ਅਰਵਿੰਦ ਕੇਜਰੀਵਾਲ ਦੇ ਰੋਡ ਸ਼ੋਅ ਨੂੰ ਚੰਡੀਗੜ੍ਹੀਆਂ ਵਲੋਂ ਭਰਵਾਂ ਹੁੰਗਾਰਾ
ਚੰਡੀਗੜ੍ਹ, 30 ਮਾਰਚ (ਪੀ.ਟੀ. ਬਿਊਰੋ)-ਆਮ ਆਦਮੀ ਪਾਰਟੀ ਦੇ ਮੁਖੀ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਅੱਜ ਚੰਡੀਗੜ੍ਹ ਵਿਖੇ ਪਾਰਟੀ ਦੀ ਉਮੀਦਵਾਰ ਤੇ ਬਾਲੀਵੁੱਡ ਐਕਟਰੈਸ ਗੁਲ ਪਨਾਗ ਦੇ ਹੱਕ ਚ ਸ਼ਹਿਰ ਭਰ ਚ ਰੋਡ ਸ਼ੋਅ ਕੀਤਾ ਗਿਆ। ਇਸ ਰੋਡ ਸ਼ੋਅ ਨੂੰ ਚੰਡੀਗੜ੍ਹੀਆਂ ਵਲੋਂ ਕਾਫੀ ਚੰਗਾ ਹੁੰਗਾਰਾ ਦਿਤਾ ਗਿਆ। ਕੇਜਰੀਵਾਲ ਦੇ ਕਾਫਲੇ ਚ 60-70 ਚਾਰ ਪਹੀਆ ਵਾਹਨਾਂ ਤੋਂ ਇਲਾਵਾ ਮੋਟਰਸਾਈਕਲ, ਸਕੂਟਰ ਆਦਿ ਤੇ ਵੀ ਸਮਰਥਕ ਨਾਲ ਚੱਲ ਰਹੇ ਸਨ। ਇਸ ਤੋਂ ਇਲਾਵਾ ਵੱਡੀ ਗਿਣਤੀ ’ਚ ਪੈਦਲ ਸਮਰਥਕ ਵੀ ਰੋਡ ਸ਼ੋਅ ’ਚ ਸ਼ਾਮਲ ਸਨ। ਅਰਵਿੰਦ ਕੇਜਰੀਵਾਲ ਚੰਡੀਗੜ੍ਹ ਦੀਆਂ ਸੜਕਾਂ ’ਤੇ ਜਿਉਂ ਹੀ ਨਿਕਲੇ ਉਨ੍ਹਾ ਨੂੰ ਦੇਖਣ ਲਈ ਲੋਕਾਂ ਆਪਣੇ ਘਰਾਂ ਤੋਂ ਬਾਹਰ ਆਉਂਦੇ ਗਏ। ਵਿਚ ਵਿਚ ਨੂੰ ਉਹ
ਇਕ ਜਗ੍ਹਾ ਰੁਕਦੇ ਅਤੇ ਲੋਕਾਂ ਨੂੰ ਸੰਬੋਧਨ ਕਰਦੇ ਰਹਿੰਦੇ ਸਨ। ਕੁਝ ਸ਼ਹਿਰਾਂ ’ਚ ਕੇਜਰੀਵਾਲ ਤੇ ਸਿਆਹੀ ਤੇ ਅੰਡੇ ਸੁੱਟਣ ਦੀਆਂ ਵਾਪਰੀਆਂ ਘਟਨਾਵਾਂ ਕਾਰਨ ਚੰਡੀਗੜ੍ਹ ਪੁਲਿਸ ਵਲੋਂ ਕਾਫੀ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਤੇ ਕੇਜਰੀਵਾਲ ਦੇ ਵਾਹਨ ਦੇ ਆਲੇ ਦੁਆਲੇ ਵੀ ਪੁਲਿਸ ਦਾ ਜਬਰਦਸਤ ਘੇਰਾ ਸੀ।
ਕੇਜਰੀਵਾਲ ਵਲੋਂ ਲੋਕਾਂ ਨੂੰ ਆਪਣੇ ਭਾਸ਼ਣ ਦੌਰਾਨ ਇਸ ਵਾਰ ਆਮ ਆਦਮੀ ਪਾਰਟੀ ਲਈ ਵੋਟ ਪਾਉਣ ਦੀ ਮੰਗ ਕੀਤੀ ਗਈ। ਪਰ ਇਸ ਦੌਰਾਨ ਕੇਜਰੀਵਾਲ ਵਲੋਂ ਇਕ ਵਿਵਾਦਗ੍ਰਸਤ ਗੱਲ ਵੀ ਆਪਣੇ ਭਾਸ਼ਣ ਦੌਰਾਨ ਕਹਿ ਦਿਤੀ ਗਈ। ਜਿਸ ਵੇਲੇ ਕੇਜਰੀਵਾਲ ਧਨਾਸ ਪੁੱਜੇ ਤਾਂ ਉਥੇ ਉਨ੍ਹਾਂ ਰੁਕਕੇ ਕਿਹਾ ਕਿ ਚੋਣਾਂ ਦਾ ਮੌਸਮ ਆ ਗਿਆ ਹੈ ਹੁਣ ਲੋਕ ਤੁਹਾਨੂੰ ਭਰਮਾਉਣ ਲਈ ਆਉਣਗੇ। ਦਾਰੂ ਦੀ ਬੋਤਲ ਵੀ ਦੇਣਗੇ, ਪੈਸੇ ਵੀ ਦੇਣਗੇ, ਕੰਬਲ ਵੀ ਦੇਣਗੇ, ਸਾੜੀਆਂ ਆਦਿ ਵੀ ਦੇਣਗੇ, ਤੁਸੀਂ ਸਭ ਲੈ ਲਿਓ ਪਰ ਵੋਟ ਸਿਰਫ ਝਾੜੂ ਨੂੰ ਪਾਇਓ। ਪਰ ਕੁਝ ਸਮੇਂ ਬਾਦ ਹੀ ਉਨ੍ਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਉਨ੍ਹਾਂ ਮੁੜ ਕਿਹਾ ਕਿ ਦਾਰੂ ਦੀ ਬੋਤਲ ਨਾ ਲਿਓ ਇਹ ਘਰ ਬਰਬਾਦ ਕਰ ਦਿੰਦੀ ਹੈ। ਸਾਰੀਆਂ ਪਾਰਟੀਆਂ ਤੋਂ ਪੈਸੇ ਲੈ ਲਿਓ, ਕੰਬਲ ਲੈ ਲਿਓ ਹੋਰ ਵੀ ਜੋ ਕੁਝ ਮਿਲੇ ਉਹ ਲੈ ਲਿਓ ਪਰ ਵੋਟ ਝਾੜੂ ਨੂੰ ਹੀ ਪਾਇਓ। ਉਨ੍ਹਾਂ ਨਾਲ ਹੀ ਖੜੀ ਗੁਲ ਪਨਾਗ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇਹ ਤੁਹਾਡੇ ਸ਼ਹਿਰ ਤੋਂ ਉਮੀਵਾਰ ਹੈ। ਤੁਸੀਂ ਝਾੜੂ ਤੇ ਮੋਹਰ ਲਾ ਕੇ ਇਸ ਨੂੰ ਕਾਮਯਾਬ ਕਰੋਗੇ ਤਾਂ ਤੁਹਾਡਾ ਭਲਾ ਹੋਵੇਗਾ। 10 ਤਰੀਕ ਨੂੰ ਵੋਟਾਂ ਹਨ ਤੁਸੀਂ ਸਭ ਨੇ 1-1 ਨੇ 100-100 ਬੰਦੇ ਨੂੰ ਪ੍ਰੇਰਨਾ ਹੈ। ਇਸ ਲਈ ਢਿੱਲੇ ਨਾ ਪੈ ਜਾਇਓ ਲੋਕਾਂ ਨੂੰ ਲਾਮਬੰਦ ਕਰਕੇ ਝਾੜੂ ’ਤੇ ਮੋਹਰਾ ਲਾਓ।