ਇੰਡੋਨੇਸ਼ੀਆ ’ਚ ਸੁਨਾਮੀ ਦਾ ਕਹਿਰ

222 ਲੋਕਾਂ ਦੀ ਮੌਤ, 800 ਤੋਂ ਵੱਧ ਜ਼ਖ਼ਮੀ

ਨਵੀਂ ਦਿਲੀ, 23 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਇੰਡੋਨੇਸ਼ੀਆ ਦੇ ਸੁੰਡਾ ਜਲਡਮਰੂ ਮਧ ’ਚ ਸ਼ਨਿੱਚਰਵਾਰ ਦੀ ਰਾਤ ਨੂੰ ਜਵਾਲਾਮੁਖੀ ਫਟਣ ਨਾਲ ਆਈ ਸੁਨਾਮੀ ’ਚ ਘਟ ਤੋਂ ਘਟ 222 ਲੋਕਾਂ ਦੀ ਮੌਤ ਅਤੇ ਲਗਭਗ 843 ਲੋਕ ਜ਼ਖ਼ਮੀ ਹੋ ਗਏ। ਅਧਿਕਾਰੀਆਂ ਦੇ ਹਵਾਲੇ ਨਾਲ ਦਸਿਆ ਗਿਆ ਕਿ ਮ੍ਰਿਤਕਾਂ ਦੀ ਗਿਣਤੀ ਵਧਕੇ 222 ਹੋ ਗਈ ਹੈ। ਇਸ ਦੌਰਾਨ ਕਰੀਬ 20 ਮੀਟਰ ਉਚੀਆਂ ਲਹਿਰਾਂ ਉਠੀਆਂ, ਜਿਸ ਨਾਲ ਹੋਟਲਾਂ ਸਮੇਤ ਸੈਂਕੜੇ ਮਕਾਨ ਬਰਾਬਦ ਹੋ ਗਏ। ਇੰਡੋਨੇਸ਼ੀਆ ਦੇ ਮੌਸਮ ਵਿਗਿਆਨ ਅਤੇ ਭੂ ਵਿਗਿਆਨੀ ਏਜੰਸੀ ਦੇ ਵਿਗਿਆਨੀਆਂ ਨੇ ਕਿਹਾ ਕਿ ਅਨਾਕ ਕ੍ਰਾਕਾਟਾਓ ਜਵਾਲਾਮੁਖੀ ਫਟਣ ਬਾਅਦ ਸਮੁੰਦਰ ਦੇ ਹੇਠਾਂ ਜ਼ਮੀਨ ਖਿਸਕਣ ਸੁਨਾਮੀ ਦਾ ਕਾਰਨ ਹੋ ਸਕਦਾ ਹੈ। ਦੇਸ਼ ਦੀ ਰਾਸ਼ਟਰੀ ਆਫ਼ਤ ਪ੍ਰਬੰਧਨ ਏਜੰਸੀ ਦੇ ਬੁਲਾਰੇ ਸਤੁਪੋ ਨੇ ਦਸਿਆ ਕਿ ਸ਼ਨਿੱਚਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਰਾਤ ਲਗਭਗ ਸਾਢੇ 9 ਵਜੇ ਦਖਣੀ ਸੁਮਾਤਰਾ ਅਤੇ ਪਛਮੀ ਜਾਵੇ ਦੇ ਕੋਲ ਸਮੁੰਦਰ ਦੀਆਂ ਉਚੀਆਂ ਲਹਿਰਾਂ ਤਟਾਂ ਨੂੰ ਤੋੜ ਕੇ ਅਗੇ ਵਧੀਆ ਜਿਸ ਨਾਲ ਅਨੇਕਾਂ ਮਕਾਨ ਨਸ਼ਟ ਹੋ ਗਏ। ਦੇਖਣ ਵਾਲਿਆਂ ਨੇ ਸੋਸ਼ਲ ਮੀਡੀਆ ’ਤੇ ਸੁਨਾਮੀ ਦਾ ਕਹਿਰ ਬਿਆਨ ਕੀਤਾ ਹੈ। ਕੁਦਰਤੀ ਆਫ਼ਤ ਪ੍ਰਬੰਧਨ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਸ਼ਨੀਵਾਰ ਦੇਰ ਰਾਤ ਅਨਾਕ ਕ੍ਰਾਕਾਤੋਆ ਜਵਾਲਾਮੁਖੀ ਫਟਣ ਬਾਅਦ ਸਮੁੰਦਰ ਹੇਠਾਂ ਜ਼ਮੀਨ ਖਿਸਕ ਗਈ। ਜਿਸ ਬਾਅਦ 50 ਤੋਂ 60 ਫੁਟ ਉਚੀਆਂ ਪਾਣੀ ਦੀਆਂ ਲਹਿਰਾਂ ਨੇ ਆਸ-ਪਾਸ ਦੇ ਤਟੀ ਇਲਾਕੇ ’ਚ ਤਬਾਹੀ ਮਚਾ ਦਿਤੀ। ਦਖਣੀ ਸੁਮਾਤਰਾ ਦੇ ਕਿਨਾਰੇ ਸਥਿਤ ਕਈ ਇਮਾਰਤਾਂ ਤਬਾਹ ਹੋ ਗਈਆਂ ਹਨ। ਸੁੰਦਾ ਖਾੜੀ ਇੰਡੋਨੇਸ਼ੀਆ ਦੇ ਜਾਵਾ ਤੇ ਸੁਮਾਤਰਾ ਦੀਪ ਵਿਚਾਲੇ ਸਥਿਤ ਹੈ। ਇਹ ਜਾਵਾ ਸਮੁੰਦਰ ਨੂੰ ਹਿੰਦ ਮਹਾਂਸਾਗਰ ਨਾਲ ਜੋੜਦੀ ਹੈ। ਮਾਤਰਾ ਦੇ ਦਖਣੀ ਲਾਮਪੁੰਗ ਤੇ ਜਾਵਾ ਦੇ ਸੇਰਾਂਗ ਤੇ ਪਾਂਦੇਲਾਂਗ ਇਲਾਕੇ ਵਿਚ ਸੁਨਾਮੀ ਦਾ ਸਭ ਤੋਂ ਜ਼ਿਆਦਾ ਅਸਰ ਪਿਆ। ਅਧਿਕਾਰੀਆਂ ਮੁਤਾਬਕ ਮੌਤਾਂ ਦਾ ਅੰਕੜਾ ਹੋਰ ਵਧ ਸਕਦਾ ਹੈ। ਜ਼ਿਕਰਯੋਗ ਹੈ ਕਿ ਇਸੇ ਸਾਲ ਸਤੰਬਰ ਵਿਚ ਇੰਡੋਨੋਸ਼ੀਆ ਦੇ ਸੁਲਾਵੇਸੀ ਦੀਪ ਸਥਿਤ ਪਾਲੂ ਤੇ ਦੋਂਗਲਾ ਸ਼ਹਿਰ ਵਿਚ ਭੂਚੀਲ ਦੇ ਬਾਅਦ ਸੁਨਾਮੀ ਆਉਣ ਨਾਲ 832 ਜਣਿਆਂ ਦੀ ਮੌਤ ਹੋ ਗਈ ਸੀ ਤੇ ਹਜ਼ਾਰਾਂ ਲੋਕ ਜ਼ਖ਼ਮੀ ਹੋਏ ਸਨ।
ਨਾਰਵੇ ਦੇ ਪਤਰਕਾਰ ਓਏਸਟੀਨ ਐਂਡਰਸਨ ਮੁਤਾਬਕ ਜਵਾਲਾਮੁਖੀ ਫਟਣ ਸਮੇਂ ਉਹ ਨੇੜੇ ਹੀ ਕਿਸੇ ਦੀਪ ਦੀ ਫੋਟੋ ਲੈ ਰਿਹਾ ਸੀ। ਇਸੇ ਦੌਰਾਨ ਉਸ ਨੂੰ 50 ਤੋਂ 60 ਫੁਟ ਉਚੀ ਪਾਣੀ ਦੀ ਲਹਿਰ ਆਉਂਦੀ ਦਿਖੀ। ਉਸ ਨੇ ਦਸਿਆ ਕਿ ਜੀਨ ਬਚਾਉਣ ਲਈ ਉਸ ਨੂੰ ਕਿਸੇ ਹੋਟਲ ਵਲ ਭਜਣਾ ਪਿਆ। ਹਾਲਾਂਕਿ ਇਸਦੇ ਬਾਅਦ ਅਗਲੀ ਲਹਿਰ ਹੋਟਲ ਤਕ ਵੀ ਪਹੁੰਚ ਗਈ ਜਿਸ ਦੀ ਚਪੇਟ ਵਿਚ ਆਉਂਦਿਆਂ ਹੀ ਹੋਟਲ ਦੇ ਬਾਹਰ ਖੜੀਆਂ ਸਾਰੀਆਂ ਗਡੀਆਂ ਪਲਟ ਗਈਆਂ।

Send this to a friend