June 25, 2026 12:26 pm

ਜਗਮੀਤ ਬਰਾੜ ਤਖਤ ਸ੍ਰੀ ਦਮਦਮਾ ਸਾਹਿਬ ਹੋਏ ਨਤਮਸਤਕ

ਨਾ ਕੀਤਾ ਕੋਈ ਸਿਆਸੀ ਧਮਾਕਾ, ਅਗਲੀ ਰਣਨੀਤੀ ਬਾਰੇ ਅਜੇ ਨਹੀ ਖੋਲ੍ਹੇ ਪੱਤੇ
image ਤਲਵੰਡੀ ਸਾਬੋ, 30 ਮਾਰਚ (ਰਣਜੀਤ ਸਿੰਘ ਰਾਜੂ)-ਧਾਰਮਿਕ ਸਥਾਨਾਂ ਦੀ ਯਾਤਰਾ ਤੇ ਨਿੱਕਲੇ ਕਾਂਗਰਸ ਦੇ ਕੌਮੀ ਆਗੂ ਜਗਮੀਤ ਸਿੰਘ ਬਰਾੜ ਨੇ ਅੱਜ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ਼੍ਰੀ ਦਮਦਮਾ ਸਾਹਿਬ ਅਤੇ ਗੁ:ਬੁੰਗਾ ਮਸਤੂਆਣਾ ਸਾਹਿਬ ਮੱਥਾ ਟੇਕ ਕੇ ਆਪਣੀ ਧਾਰਮਿਕ ਯਾਤਰਾ ਸੰਪੰਨ ਕਰ ਦਿੱਤੀ।ਤਖਤ ਸਾਹਿਬ ਪੁੱਜਣ ਤੇ ਸੀਨ:ਕਾਂਗਰਸੀ ਆਗੂ ਰਣਬੀਰ ਸਿੰਘ ਸਿੱਧੂ ਨੇ ਉਨ੍ਹਾਂ ਦਾ ਸਵਾਗਤ ਕੀਤਾ।ਤਖਤ ਸਾਹਿਬ ਮੱਥਾ ਟੇਕਣ ਉਪਰੰਤ ਪ੍ਰਬੰਧਕਾਂ ਨੇ ਸ੍ਰ.ਬਰਾੜ ਨੂੰ ਕਾਂਗਰਸੀ ਆਗੂ ਹੋਣ ਦੇ ਚਲਦਿਆਂ ਸਿਰੋਪਾਉ ਦੇਣ ਤੋਂ ਗੁਰੇਜ ਹੀ ਕੀਤਾ ਤੇ ਉਨ੍ਹਾਂ ਇੱਕ ਆਮ ਸ਼ਰਧਾਲੂ ਵਾਂਗ ਹੀ ਤਖਤ ਸਾਹਿਬ ਤੇ ਅਕੀਦਤ ਭੇਂਟ ਕੀਤੀ।ਗੁ:ਬੁੰਗਾ ਮਸਤੂਆਣਾ ਸਾਹਿਬ ਵਿਖੇ ਵੀ ਉਨ੍ਹਾਂ ਨੂੰ ਗੁਰਦੁਆਰਾ ਬੁੰਗਾ ਮਸਤੂਆਣਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ

ਛੋਟਾ ਸਿੰਘ ਅਤੇ ਪ੍ਰਬੰਧਕ ਬਾਬਾ ਕਾਕਾ ਸਿੰਘ ਨੇ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ।ਅੱਜ ਜਗਮੀਤ ਬਰਾੜ ਦੀ ਤਖਤ ਸਾਹਿਬ ਪੁੱਜ ਕੇ ਯਾਤਰਾ ਨੂੰ ਸੰਪੰਨ ਕਰਨ ਦੇ ਮੱਦੇਨਜਰ ਸਮੁੱਚੇ ਮੀਡੀਏ ਦੀਆਂ ਨਜਰਾਂ ਉਨ੍ਹਾਂ ਦੀ ਯਾਤਰਾ ਤੇ ਲੱਗੀਆਂ ਰਹੀਆਂ ਕਿਉਂਕਿ ਜਗਮੀਤ ਬਰਾੜ ਨੂੰ ਕਾਂਗਰਸ ਪਾਰਟੀ ਵੱਲੋਂ ਕਿਸੇ ਵੀ ਲੋਕ ਸਭਾ ਹਲਕੇ ਤੋਂ ਉਮੀਦਵਾਰ ਨਾਂ ਬਣਾਏ ਜਾਣ ਦੇ ਚਲਦਿਆਂ ਜਿੱਥੇ ਪੰਜਾਬ ਵਿੱਚ ਚੋਣ ਪ੍ਰਚਾਰ ਦਾ ਬਿਗੁਲ ਵੱਜ ਚੁੱਕਾ ਸੀ ਤਾਂ ਬਰਾੜ ਸਾਹਿਬ ਨੇ ਧਾਰਮਿਕ ਸਥਾਨਾਂ ਦੀ ਯਾਤਰਾ ਤੇ ਜਾਣ ਦਾ ਐਲਾਨ ਕਰ ਦੇਣ ਦੇ ਨਾਲ ਨਾਲ ਯਾਤਰਾ ਦੀ ਸਮਾਪਤੀ ਮੌਕੇ ਕੋਈ ਵੱਡਾ ਸਿਆਸੀ ਧਮਾਕਾ ਕਰਨ ਦਾ ਬਿਆਨ ਵੀ ਮੀਡੀਆ ਵਿੱਚ ਦਿੱਤਾ ਸੀ ਜਿਸ ਨੂੰ ਲੈ ਕੇ ਅੱਜ ਉਨ੍ਹਾਂ ਦੀ ਯਾਤਰਾ ਤੇ ਮੀਡੀਆ ਦੇ ਨਾਲ ਨਾਲ ਖੁਫੀਆ ਏਜੰਸੀਆਂ ਤੇ ਰਾਜਸੀ ਵਿਸ਼ਲੇਸ਼ਕਾਂ ਦੀਆਂ ਨਜਰਾਂ ਲੱਗੀਆਂ ਰਹੀਆਂ ਕਿ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਆਪਣੀ ਧਾਰਮਿਕ ਯਾਤਰਾ ਦੀ ਸਮਾਪਤੀ ਮੌਕੇ ਉਹ ਕਿਹੜਾ ਸਿਆਸੀ ਧਮਾਕਾ ਕਰਦੇ ਹਨ?ਪ੍ਰੰਤੂ ਮੀਡੀਆ ਅਤੇ ਹੋਰਨਾਂ ਦੀ ਉਤਸੁਕਤਾ ਦਾ ਉਦੋਂ ਹੋਰ ਵੀ ਵਧ ਗਈ ਜਦੋਂ ਤਖਤ ਸਾਹਿਬ ਮੱਥਾ ਟੇਕਣ ਉਪਰੰਤ ਬਰਾੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਆਸੀ ਧਮਾਕਾ ਕਰਨ ਵਾਲੀ ਖਬਰ ਨੂੰ ਮਹਿਜ ਅਖਵਾਰੀ ਬਿਆਨ ਕਰਾਰ ਦੇ ਦਿੱਤਾ ਪਰ ਨਾਲ ਹੀ ਉਨ੍ਹਾਂ ਇਹ ਸੰਕੇਤ ਵੀ ਦਿੱਤਾ ਕਿ ਅਧਿਆਤਮਕ ਦੌਰੇ ਉਪਰੰਤ ਉਹ ਚਿੰਤਨ ਕਰਨਗੇ ਅਤੇ ਉਸ ਤੋਂ ਬਾਦ ਹੀ ਕੋਈ ਫੈਸਲਾ ਲੈਣਗੇ ਭਾਂਵੇ ਕਿ ਉਨ੍ਹਾਂ ਨਾਲ ਹੀ ਆਪਣੇ ਆਪ ਨੂੰ ਕਾਂਗਰਸ ਦਾ ਵਫਾਦਾਰ ਸਿਪਾਹੀ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਜੇਕਰ ਪਾਰਟੀ ਹਾਈਕਮਾਂਡ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ,ਸੁਨੀਲ ਜਾਖੜ ਜਾਂ ਹੋਰਨਾਂ ਉਮੀਦਵਾਰਾਂ ਲਈ ਚੋਣ ਪ੍ਰਚਾਰ ਦੀ ਡਿਊਟੀ ਲਾਵੇਗੀ ਤਾਂ ਉਹ ਡਿਊਟੀ ਪੂਰੀ ਕਰਨਗੇ ਤੇ ਜੇ ਨਹੀ ਲਾਵੇਗੀ ਤਾਂ ਰੱਬ ਦਾ ਨਾਂ ਲੈਣਗੇ।ਬਰਾੜ ਨੇ ਕਿਹਾ ਕਿ ਕਾਂਗਰਸ ਹਾਈਕਮਾਂਡ ਉਨ੍ਹਾਂ ਦੇ ਸੰਪਰਕ ਵਿੱਚ ਹੈ ਤੇ ਤਖਤ ਸ਼੍ਰੀ ਦਮਦਮਾ ਸਾਹਿਬ ਪੁੱਜਣ ਮੌਕੇ ਹੀ ਉਨ੍ਹਾਂ ਨੂੰ ਯੂ.ਪੀ.ਏ ਚੇਅਰਪਰਸਨ ਸ਼੍ਰੀਮਤੀ ਸੋਨੀਆ ਗਾਂਧੀ ਦਾ ਫੋਨ ਵੀ ਆਇਆ ਹੈ ਭਾਂਵੇ ਉਨ੍ਹਾਂ ਫੋਨ ਦੇ ਵਿਸ਼ੇ ਬਾਰੇ ਕੋਈ ਜਿਆਦਾ ਗੱਲ ਵੀ ਨਹੀ ਕੀਤੀ।ਜਗਮੀਤ ਬਰਾੜ ਨੇ ਭਾਂਵੇ ਸਿਆਸੀ ਧਮਾਕੇ ਦੇ ਕਿਆਸਾਂ ਨੂੰ ਬਿਲਕੁਲ ਬੇਬੁਨਿਆਦ ਕਰਾਰ ਦੇ ਦਿੱਤਾ ਹੈ ਪ੍ਰੰਤੂ ਉਨ੍ਹਾਂ ਦੀਆਂ ਗੱਲਾਂ ਬਾਤਾਂ ਤੋਂ ਸੰਕੇਤ ਜਰੂਰ ਮਿਲ ਰਹੇ ਸਨ ਕਿ ਉਨ੍ਹਾਂ ਦੇ ਦਿਲ ਦੇ ਕਿਸੇ ਕੋਨੇ ਵਿੱਚ ਪਾਰਟੀ ਹਾਈਕਮਾਂਡ ਪ੍ਰਤੀ ਰੋਸ ਜਰੂਰ ਹੈ ਤੇ ਇਸੇ ਰੋਸ ਨੂੰ ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਦੀ ਇੱਕ ਕਵਿਤਾ ਦੀਆਂ ਸਤਰਾਂ ਨੂੰ ਗੁਣਗੁਣਾ ਕੇ ਬਿਆਨ ਕਰਨ ਦੀ ਕੋਸ਼ਿਸ ਵੀ ਕੀਤੀ।
ਜਿੱਥੇ ਰਾਜਸੀ ਵਿਸ਼ਲੇਸ਼ਕ ਇਹ ਅੰਦਾਜਾ ਲਾ ਰਹੇ ਸਨ ਕਿ ਟਿਕਟ ਨਾਂ ਮਿਲਣ ਕਰਕੇ ਕਾਂਗਰਸ ਹਾਈਕਮਾਂਡ ਤੋਂ ਨਾਖੁਸ਼ ਜਗਮੀਤ ਬਰਾੜ ਅੱਜ ਆਪਣੇ ਪੱਤੇ ਖੋਲ ਸਕਦੇ ਹਨ ਉਨ੍ਹਾਂ ਨੂੰ ਵੀ ਫਿਲਹਾਲ ਨਿਰਾਸ਼ਾ ਹੀ ਝੱਲਣੀ ਪਈ ਕਿਉਂਕਿ ਇੱਕ ਵਾਰ ਫਿਰ ਇੱਕ ਹੰਢੇ ਵਰਤੇ ਸਿਆਸਤਦਾਨ ਵਾਂਗ ਬਰਾੜ ਨੇ ਆਪਣੇ ਪੱਤੇ ਖੋਲਣ ਲਈ ਸ਼ਾਇਦ ਅਜੇ ਵਕਤ ਮੁਨਾਸਿਬ ਨਾਂ ਸਮਝਦਿਆਂ ਚੁੱਪ ਰਹਿਣਾ ਹੀ ਚੰਗਾ ਸਮਝਿਆ ਹੋਵੇ ਪ੍ਰੰਤੂ ਅਜੇ ਵੀ ਰਾਜਸੀ ਵਿਸ਼ਲੇਸ਼ਕਾਂ ਤੇ ਖੁਫੀਆ ਸੂਤਰਾਂ ਦੀ ਨਜਰਾਂ ਉਨ੍ਹਾਂ ਤੇ ਟਿਕੀਆਂ ਹੋਈਆਂ ਹਨ ਤੇ ਉਨ੍ਹਾਂ ਨੂੰ ਆਸ ਹੈ ਕਿ ਸ਼ਾਇਦ ਆਉਣ ਵਾਲੇ ਦਿਨਾਂ ਵਿੱਚ ਚਿੰਤਨ ਤੋਂ ਬਾਦ ਬਰਾੜ ਆਪਣੇ ਪੱਤੇ ਖੋਲ ਦੇਣ?
ਬਾਦ ਵਿੱਚ ਬਰਾੜ ਪਿੰਡ ਮਲਕਾਣਾ ਦੇ ਮਸ਼ਹੂਰ ਡੇਰੇ ਵਿੱਚ ਮੱਥਾ ਟੇਕਣ ਲਈ ਰਵਾਨਾ ਹੋਏ।ਅੱਜ ਤਖਤ ਸਾਹਿਬ ਦੀ ਯਾਤਰਾ ਮੌਕੇ ਜਗਮੀਤ ਬਰਾੜ ਦੇ ਨਾਲ ਰਣਬੀਰ ਸਿੰਘ ਸਿੱਧੂ ਦੇ ਨਾਲ ਕਾਂਗਰਸੀ ਆਗੂ ਰਾਜਵਿੰਦਰ ਸਿੰਘ ਤਿਉਣਾ,ਬਲਜੀਤ ਸਿੰਘ ਭੁੱਟੀਵਾਲਾ ਨਿੱਜੀ ਸਹਾਇਕ,ਸੁਖਮਨ ਸਿੰਘ ਘੁੰਮਣ,ਕੁਲਵਿੰਦਰ ਸਿੰਘ ਢਿੱਲੋਂ,ਲਾਭ ਸਿੰਘ ਢਿੱਲੋਂ ਕੋਟਫੱਤਾ,ਨੈਬ ਸਿੰਘ ਕੋਟਫੱਤਾ ਆਦਿ ਆਗੂ ਹਾਜਿਰ ਸਨ।

Send this to a friend