ਕਾ ਹੈ ਕਿਸਾ ਜਹਾਂ ਮੇਂ ਬਨਾ ਚਲੇ।
ਸਿੰਘੋਂ ਕੀ ਸਲਤਨਤ ਕਾ ਹੈ ਪੌਦਾ ਲਗਾ ਚਲੇ।
ਗਦੀ ਤੋਂ ਤਖ਼ਤ ਬਸ ਅਬ ਕੌਮ ਪਾਏਗੀ।
ਦੁਨੀਆਂ ਮੇਂ ਜ਼ਾਲਮੋਂ ਕਾ ਨਿਸ਼ਾਂ ਤਕ ਮਿਟਾਏਗੀ।