ਡਾ. ਰਤਨ ਸਿੰਘ ਅਜਨਾਲਾ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਸੇਵਾ ਸਿੰਘ ਸੇਖਵਾਂ ਨੂੰ ਸਕੱਤਰ ਜਨਰਲ ਤੇ ਪਾਰਟੀ ਬੁਲਾਰਾ ਥਾਪਿਆ
ਅੰਮ੍ਰਿਤਸਰ, 23 ਦਸੰਬਰ (ਪੰਜਾਬ ਟਾਮਿਜ਼ ਬਿਊਰੋ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਤੋਂ ਵਖ ਹੋਏ ਅਕਾਲੀ ਦਲ (ਟਕਸਾਲੀ) ਬਣਾਉਣ ਵਾਲੇ ਲੀਡਰਾਂ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕੀਤਾ ਹੈ। ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਆਪਣੇ ਸਾਥੀ ਡਾ. ਰਤਨ ਸਿੰਘ ਅਜਨਾਲਾ ਨੂੰ ਸੀਨੀਅਰ ਮੀਤ ਪ੍ਰਧਾਨ ਦਾ ਅਹੁਦਾ ਦਿਤਾ ਤੇ ਸੇਵਾ ਸਿੰਘ ਸੇਖਵਾਂ ਨੂੰ ਪਾਰਟੀ ਦਾ ਸਕਤਰ ਜਨਰਲ ਅਤੇ ਬੁਲਾਰਾ ਥਾਪਿਆ।ਹੈ। ਇਸ ਦੇ ਨਾਲ ਹੀ ਮੀਤ ਪ੍ਰਧਾਨਾਂ ਵਿਚ ਸਾਬਕਾ ਵਿਧਾਇਕ ਉਜਾਗਰ ਸਿੰਘ ਵਡਾਲੀ, ਮੋਹਿੰਦਰ ਸਿੰਘ ਹੁਸੈਨਪੁਰ (ਨਵਾਂਸ਼ਹਿਰ) ਸ਼ਾਮਿਲ ਹਨ ਤੇ ਮਖਣ ਸਿੰਘ ਨੰਗਲ (ਫ਼ਰੀਦਕੋਟ) ਨੂੰ ਜਨਰਲ ਸਕਤਰ ਥਾਪਿਆ। ਚਰਨ ਸਿੰਘ ਫ਼ਿਰੋਜ਼ਪੁਰ ਨੂੰ ਅਕਾਲੀ ਦਲ (ਟਕਸਾਲੀ) ਦਾ ਪ੍ਰਬੰਧਕੀ ਸਕਤਰ ਬਣਾਇਆ ਗਿਆ ਹੈ। ਬ੍ਰਹਮਪੁਰਾ ਨੇ ਕਿਹਾ ਹੈ ਕਿ ਉਹ ਜਲਦ ਹੀ ਪਾਰਟੀ ਨੂੰ ਰਜਿਸਟਰ ਕਰਵਾਉਣਗੇ। ਚੋਣ ਕਮਿਸ਼ਨ ਕੋਲ ਰਜਿਸਟ੍ਰੇਸ਼ਨ ਤੋਂ ਬਾਅਦ ਹੀ ਪਾਰਟੀ ਨੂੰ ਚੋਣ ਨਿਸ਼ਾਨ ਮਿਲ ਸਕਦਾ ਹੈ ਤੇ ਜੇਕਰ ਪਾਰਟੀ ਆਉਂਦੀਆਂ ਚੋਣਾਂ ਵਿਚ ਤੈਅ ਕੀਤੇ ਪਧਰ ਦਾ ਪ੍ਰਦਰਸ਼ਨ ਕਰਦੀ ਹੈ ਤਾਂ ਪਕਾ ਚੋਣ ਨਿਸ਼ਾਨ ਵੀ ਮਿਲ ਜਾਂਦਾ ਹੈ। ਢਾਂਚੇ ਦੇ ਐਲਾਨ ਤੋਂ ਬਾਅਦ ਬ੍ਰਹਮਪੁਰਾ ਨੇ ਪਤਰਕਾਰਾਂ ਨਾਲ ਗਲਬਾਤ ਦੌਰਾਨ ਬਾਦਲ ਪਰਿਵਾਰ ’ਤੇ ਖ਼ੂਬ ਸ਼ਬਦੀ ਹਮਲੇ ਕੀਤੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਛੇਤੀ ਕਰਵਾਉਣ ਲਈ ਉਹ ਪ੍ਰਧਾਨ ਮੰਤਰੀ ਤਕ ਵੀ ਪਹੁੰਚ ਕਰਨਗੇ। ਬ੍ਰਹਮਪੁਰਾ ਨੇ ਕਿਹਾ ਕਿ ਕਈ ਐਸ.ਜੀ.ਪੀ.ਸੀ. ਮੈਂਬਰ ਵੀ ਉਨ੍ਹਾਂ ਦੇ ਸੰਪਰਕ ਵਿਚ ਹਨ ਤੇ ਉਹ ਪੂਰੀ ਤਿਆਰੀ ਨਾਲ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਹਿਸਾ ਲੈਣਗੇ।