June 13, 2026 11:18 pm

ਲੋਕ ਗੀਤ ਵਰਗਾ ਸ਼ਾਇਰ-ਲਾਲਾ ਧਨੀ ਰਾਮ ਚਾਤ੍ਰਿਕ

ਲਾਲਾ ਧਨੀ ਰਾਮ ਚਾਤ੍ਰਿਕ ਦਾ ਜਨਮ 4 ਅਕਤੂਬਰ 1876 ਈ: ਨੂੰ ਪਿੰਡ ਪਸੀਆਂ ਵਾਲਾ ਜਿਲ੍ਹਾ ਸ਼ੇਖੂਪੁਰ ਲਾਹੌਰ ਵਿੱਚ ਪਿਤਾ ਲਾਲਾ ਪੋਹੂ ਮੱਲ ਤੇ ਮਾਤਾ ਲਕਸ਼ਮੀ ਦੇਵੀ ਦੇ ਘਰ ਹੋਇਆ।ਲਕਸ਼ਮੀ ਦੇਵੀ ਦੀ ਸਰੀਰਕ ਹਾਲਤ ਕਮਜ਼ੋਰ ਹੋਣ ਕਾਰਨ ਧਨੀ ਰਾਮ ਨੂੰ ਇੰਨ੍ਹਾਂ ਦੀ ਮਾਸੀ ਨੇ ਆਪਣਾ ਦੁੱਧ ਪਿਲਾ ਕੇ ਪਾਲਿਆ। ਥੋੜ੍ਹੇ ਕੁ ਦਿਨਾਂ ਬਾਅਦ ਹੀ ਧਨੀ ਰਾਮ ਨੂੰ ਮਾਤਾ ਨਿਕਲ ਆਈ ਸੀ। ਤਕਰੀਬਨ ਡੇਢ ਸਾਲ ਦੀ ਉਮਰ ਵਿੱਚ ਧਨੀ ਰਾਮ ਦੇ ਮਾਤਾ ਪਿਤਾ ਕਿਸੇ ਕਾਰਨ ਕਰਕੇ ਆਪਣਾ ਜੱਦੀ ਪਿੰਡ ਛੱਡ ਕੇ ਲਾਹੌਰ ਦੀ ਸ਼ੇਰ ਸਾਹੀ ਸੜ੍ਹਕ ਤੇ ਘੁੱਗ ਵੱਸੇ ਪਿੰਡ ਲੋਪੋਕੇ ਆ ਕੇ ਰਹਿਣ ਲੱਗ ਪਏ। ਮੇਲਿਆਂ, ਛਿੰਝਾਂ, ਰਾਸਾਂ ਤੇ ਤਮਾਸ਼ਿਆਂ ਦਾ ਸ਼ੌਕੀਨ ਹੋਣ ਕਰਕੇ ਆਪਣੇ ਚਾਚੇ ਦੇ ਮੌਢਿਆਂ ਤੇ ਚੜ੍ਹ ਕੇ ਧਨੀ ਰਾਮ ਉਥੇ ਪਹੁੰਚ ਜਾਂਦਾ ਸੀ। ਚਾਚਾ ਇੱਕ ਛੋਟਾ ਜਿਹਾ ਗਾਇਕ ਸੀ ਜੋ ਜਗਰਾਤਿਆਂ ਵਿੱਚ ਭੇਟਾਂ ਗਾਉਂਦਾ ਸੀ। ਇਸ ਨਾਲ ਬਚਪਨ ਵਿੱਚ ਹੀ ਧਨੀ ਰਾਮ ਕਵਿਤਾ, ਗੀਤਾਂ ਦੇ ਮੀਟਰ, ਸੁਰ-ਲੈਅ ਤੇ ਤਾਲ ਬਾਰੇ ਜਾਨਣ ਲੱਗ ਪਿਆ ਸੀ। ਧਨੀ ਰਾਮ ਦੀ ਪੜ੍ਹਾਈ ਘਰ ਵਿੱਚੋਂ ਹੀ ਸ਼ੁਰੂ ਹੋਈ। ਗੁਰਮੁੱਖੀ ਤੇ ਲੰਡੇ ਆਪਣੇ ਪਿਤਾ ਤੋਂ ਸਿੱਖੇ।ਛੇ ਸਾਲ ਦੀ ਉਮਰ ਵਿੱਚ ਮਦਰੱਸੇ ਵਿੱਚ ਪੜ੍ਹਾਈ ਸ਼ੁਰੂ ਹੋਈ। ਦੋ ਕਲਾਸਾਂ ਤੋਂ ਬਾਅਦ ਪੰਜਵੀਂ ਤੱਕ ਬੱਦੋਮੱਲੀ ਪੜ੍ਹਦੇ ਰਹੇ। ਧਨੀ ਰਾਮ ਚਾਤ੍ਰਿਕ ਹਿੰਦੀ, ਉਰਦੂ, ਪੰਜਾਬੀ ਦੇ ਅੱਛੇ ਜਾਣਕਾਰ ਸਨ।ਇੱਥੇ ਹੀ ਛੋਟੀ ਉਮਰ ਵਿੱਚ ਹੀ ਸ਼ਾਦੀ ਹੋ ਗਈ। ਫਿਰ ਅੰਮ੍ਰਿਤਸਰ ਪਹੁੰਚ ਕੇ ਅੰਗਰੇਜ਼ੀ ਦੀ ਪੜ੍ਹਾਈ ਸ਼ੁਰੂ ਕੀਤੀ। ਇੱਥੇ ਹੀ 1896 ਵਿੱਚ ‘ਵਜੀਰ ਹਿੰਦ ਪ੍ਰੈਸ’ ਵਿੱਚ ਨੌਕਰੀ ਵੀ ਕੀਤੀ। ਇੱਥੇ ਹੀ ਧਨੀ ਰਾਮ ਦਾ ਮੇਲ ਭਾਈ ਵੀਰ ਸਿੰਘ ਨਾਲ ਹੋਇਆ। ਜਦ 1898 ਵਿੱਚ ‘ਭਾਈ ਕਾਨ੍ਹ ਸਿੰਘ ਨਾਭਾ’ ਦੀ ‘ਭਗਤ ਮਾਲਾ’ ਕਿਰਤ ਭਾਈ ਸੂਰਤ ਸਿੰਘ ਛਪਾਈ ਅਧੀਨ ਸੀ ਤਾਂ ਭਾਈ ਵੀਰ ਸਿੰਘ ਜੀ ਪਰੂਫ ਰੀਡਰ ਸਨ ਤੇ ਧਨੀ ਰਾਮ ਕਾਪੀ ਹੋਲਡਰ ਸਨ। ਜ਼ਿਆਦਾਤਰ ਆਪ ਭਾਈ ਵੀਰ ਸਿੰਘ ਜੀ ਦੇ ਸੰਪਰਕ ਵਿੱਚ ਹੀ ਰਹੇ। ਭਾਈ ਵੀਰ ਸਿੰਘ ਜੀ ਤੋਂ ਆਪ ਛੋਟੇ ਸਨ। ਉਹਨਾਂ ਦੇ ਪ੍ਰਭਾਵ ਸਦਕਾ ਹੀ ਆਪ ਵਿੱਚ ਸਾਹਿਤਕ ਲਗਨ ਤੀਬਰ ਹੁੰਦੀ ਰਹੀ।ਧਨੀ ਰਾਮ ਦੀ ਦੂਸਰੀ ਸ਼ਾਦੀ ਬੀਬੀ ਵਿਦਿਆਵੰਤੀ ਨਾਲ ਹੋਈ। ਆਪ ਦੇ ਚਾਰ ਲੜਕੇ ਬਲਵੰਤ ਰਾਇ, ਜਸਵੰਤ ਰਾਇ, ਬ੍ਰਿਜ਼ ਮੋਹਨ ਅਤੇ ਪ੍ਰੇਮ ਕੁਮਾਰ ਹੋਏ। ਚਾਤ੍ਰਿਕ ਨੂੰ ਕਾਵਿ ਵਿਸ਼ੇ ਪੱਖ ਤੋਂ ਬਲਵਾਨ ਕਵੀ ਕਹਿਣਾ ਕੋਈ ਅਤਿਕਥਨੀ ਨਹੀ ਹੋਵੇਗੀ। ਉਹਨਾਂ ਦੀਆਂ ਮਸ਼ਹੂਰ ਰਚਨਾਵਾਂ ਵਿੱਚੋਂ ਕਵਿਤਾਵਾ ਹਨ: ਭਰਥਰੀ ਹਰੀ(1905), ਨਲ-ਦਮਯੰਤੀ (1906), ਧਰਮਵੀਰ (1912), ਚੰਦਨਵਾੜੀ(1931), ਕੇਸਰ ਕਿਆਰੀ(1940), ਨਵਾਂ ਜਹਾਨ(1942), ਨੂਰ ਜਹਾਂ ਬਾਦਸ਼ਾਹ ਬੇਗਮ(1944), ਸੂਫੀ ਖਾਨਾ(1950) ਤੇ ਵਾਰਤਕ: ਦੋ ਉਤਮ ਜੀਵਨ(1903), ਉਥੈਲੋ (1904), ਫੁੱਲਾਂ ਦੀ ਟੋਕਰੀ (1904), ਇਸਤਰੀ ਦੁਖਦਸ਼ੀ (1905), ਚੁੱਪ ਦੀ ਦਾਦ (1906), ਜੀਵਨ ਸੁਧਾਰ (1907), ਰਮਈਆਂ ਸੇਠ(1907), ਈਸਪ ਨੀਤੀ(1912) ਆਦਿ ਪ੍ਰਮੁੱਖ ਹਨ। ਚਾਤ੍ਰਿਕ ਨੇ 1934 ਵਿੱਚ ਲਿੱਖਦੇ ਹਨ ਕਿ ‘ਮੈਂ ਆਪਣੀ ਕੋਈ ਵੀ ਕਵਿਤਾ ਛੱਪਣੀ ਦੇਣ ਤੋਂ ਪਹਿਲਾਂ 6-7 ਮਹੀਨੇ ਉਸਨੂੰ ਆਪਣੇ ਕੋਲ ਰੱਖਦਾ ਹਾਂ, ਤੇ ਬਾਰ-ਬਾਰ ਪੜ੍ਹਦਾ ਹਾਂ। ਜੇ ਕੋਈ ਅੱਖਰ ਰੜਕੇ ਤਾਂ ਉਸਨੂੰ ਬਦਲ ਦੇਂਦਾ ਹਾਂ, ਜੇ ਕੋਈ ਹੋਰ ਵਧੀਆਂ, ਭਾਰਾ ਤੇ ਸੋਹਣਾ ਸ਼ਬਦ ਮਿਲ ਜਾਵੇ ਤਾਂ ਉਸਨੂੰ ਫਿੱਟ ਕਰ ਦੇਂਦਾ ਹਾਂ। ਮੈਂ ਕਵਿਤਾ ਦਾ ਤੋਲ ਤੁਕਾਂਤ, ਨਾਦ, ਅਲੰਕਾਰ ਤੇ ਮੁਹਾਂਵਰੇ ਸਭ ਦੀ ਬਹੁਤ ਹੀ ਡੂੰਘਾਈ ਨਾਲ ਜਾਂਚ ਕਰਦਾ ਹਾਂ। ਚਾਤ੍ਰਿਕ ਦਾ ਕਹਿਣਾ ਸੀ ਕਿ ਠਬਹੁਤ ਥੋੜ੍ਹਾ ਲਿਖੋ ਤੇ ਬਹੁਤ ਜ਼ਿਆਦਾ ਵਿਚਾਰੋ। ਇੱਕ ਗੱਲ ਨੂੰ ਲਿੱਖ ਕੇ ਕਈ- ਕਈ ਵਾਰ ਪੜ੍ਹੋ, ਦੇਖੋ ਤੇ ਪਰਖੋ ਤੇ ਜੇ ਕਿਧਰੇ ਨੁੱਕਸ ਮਿਲ ਜਾਵੇ ਤਾਂ ਉਸਨੂੰ ਤੁਰੰਤ ਠੀਕ ਕਰੋ। ਧਨੀ ਰਾਮ ਚਾਤ੍ਰਿਕ ਦੀ ਸਰਵ ਸ਼੍ਰੇਸ਼ਟ ਰਚਨਾਵਾਂ ਵਿੱਚੋਂ ਇੱਕ ਰਚਨਾ ਹੈ:
ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ,
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ,
ਮੀਹਾਂ ਦੀ ਉਡੀਕ ਤੇ ਸਿਆੜ ਕੱਢ ਕੇ,
ਮਾਲ ਟਾਂਡਾ ਸਾਂਭਣੇ ਨੂੰ ਕਾਮਾ ਛੱਡ ਕੇ,
ਪੱਗ ਝੱਗਾ ਚਾਦਰਾ ਨਵਾਂ ਸਵਾਇ ਕੇ,
ਸੰਮਾਂ ਵਾਲੀ ਡਾਂਗ ਉ ਤੇ ਤੇਲ ਲਵਾਇ ਕੇ,
ਕੱਛੇ ਮਾਰ ਵੰਝਲੀ ਅਨੰਦ ਛਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ,
ਚਾਤ੍ਰਿਕ ਨੇ 15 ਅਗਸਤ 1947 ਦਾ ਸੰਤਾਪ ਆਪਣੇ ਪਿੰਡੇ ਤੇ ਹੰਢਾਇਆ। ਕੁਦਰਤ ਨੂੰ ਹਮੇਸ਼ਾਂ ਯਾਦ ਰੱਖਣ ਵਾਲਾ ਇਹ ਕਵੀ ਆਪਣੇ ਉਸ ਘਰ ਦੀ ਗੱਲ ਕਰਦਾ ਹੈ ਜਿੱਥੇ ਸਭ ਨੇ ਜਾਣਾ ਹੈ ਤੇ ਮੁੜ ਕੇ ਕਦੀਂ ਵੀ ਵਾਪਸ ਨਹੀ ਆਉਣਾ। ਉਹ ਲਿੱਖਦਾ ਹੈ ਕਿ:
ਦਰਗਾਹੀਂ ਸੱਦੇ ਆ ਗਏ ਨੇ, ਸਮਾਨ ਤਿਆਰ ਸਫ਼ਰ ਦਾ ਹੈ।
ਪਰ ਤੇਰੇ ਬੂਹਿਉਂ ਹਿੱਲਣ ਨੂੰ ‘ਚਾਤ੍ਰਿਕ ਦਾ ਜੀ ਨਹੀਂ ਕਰਦਾ ਹੈ।
ਆਪਣੇ ਅੰਤਲੇ ਦਿਨਾਂ ਦੌਰਾਨ ਤੱਕ ਵੀ ਉਸਨੇ ਕਲਮ ਹੱਥੋਂ ਨਹੀ ਛੱਡੀ। ਅੰਤਿਮ ਯਾਤਰਾ ਤੋਂ ਕੁੱਝ ਦਿਨ ਪਹਿਲੇ ਲਿਖਦਾ ਹੈ ਕਿ:
ਜਿਸ ਘੜੀ ਬੁਲਾਵਾ ਆਵੇਗਾ, ਹੱਥ ਜੋੜ ਹੁਕਮ ਭੁਗਤਾਵਾਂਗੇ।
ਆਉਂਦੀ ਵਾਰ ਕੁੱਝ ਰੋਏ ਸਾਂ, ਪਰ ਹੱਸਦੇ ਹੱਸਦੇ ਜਾਵਾਂਗੇ।
ਆਖਿਰ ਉਹ ਦਿਨ ਵੀ ਆਣ ਪਹੁੰਚਾ ਜਦੋਂ ਚਾਤ੍ਰਿਕ 18 ਦਸੰਬਰ 1954 ਈ: ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ।

Send this to a friend