ਜਗਰਾਉਂ, 24 ਦਸੰਬਰ- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਨਾਨਕ ਇੰਜਨਰਿੰਗ ਕਾਲਜ ਲੁਧਿਆਣਾ ਵਿਖੇ 5 ਜਨਵਰੀ ਨੂੰ ਅੰਤਰਰਾਸ਼ਟਰੀ ਪੱਧਰ ਦਾ ਸੈਮੀਨਾਰ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਨੂੰ ਵਿਚਾਰਨ ਅਤੇ ਪ੍ਰਚਾਰਨ ਸਬੰਧੀ ਬੁੱਧੀਜੀਵੀ ਵਰਗ ਵੱਲੋਂ ਪੇਪਰ ਪੜ੍ਹੇ ਜਾਣਗੇ। ਵਿਦੇਸ਼ ’ਚ ਵਸਦੇ ਸਿੱਖ ਇਸ ਸਮਾਗਮ ’ਚ ਵੱਡੀ ਗਿਣਤੀ ’ਚ ਸ਼ਾਮਿਲ ਹੋਣਗੇ ਅਤੇ ਵਿਦੇਸ਼ਾਂ ’ਚ ਸਥਾਪਿਤ ਸੰਗੀਤ ਸੰਸਥਾਵਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਰਾਗਾਂ ਅਧਾਰਿਤ ਗਾਇਨ ਕਰਨਗੇ। ਇਹ ਜਾਣਕਾਰੀ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਗੁਰੂ ਨਾਨਕ ਇੰਜੀਨੀਅਰ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਪ੍ਰਧਾਨਗੀ ’ਚ ਹੋਈ ਇਕ ਅਹਿਮ ਮੀਟਿੰਗ ਤੋਂ ਬਾਅਦ ਪ੍ਰੈਸ ਨੂੰ ਦਿੱਤੀ। ਭਾਈ ਗਰੇਵਾਲ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਜਿੱਥੇ ਪੰਜਾਬ ਅਤੇ ਪੰਜਾਬੋ ਬਾਹਰ ਦੇਸ਼ ਅੰਦਰ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ ਤੱਕ ਪਹੁੰਚ ਕਰਕੇ ਸੁਲਤਾਨਪੁਰ ਲੋਧੀ ਹੋ ਰਹੇ ਅਰਧ ਸ਼ਤਾਬਤੀ ਸਮਾਗਮਾਂ ਲਈ ਲਾਮਬੰਦੀ ਕੀਤੀ ਜਾ ਰਹੀ ਹੈ, ਉਥੇ ਨਗਰ ਕੀਰਤਨਾਂ ਰਾਹੀਂ, ਸੈਮੀਨਾਰ ਅਤੇ ਧਾਰਮਿਕ ਸਮਾਗਮ ਆਯੋਜਿਤ ਕਰਕੇ ਗੁਰੂ ਸਾਹਿਬ ਦਾ ਸੰਦੇਸ਼ ਸਮੁੱਚੀ ਮਾਨਵਤਾ ਤੱਕ ਪਹੁੰਚਾਉਣ ਦਾ ਪੁਰਜ਼ੋਰ ਯਤਨ ਕੀਤਾ ਜਾ ਰਿਹਾ ਹੈ। ਭਾਈ ਲੌਂਗੋਵਾਲ ਨੇ ਕੈਨੇਡਾ ਦੇ ਐਮ. ਪੀ. ਸੁੱਖ ਧਾਲੀਵਾਲ ਅਤੇ ਹੋਰ ਪ੍ਰਵਾਸੀ ਸਿੱਖਾਂ ਦੀ ਮੌਜੂਦਗੀ ’ਚ ਇਹ ਐਲਾਨ ਕੀਤਾ ਕਿ ਵਿਦੇਸ਼ਾਂ ’ਚ ਵਸਦੇ ਸਿੱਖਾਂ ਦੇ ਸਹਿਯੋਗ ਅਤੇ ਉਨ੍ਹਾਂ ਵੱਲੋਂ ਸਿੱਖ ਧਰਮ ਦੇ ਮਾਣ-ਸਨਮਾਨ ’ਚ ਕੀਤੇ ਕਾਰਜਾਂ ਦਾ ਅਸੀ ਸਤਿਕਾਰ ਕਰਕੇ ਹਾਂ। 5 ਜਨਵਰੀ ਨੂੰ ਗੁਰੂ ਨਾਨਕ ਦੇਵ ਜੀ ਦੇ ਨਾਮ ’ਤੇ ਸਥਾਪਿਤ ਗੁਰੂ ਨਾਨਕ ਇੰਜਨਰਿੰਗ ਕਾਲਜ ’ਚ ਆਯੋਜਿਤ ਸੈਮੀਨਾਰ ’ਚ ਬਾਹਰ ਬੈਠੇ ਪ੍ਰਵਾਸੀ ਸਿੱਖ ਸੰਗਤਾਂ ਦੀ ਵੱਡੀ ਸ਼ਮੂਲੀਅਤ ਹੋਵੇਗੀ ਅਤੇ ਉਨ੍ਹਾਂ ਵੱਲੋਂ ਵਿਦੇਸ਼ਾਂ ਦੀ ਧਰਤੀ ’ਤੇ ਸਿੱਖ ਦੇ ਪ੍ਰਚਾਰ ਅਤੇ ਸਨਮਾਨ ’ਚ ਪਾਏ ਯੋਗਦਾਨ ਤਹਿਤ ਸਨਮਾਨ ਵੀ ਕੀਤਾ ਜਾਵੇਗਾ। ਇਸ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਵਾਸੀ ਸਿੱਖ ਸੰਗਤਾਂ ਨੂੰ ਸ਼ਤਾਬਦੀ ਸਮਾਗਮਾਂ ’ਚ ਪਹੁੰਚਣ ਲਈ ਪ੍ਰੇਰਿਤ ਵੀ ਕੀਤਾ ਜਾਵੇਗਾ। ਇਸ ਮੌਕੇ ਮੀਟਿੰਗ ’ਚ ਸ਼ਾਮਿਲ ਸੁੱਖ ਧਾਲੀਵਾਲ ਨੇ ਸ਼੍ਰੋਮਣੀ ਕਮੇਟੀ ਦੇ ਅਜਿਹੇ ਕਾਰਜ ਦੀ ਪੁਰਜ਼ੋਰ ਸ਼ਲਾਘਾ ਕੀਤੀ ਅਤੇ ਵੱਡੀ ਸ਼ਮੂਲੀਅਤ ਅਤੇ ਸਹਿਯੋਗ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਗੁਰੂ ਨਾਨਕ ਇੰਜਨਰਿੰਗ ਕਾਲਜ ਦੇ ਪ੍ਰਿੰਸੀਪਲ ਡਾ: ਸਹਿਜਪਾਲ ਸਿੰਘ, ਸਿੱਖ ਚਿੰਤਕ ਡਾ: ਅਨੁਰਾਗ ਸਿੰਘ, ਕੌਂਸਲਰ ਅਜੀਤ ਸਿੰਘ ਠੁਕਰਾਲ, ਸੁਖਮਿੰਦਰ ਸਿੰਘ ਪੀ. ਏ., ਦਰਸ਼ਨ ਸਿੰਘ, ਸੁਰਿੰਦਰ ਸਿੰਘ ਸੀ. ਆਰ. ਆਦਿ ਹਾਜ਼ਰ ਸਨ।