ਪਾਕਿਸਤਾਨ ਦੇ ਸ਼ਾਂਤੀ ਲਈ ਯਤਨ

ਪਾਕਿਸਤਾਨ ਦੀ ਨਵੀਂ ਚੁਣੀ ਗਈ ਸਰਕਾਰ ਵੱਲੋਂ ਵਜ਼ੀਰੇ ਆਜ਼ਮ ਜਨਾਬ ਇਮਰਾਨ ਖਾਨ ਦੀ ਅਗਵਾਈ ਹੇਠ ਲਗਾਤਾਰ ਇਹ ਪ੍ਰਭਾਵ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਾਕਿਸਤਾਨ ਇਸ ਖੇਤਰ ਵਿੱਚ ਸ਼ਾਂਤੀ ਅਤੇ ਦੋਸਤੀ ਦਾ ਮਾਹੌਲ ਚਾਹੁੰਦਾ ਹੈ। ਪਾਕਿਸਤਾਨ ਦੇ ਵਜ਼ੀਰੇ ਆਜ਼ਮ ਲਗਾਤਾਰ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੇ ਹਨ। ਉਹ ਕਰਤਾਰਪੁਰ ਲਾਂਘੇ ਸਬੰਧੀ ਪਹਿਲਕਦਮੀ ਨੂੰ ਵੀ ਇਸ ਸ਼ਾਂਤੀ ਮੁਹਿੰਮ ਨਾਲ ਹੀ ਜੋੜ ਰਹੇ ਹਨ। ਇਹ ਗੱਲ ਵੱਖਰੀ ਹੈ ਕਿ ਭਾਰਤ ਸਰਕਾਰ ਨੂੰ ਹਾਲੇ ਤੱਕ ਪਾਕਿਸਤਾਨ ਦੇ ਨਵੇਂ ਹੁਕਮਰਾਨਾਂ ’ਤੇ ਵਿਸ਼ਵਾਸ ਨਹੀਂ ਹੈ। ਉਨ੍ਹਾਂ ਨੂੰ ਨਹੀਂ ਲੱਗਦਾ ਕਿ ਪਾਕਿਸਤਾਨ ਇਸ ਖੇਤਰ ਵਿੱਚ ਸ਼ਾਂਤੀ ਅਤੇ ਦੋਸਤੀ ਦਾ ਮਾਹੌਲ ਚਾਹੁੰਦਾ ਹੈ। ਕਸ਼ਮੀਰ ਨਾਲ ਲੱਗਦੀ ਸਰਹੱਦ ਉਪਰ ਦੋਵੇਂ ਦੇਸ਼ਾਂ ਦਰਮਿਆਨ ਪਹਿਲਾਂ ਦੀ ਤਰ੍ਹਾਂ ਹੀ ਦਵੱਲੀ ਗੋਲੀਬਾਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਦੋਵੇਂ ਦੇਸ਼ਾਂ ਵਿੱਚ ਜ਼ਹਿਰੀਲੀ ਬਿਆਨਬਾਜ਼ੀ ਵੀ ਜਾਰੀ ਹੈ। ਫਿਰ ਵੀ ਇਹ ਚੰਗੀ ਗੱਲ ਹੈ ਕਿ ਪਾਕਿਸਤਾਨ ਦੇ ਵਜ਼ੀਰੇ ਆਜ਼ਮ ਭਾਰਤ ਨਾਲ ਸ਼ਾਂਤੀ ਪੂਰਵਕ ਸਬੰਧਾਂ ਦੀ ਕਾਮਨਾ ਕਰ ਰਹੇ ਹਨ। ਹੁਣ ਪਾਕਿਸਤਾਨ ਦੇ ਥਲ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਵੀ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਵਲੋਂ ‘ਸ਼ਾਂਤੀ ਦੀ ਸ਼ੁਰੂ ਕੀਤੀ ਗਈ ਪਹਿਲਕਦਮੀ’ ਨੂੰ ਥਾਪੜਾ ਦਿੰਦਿਆਂ ਕਿਹਾ ਕਿ ਨਵੀਂ ਸਰਕਾਰ ਨੇ ਭਾਰਤ ਵਲ ਨੇਕਨੀਅਤੀ ਨਾਲ ਸ਼ਾਂਤੀ ਅਤੇ ਦੋਸਤੀ ਦਾ ਹਥ ਵਧਾਇਆ ਹੈ ਪਰ ਇਸ ਨੂੰ ਇਸਲਾਮਾਬਾਦ ਦੀ ਕਮਜ਼ੋਰੀ ਨਹੀਂ ਸਮਝਣਾ ਚਾਹੀਦਾ ਹੈ।ਜਲ ਸੈਨਾ ਅਕਾਦਮੀ ’ਚ ਜਵਾਨਾਂ ਦੀ ਪਾਸਿੰਗ ਆਊਟ ਪਰੇਡ ਨੂੰ ਸੰਬੋਧਨ ਕਰਦਿਆਂ ਜਨਰਲ ਬਾਜਵਾ ਨੇ ਕਿਹਾ ਹੈ ਕਿ, ‘‘ਪਾਕਿਸਤਾਨ ਸ਼ਾਂਤੀ ਪਸੰਦ ਮੁਲਕ ਹੈ ਅਤੇ ਸ਼ਾਂਤੀ ’ਚ ਵਿਸ਼ਵਾਸ ਰੱਖਦਾ ਹੈ।’’ ਇਮਰਾਨ ਖ਼ਾਨ ਸਰਕਾਰ ਵਲੋਂ ਪਾਕਿਸਤਾਨ ਅਤੇ ਭਾਰਤ ਵਿਚਕਾਰ ਸ਼ਾਂਤੀ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਆਂ ਉਹ ਆਖਦੇ ਹਨ ਕਿ ਸ਼ਾਂਤੀ ਦਾ ਹਰ ਕਿਸੇ ਨੂੰ ਫਾਇਦਾ ਹੁੰਦਾ ਹੈ ਅਤੇ ਇਕ-ਦੂਜੇ ਖ਼ਿਲਾਫ਼ ਲੜਨ ਦੀ ਬਜਾਏ ਹੁਣ ਅਜਿਹਾ ਵੇਲਾ ਹੈ ਜਦੋਂ ਬਿਮਾਰੀਆਂ, ਗਰੀਬੀ ਅਤੇ ਅਨਪੜ੍ਹਤਾ ਨਾਲ ਜੂਝਿਆ ਜਾਵੇ। ਜੰਗਾਂ ਨਾਲ ਲੋਕਾਂ ਨੂੰ ਮੌਤ, ਤਬਾਹੀ ਅਤੇ ਗਰੀਬੀ ਦਾ ਸਾਹਮਣਾ ਕਰਨਾ ਪੈਂਦਾ ਹੈ। ‘ਸਾਰੇ ਮੁਦਿਆਂ ਦਾ ਹਲ ਗਲਬਾਤ ਦੀ ਮੇਜ਼ ’ਤੇ ਹੋ ਸਕਦਾ ਹੈ।ਇਸ ਕਰਕੇ ਅਸੀਂ ਅਫ਼ਗਾਨਿਸਤਾਨ ’ਚ ਸ਼ਾਂਤੀ ਬਹਾਲੀ ਲਈ ਹਰ ਕਿਸੇ ਨੂੰ ਹਮਾਇਤ ਦੇ ਰਹੇ ਹਾਂ।’ ਫੌਜੀ ਜਨਰਲ ਨੇ ਇਹ ਵੀ ਕਿਹਾ ਹੈ ਕਿ ਪਾਕਿਸਤਾਨ ਨੂੰ ਅਤਿਵਾਦ ਜਾਂ ਸਾਬੋਤਾਜ ਦੀਆਂ ਘਟਨਾਵਾਂ ਨਾਲ ਟਾਕਰਾ ਕਰਨਾ ਪੈ ਰਿਹਾ ਹੈ।ਪਾਕਿਸਤਾਨੀ ਫੌਜ ਦੇ ਜਰਨੈਲ ਵੱਲੋਂ ਦਿੱਤੇ ਗਏ ਇਸ ਬਿਆਨ ’ਤੇ ਜੇਕਰ ਯਕੀਨ ਕੀਤਾ ਜਾਵੇ ਤਾਂ ਇਹ ਲੱਗਦਾ ਹੈ ਕਿ ਪਾਕਿਸਤਾਨ ਅੰਦਰ ਤਬਦੀਲੀ ਦੀ ਇਕ ਨਵੀਂ ਹਵਾ ਅੰਗੜਾਈ ਭਰ ਰਹੀ ਹੈ। ਕਾਮਨਾ ਕਰਨੀ ਚਾਹੀਦੀ ਹੈ ਕਿ ਪਾਕਿਸਤਾਨ ਦੀ ਸਰਕਾਰ ਅਤੇ ਫੌਜ ਇਨ੍ਹਾਂ ਸ਼ਬਦਾਂ ਦੀ ਭਾਵਨਾ ਮੁਤਾਬਿਕ ਹੀ ਆਪਣਾ ਕੰਮ ਕਰੇ ਤਾਂ ਜੋ ਇਸ ਖੇਤਰ ਵਿੱਚ ਸ਼ਾਂਤੀ ਅਤੇ ਦੋਸਤੀ ਦਾ ਮਾਹੌਲ ਪੈਦਾ ਹੋ ਸਕੇ। ਭਾਰਤ ਸਰਕਾਰ ਨੂੰ ਵੀ ਅਜਿਹੀਆਂ ਕੋਸ਼ਿਸ਼ਾਂ ਦਾ ਯੋਗ ਹੁੰਗਾਰਾ ਭਰਨਾ ਚਾਹੀਦਾ ਹੈ। ਦੋਨਾਂ ਦੇਸ਼ਾਂ ਦਰਮਿਆਨ ਲੰਬੇ ਸਮੇਂ ਤੋਂ ਚੱਲ ਰਿਹਾ ਟਕਰਾਅ ਹੁਣ ਖਤਮ ਹੋਣਾ ਚਾਹੀਦਾ ਹੈ।
– ਬਲਜੀਤ ਸਿੰਘ ਬਰਾੜ

Send this to a friend