ਚੋਣਾਂ ਦੌਰਾਨ ਅਧਿਕਾਰੀ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ : ਚੋਣ ਆਬਜ਼ਰਵਰ

ਪੰਚਾਇਤੀ ਚੋਣਾਂ ਸੁਚੱਜੇ ਢੰਗ ਨਾਲ ਨੇਪਰੇ ਚਾੜੀਆਂ ਜਾਣਗੀਆਂ

ਭਗਤਾ ਭਾਈ ਕਾ, 21 ਦਸੰਬਰ (ਸਵਰਨ ਸਿੰਘ ਭਗਤਾ)- ਚੋਣ ਕਮਿਸ਼ਨ ਵੱਲੋਂ ਬਠਿੰਡਾ ਵਿਖੇ ਤਾਇਨਾਤ ਕੀਤੇ ਚੋਣ ਆਬਜ਼ਰਵਰ ਸ਼੍ਰੀ ਬਖ਼ਤਾਵਰ ਸਿੰਘ ਨੇ ਵੀਰਵਾਰ ਨੂੰ ਦੇਰ ਸ਼ਾਮ ਤੱਕ ਬਠਿੰਡਾ, ਭਗ਼ਤਾ ਭਾਈ ਅਤੇ ਗੋਨਿਆਣਾ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰਾਂ ਦਾ ਪੰਚਾਇਤੀ ਚੋਣਾਂ ਦੇ ਮੱਦੇ ਨਜ਼ਰ ਦੌਰਾ ਕੀਤਾ। ਉਨਾਂ ਆਪਣੇ ਦੌਰੇ ਉਪਰੰਤ ਪੰਚਾਇਤੀ ਚੋਣਾਂ ਦੌਰਾਨ ਰਿਟਰਨਿੰਗ ਅਫ਼ਸਰਾਂ ਵੱਲੋਂ ਨਾਮਜ਼ਦਗੀ ਪੱਤਰਾਂ ਦੀ ਹੋ ਰਹੀ ਜਾਂਚ ਅਤੇ ਹੋਰ ਚੋਣ ਪ੍ਰਕ੍ਰਿਰਿਆ ਸਬੰਧੀ ਕੀਤੇ ਜਾ ਰਹੇ ਕਾਰਜਾਂ ’ਤੇ ਤਸੱਲੀ ਪ੍ਰਗਟ ਕੀਤੀ। ਇਸ ਮੌਕੇ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨਾਂ ਸਮੂਹ ਚੋਣ ਡਿਊਟੀ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਪੰਚਾਇਤੀ ਚੋਣਾਂ ਦੌਰਾਨ ਕਿਸੇ ਵੀ ਕਿਸਮ ਦੀ ਕੋਤਾਹੀ ਬਰਦਾਸ਼ਤ ਨਹੀ- ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਚੋਣਾਂ ਨੂੰ ਸੁਚੱਜੇ ਤਰੀਕੇ ਨਾਲ ਨੇਪਰੇ ਚਾੜਨ ਦੇ ਮੁਕੰਮਲ ਪ੍ਰਬੰਧ ਕੀਤੇ ਜਾ ਚੁੱਕੇ ਹਨ। ਉਨਾ ਸਮੂਹ ਆਰ.ਓਜ. ਨੂੰ ਹਦਾਇਤ ਕਰਦਿਆਂ ਕਿਹਾ ਕਿ ਹਰ ਉਮੀਦਵਾਰ ਦੇ ਮੁਹੱਈਆ ਕਰਵਾਏ ਨਾਮਜ਼ਦਗੀ ਪੱਤਰਾਂ ਅਤੇ ਹੋਰ ਦਸਤਾਵੇਜ਼ਾਂ ਦੀ ਬਾਰੀਕੀ ਨਾਲ ਘੋਖ ਕੀਤੀ ਜਾਵੇ ਅਤੇ ਇਤਰਾਜ ਕਰਨ ਵਾਲੇ ਇੰਤਰਾਜਾਂ ਦਾ ਧਿਆਨ ਪੂਰਵਕ ਨਿਰੀਖਣ ਕਰਕੇ ਹੀ ਸਪਿਕਿੰਗ ਆਰਡਰ ਪਾਸ ਕੀਤਾ ਜਾਵੇ। ਮੀਟਿੰਗ ਦੌਰਾਨ ਆਬਜ਼ਰਵਰ ਸ਼੍ਰੀ ਬਖ਼ਤਾਵਰ ਸਿੰਘ ਵੱਲੋਂ ਜ਼ਿਲੇ ਅੰਦਰ ਚੋਣਾਂ ਦੇ ਪ੍ਰਬੰਧਾਂ ਲਈ ਹੁਣ ਤੱਕ ਕੀਤੇ ਗਏ ਅਤੇ ਅੱਗੇ ਕੀਤੇ ਜਾਣ ਵਾਲੇ ਕੰਮਾਂ ਦਾ ਵੇਰਵਾ ਲਿਆ ਗਿਆ।  ਉਨਾਂ ਨੇ ਸਬੰਧਿਤ ਅਧਿਕਾਰੀਆਂ ਨੂੰ ਚੋਣਾਂ ਨੂੰ ਸੁਚਾਰੂ, ਸੁਚੱਜੇ ਤੇ ਬਿਨਾਂ ਕਿਸੇ ਡਰ, ਭੈਅ ਦੇ ਸ਼ਾਂਤੀਪੂਰਵਕ ਨੇਪਰੇ ਚੜਾਉਣ ਲਈ ਬਿਨਾਂ ਕਿਸੇ ਪੱਖ-ਪਾਤ ਦੇ ਆਪਣੀ ਚੋਣ ਡਿਊਟੀ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਨਾਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਚੋਣਾਂ ਸਬੰਧੀ ਕੋਈ ਮੁਸ਼ਕਿਲ ਹੋਵੇ ਤਾਂ ਉਨਾਂ ਨਾਲ ਕਿਸੇ ਵੀ ਸਮੇ- ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਬਠਿੰਡਾ ਸ਼੍ਰੀ ਅਮਰਿੰਦਰ ਸਿੰਘ ਟਿਵਾਣਾ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।

Send this to a friend