ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦਿਆਂ

ਇਤਿਹਾਸ ਗਵਾਹ ਹੈ ਕਿ ਜ਼ਾਲਮ ਅਤੇ ਜ਼ੁਲਮ ਨੂੰ ਠੱਲਣ ਲਈ ਸੰਤ ਸਿਪਾਹੀ, ਯੋਧੇ ਅਤੇ ਜਰਨੈਲ ਇਸ ਧਰਤੀ ’ਤੇ ਸਮੇਂ ਸਮੇਂ ’ਤੇ ਪ੍ਰਗਟ ਹੁੰਦੇ ਰਹੇ ਹਨ। ਇਹਨਾਂ ਰੱਬੀ ਰੂਹਾਂ ਅੱਗੇ ਜ਼ਾਲਮਾਂ ਦੀਆਂ ਵਿਸ਼ਾਲ ਸੈਨਾਵਾਂ ਵੀ ਬੌਨੀਆਂ ਪੈਂਦੀਆਂ ਗਈਆਂ। ਤਾਜਾਂ ਤੱਖਤਾਂ ਵਾਲੇ ਇਹਨਾਂ ਜ਼ਾਲਮਾਂ ਨੂੰ ਆਮ ਲੋਕਾਂ ’ਤੇ ਜ਼ੁਲਮ ਕਰਨੋ ਰੋਕਣ ਲਈ ਸ਼ਸ਼ਤਰਾਂ ਨਾਲ ਲੈਸ ਸੂਰਵੀਰ ਸਮੇਂ ਨਾਲ ਜੰਗ ਏ ਮੈਦਾਨ ਵਿੱਚ ਨਿੱਤਰਦੇ ਰਹੇ ਹਨ। ਸ਼ਹੀਦਾਂ ਦੇ ਸਰਤਾਜ ਗੁਰੂੁ ਪੰਚਮ ਪਤਾਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਕੌਮਾਂ ਨੂੰ ਮਨੁੰਖਤਾ ਦੀ ਭਲਾਈ ਲਈ ਅੰਤ ਦਮ ਤੱਕ ਜੂਝਣ ਦੀ ਹਿੰਮਤ ਦਿੰਦੀ ਹੈ। ਮੀਰੀ ਪੀਰੀ ਦੇ ਦਾਤਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜ਼ੁਲਮ ਖਿਲਾਫ ਲੜਨ ਦਾ ਸਿੱਦਕ ਅੱਜ ਹਰ ਸਿੱਖ ਲਈ ਇੱਕ ਅਮੁੱਲ ਪ੍ਰੇਰਣਾ ਹੈ। ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸਫਰ ਨੂੰ ਜਾਰੀ ਰੱਖਦਿਆਂ ਜ਼ਾਲਮ ਨੂੰ ਸੋਧਦੇ ਹੋਏ ਆਪਣਾਂ ਪਰਿਵਾਰ ਸ਼ਹੀਦ ਕਰਵਾ ਦਿੱਤਾ।
ਸਮੇਂ ਦੇ ਜ਼ਾਲਮ ਅਤੇ ਜ਼ੁਲਮ ਨਾਲ ਲੜਨ ਲਈ ਸ਼੍ਰੀ ਗੁਰੂੁ ਗੋਬਿੰਦ ਸਿੰਘ ਜੀ ਨੇ ਖਾਲਸਾ ਫੌਜ ਤਿਆਰ ਕੀਤੀ। ਸਿੱਖਾਂ ਨੂੰ ਲਾਮਬੰਦ ਕੀਤਾ ਅਤੇ ਸ਼ਸ਼ਤਰਧਾਰੀ ਬਣਾ ਕੇ ਜ਼ਾਲਮ ਨੂੰ ਸੋਧਨ ਦਾ ਗੁਰ ਸਿਖਾਇਆ। ਇਸੇ ਜਦੋ ਜਹਿਦ ਦੌਰਾਨ ਸ਼੍ਰੀ ਗੁਰੂੁ ਗੋਬਿੰਦ ਸਿੰਘ ਜੀ ਦਾ ਸਾਰਾ ਪਰਿਵਾਰ ਖੇਰੂੰ ਖੇਰੂੰ ਹੋ ਗਿਆ। ਚਮਕੌਰ ਸਾਹਿਬ ਦੀ ਗੜੀ ’ਚ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੂਝਾਰ ਸਿੰਘ ਜੀ ਗੁਰੂੁ ਸਾਹਿਬ ਦੀਆਂ ਅੱਖਾਂ ਅੱਗੇ ਸ਼ਹੀਦ ਹੋ ਗਏ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ, ਮਾਤਾ ਗੁਜ਼ਰੀ ਜੀ ਨਾਲ ਅਲੱਗ ਰਸਤੇ ਪੈ ਗਏ। ਗੁਰੂੁ ਘਰ ਦਾ ਰਸੋਇਆ ਗੰਗੂ ਬ੍ਰਾਹਮਣ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਸੀ। ਗੰਗੂ ਦੇ ਮਨ ’ਚ ਗਦਾਰੀ ਆ ਗਈ ਅਤੇ ਸਰਕਾਰੇ ਦਰਬਾਰੇ ਦੁਨਆਵੀ ਸਨਮਾਨ ਖੱਟਣ ਲਈ ਉੇਸਨੇ ਮੌਕੇ ਦੇ ਸ਼ਾਸ਼ਕਾਂ ਨੂੰ ਇਤਲਾਹ ਦੇ ਕੇ ਮਾਤਾ ਜੀ ਅਤੇ ਬੱਚਿਆਂ ਨੂੰ ਜ਼ਾਲਮ ਸੂਬਾ ਸਰਹਿੰਦ ਵਜ਼ੀਰ ਖਾਨ ਦੇ ਸਪੁਰਦ ਕਰਵਾ ਦਿੱਤਾ।
ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ’ਤੇ ਤਸੀਹਿਆਂ ਦਾ ਦੌਰ ਸ਼ੁਰੂ ਹੋ ਗਿਆ ਅਤੇ ਸ਼ਹੀਦੀਆਂ ਦਾ ਸਮਾਂ ਹੌਲ਼ੀ ਹੌਲ਼ੀ ਨੇੜੇ ਆਉਣ ਲੱਗਾ। ਵਜ਼ੀਰ ਖਾਨ ਦੀ ਕਚਹਿਰੀ ’ਚ ਰੋਜ਼ਾਨਾ ਛੋਟੇ ਸਾਹਿਬਜ਼ਾਦਿਆਂ ਨੂੰ ਪੇਸ਼ ਕੀਤਾ ਜਾਂਦਾ ਅਤੇ ਇਸਲਾਮ ਕਬੂਲ ਕਰਨ ਲਈ ਅਨੇਕ ਤਰਾਂ ਦੇ ਲਾਲਚ ਦਿੱਤੇ ਜਾਂਦੇ ਅਤੇ ਫਿਰ ਨਾ ਮੰਨਣ ਦੀ ਹਾਲਤ ’ਚ ਕਹਿਰ ਦਾ ਤਸ਼ੱਦਦ ਵੀ ਕੀਤਾ ਜਾਂਦਾ। ਕਈ ਇਤਹਾਸਕਾਰ ਛੋਟੇ ਸਾਹਿਬਜ਼ਾਦਿਆਂ ’ਤੇ ਹੋਏ ਤਸ਼ਦੱਦ ਬਾਰੇ ਲਿਖਦੇ ਹਨ ਕਿ ਬੱਚਿਆਂ ਨੂੰ ਦਰਖੱਤ ਨਾਲ ਬੰਨ ਕੇ ਅੱਖਾਂ ’ਚ ਗੁਲੇਲ ਨਾਲ ਵਾਰ ਕੀਤੇ ਗਏੇ ਪਰ ਦਸਮ ਪਾਤਸ਼ਾਹ ਦੇ ਲਾਲ ਅਡੋਲ ਰਹੇ। ਰਾਤ ਸਮੇਂ ਠੰਡੇ ਬੁਰਜ ’ਚ ਬੈਠੇ ਮਾਤਾ ਗੁਜਰ ਕੌਰ ਜੀ ਸਾਹਿਬਜ਼ਾਦਿਆਂ ਨੂੰ ਦੁਲਾਰਦੇ ਹੋਏ ਅਗਲੇ ਦਿਨ ਸੂਬੇ ਦੀ ਕਚਹਿਰੀ ’ਚ ਪੈਣ ਵਾਲੀ ਪੇਸ਼ੀ ਲਈ ਤਿਆਰ ਕਰਦੇ ਅਤੇ ਦਾਦਾ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੀ ਕੁਰਬਾਨੀ ਦੀ ਮਿਸਾਲ ਦੇ ਕੇ ਸਾਹਿਬਜ਼ਾਦਿਆਂ ਦੇ ਹੌਂਸਲੇ ਬੁਲੰਦ ਕਰਦੇ। ਕਹਿਰ ਦੀ ਠੰਡ ’ਚ ਮਾਤਾ ਜੀ ਅਤੇ ਬੱਚੇ ਸਬਰ ਨਾਲ ਆਪਣਾਂ ਸਮਾਂ ਟਪਾਉਂਦੇ ਰਹੇ। ਸੂਬੇ ਦੀ ਕਚਹਿਰੀ ’ਚ ਸਾਹਿਬਜ਼ਾਦਿਆਂ ਦੀਆਂ ਪੇਸ਼ੀਆਂ ਦਾ ਦੌਰ ਚਲਦਾ ਰਿਹਾ ਪਰ ਰੱਬੀ ਰੂਹਾਂ ਆਪਣੇ ਬੱਚਨਾਂ ’ਤੇ ਕਾਇਮ ਰਹੀਆਂ।
ਸੂਬਾ ਸਰਹਿੰਦ ਵਜ਼ੀਰ ਖਾਨ ਨੇ ਆਪਣੇ ਟੀਚੇ ਦੀ ਪੂਰਤੀ ਲਈ ਇੱਕ ਕੰਧ ’ਚ ਗੋਲ ਮੋਰਾ ਬਣਵਾਇਆ ਅਤੇ ਸੋਚਿਆ ਕਿ ਜਦੋਂ ਸਾਹਿਬਜ਼ਾਦੇ ਸਿਰ ਨੀਵਾਂ ਕਰਕੇ ਇਸ ਮੋਰੇ ’ਚੋਂ ਅੰਦਰ ਆਉਣਗੇ ਤਾਂ ‘ਦੀਨ-ਕਬੂਲ ਹੈ’ ਦੇ ਨਾਅਰੇ ਲਾ ਦਿੱਤੇ ਜਾਣਗੇ। ਪਰ ਜ਼ਾਲਮ ਨੂੰ ਇਸ ਗੱਲ ਦੀ ਖਬਰ ਨਹੀਂ ਸੀ ਕਿ ਜਾਣੀ ਜਾਣ ਸ਼ਰੀਰਾਂ ਨੂੰ ਕਿਸੇ ਪਾਸਿਉਂ ਵੀ ਧੋਖਾ ਨਹੀਂ ਦਿੱਤਾ ਜਾ ਸਕਦਾ। ਸਾਹਿਬਜ਼ਾਦਿਆਂ ਨੂੰ ਦੂਜੇ ਦਿਨ ਫਿਰ ਪੇਸ਼ੀ ’ਤੇ ਲਿਆਂਦਾ ਗਿਆ। ਸੂਬੇ ਦੀ ਕਚਹਿਰੀ ’ਚ ਸਭ ਗਹੁ ਨਾਲ ਦੇਖ ਰਹੇ ਹਨ ਕਿ ਅੱਗੇ ਕਿ ਹੁੰਦਾ ਹੈ। ਛੋਟੇ ਸਾਹਿਬਜ਼ਾਦਿਆਂ ਨੇ ਮੋਰੇ ’ਚੋਂ ਅੰਦਰ ਲੰਘਦੇ ਸਮੇਂ ਪਹਿਲਾਂ ਆਪਣੇ ਪਵਿੱਤਰ ਚਰਨ ਲੰਘਾਏ ਅਤੇ ਸੀਸ ਬਾਅਦ ਵਿੱਚ ਅੰਦਰ ਲੰਘਾਇਆ। ਇਹ ਦੇਖ ਕੇ ਦਰਬਾਰ ’ਚ ਬੈਠੇ ਤਮਾਸ਼ਬੀਨ ਹੈਰਾਨ ਰਹਿ ਗਏ। ਸਾਹਿਬਜ਼ਾਦਿਆਂ ਨੇ ਗੱਜ ਕੇ ਫਤਿਹ ਬੁਲਾਈ ਅਤੇ ਜਾਬਰ ਸੂਬੇ ਦੇ ਮੂੰਹ ’ਤੇ ਹਵਾਈਆਂ ਉਡਣ ਲੱਗੀਆਂ। ਸੂਬਾ ਸਰਹਿੰਦ ਭਰੇ ਦਰਬਾਰ ’ਚ ਜ਼ਲੀਲ ਹੋ ਗਿਆ ਸੀ ਅਤੇ ਛੋਟੇ ਸਾਹਿਬਜ਼ਾਦੇ ਉਸਦੀ ਬੇਬਸੀ ਦੇਖ ਕੇ ਮੁਸਕਰਾ ਰਹੇ ਸਨ। ਵਜ਼ੀਰ ਖਾਨ ਦੇ ਗੁੱਸੇ ਦੀ ਹੱਦ ਨਾ ਰਹੀ ਅਤੇ ਉਸਨੇ ਨੇ ਤਰੁੰਤ ਸਾਹਿਬਜ਼ਾਦਿਆਂ ਨੂੰ ਜਿਊਂਦਿਆਂ ਹੀ ਕੰਧਾ ’ਚ ਚਿਨਣ ਦਾ ਹੁਕਮ ਦੇ ਦਿੱਤਾ ਪਰ ਰੱਬੀ ਰੂਹਾਂ ਆਪਣੇ ਨਿਸਚੇ ’ਤੇ ਕਾਇਮ ਸਨ ਅਤੇ ਸ਼ਹਾਦਤ ਲਈ ਤਿਆਰ। ਮਿੱਥੇ ਸਥਾਨ ’ਤੇ ਕਾਰੀਗਰ ਬੁਲਾ ਕੇ ਕੰਧ ਚਿਨਣ ਦਾ ਕੰਮ ਸ਼ੁਰੂ ਹੋਇਆ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਚਿਣੀ ਜਾ ਰਹੀ ਕੰਧ ’ਚ ਅਡੋਲ ਖੜ ਗਏ। ਗੋਡਿਆਂ ਦੀਆਂ ਚੱਪਣੀਆਂ ਘੜ ਕੇ ਇੱਟਾਂ ਲਾਈਆਂ ਗਈਆਂ। ਅੰਤ ਫਤਿਹ ਗਜਾਉਂਦੇ ਹੋਏ ਛੋਟੇ ਸਾਹਿਬਜਾਦੇ 13 ਪੋਹ ਸੰਮਤ 1761 ਬਿਕ੍ਰਮੀ ਅਰਥਾਤ 27 ਦਸੰਬਰ 1704 ਈਸਵੀ ਨੂੰ ਸ਼ਹੀਦ ਹੋ ਗਏ। ਬੱਚਿਆਂ ਦੀ ਸ਼ਹਾਦਤ ਦੀ ਖਬਰ ਸੁਣ ਕੇ ਜਗਤ ਮਾਤਾ ਗੁਜਰ ਕੌਰ ਜੀ ਵੀ ਸਰੀਰ ਛੱਡ ਗਏ। ਛੋਟੇ ਸਾਹਿਬਜ਼ਾਦਿਆਂ ’ਤੇ ਕੀਤੇ ਅੰਨੇ ਅਤੇ ਅਸਹਿ ਤਸ਼ੱਦਦ ਦਾ ਬਦਲ਼ਾ ਲੈਣ ਲਈ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸਰਹਿੰਦ ’ਤੇ ਚੜਾਈ ਕੀਤੀ ਅਤੇ ਵਜ਼ੀਰ ਖਾਨ ਨੂੰ ਘੋੜਿਆ ਨਾਲ ਘੜੀਸ ਕੇ ਮੌਤ ’ਤੇ ਘਾਟ ਉਤਾਰਿਆ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲਿਆ। ਇਹ ਮਹਾਨ ਸ਼ਹੀਦ ਸਿੱਖ ਪੰਥ ਨੂੰ ਜ਼ਾਲਮ ਅਤੇ ਜ਼ੁਲਮ ਖਿਲਾਫ ਲੜਣ ਦਾ ਇੱਕ ਅਨੋਖਾ ਸਬਕ ਸਿਖਾ ਗਏ। ਅੱਜ ਉਹਨਾਂ ਦੀ ਸੋਚ ਅਤੇ ਵਿਚਾਰਧਾਰਾ ਨੂੰ ਅਪਨਾਉਣ ਦੀ ਲੋੜ ਹੈ। ਸਿੱਖ ਪੰਥ ਨੂੰ ਇਹਨਾਂ ਮਹਾਨ ਸ਼ਹੀਦਾਂ ਤੋਂ ਪ੍ਰੇਰਣਾਂ ਲੈ ਕੇ ਇੱਕ ਅਨੁਸ਼ਾਸ਼ਨੀ ਅਤੇ ਸਾਦਾ ਜੀਵਨ ਜਿਉਣ ਦੀ ਕੋਸਿਸ਼ ਕਰਨੀ ਚਾਹੀਦੀ ਹੈ। ਸ਼੍ਰੀ ਫਤਿਹਗੜ ਸਾਹਿਬ ਵਰਗੇ ਪਵਿੱਤਰ ਅਸਥਾਨ ’ਤੇ ਨਤਮਸਤਕ ਹੁੰਦੇ ਸਮੇਂ ਸੰਗਤ ਇਹ ਧਿਆਨ ਰੱਖੇ ਕਿ ਸਾਦਾ ਲਿਬਾਸ ਪਹਿਨਿਆਂ ਜਾਵੇ ਅਤੇ ਸੰਗਤਾਂ ਲਈ ਸਾਦੇ ਲੰਗਰਾਂ ਦਾ ਪ੍ਰਬੰਧ ਕੀਤਾ ਜਾਵੇ ਅਤੇ ਕਿਸੇ ਵੀ ਤਰਾਂ ਦੀ ਹੁਲੜਬਾਜੀ ਤੋਂ ਗੁਰੇਜ਼ ਕੀਤਾ ਜਾਵੇ। ਇਹ ਸਾਡੀ ਮਹਾਨ ਸ਼ਹੀਦਾਂ ਨੂੰ ਸੱਚੀ ਸ਼ਰਧਾਜਲੀ ਹੋਵੇਗੀ।

Send this to a friend