June 19, 2026 3:41 pm

ਪੰਜਾਬ ਪੁਲਿਸ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਬੁਲੇਟਪਰੂਫ ਗੱਡੀ ਤੇ ਨੀਮ ਫ਼ੌਜੀ ਦਸਤੇ ਦੇਣ ਦੀ ਸਿਫਾਰਿਸ਼

ਚੰਡੀਗੜ੍ਹ, 16 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿਧੂ ਦੀ ਸੁਰਖਿਆ ਨੂੰ ਵਧਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਕਾਂਗਰਸ ਲਈ ਤਿੰਨ ਸੂਬਿਆਂ ਛਤੀਸਗੜ੍ਹ, ਰਾਜਸਥਾਨ ਤੇ ਮੱਧ ਪ੍ਰਦੇਸ਼ ਵਿਚ ਚੋਣ ਪ੍ਰਚਾਰ ਕਰ ਚੁਕੇ ਅਤੇ ਪਾਕਿਸਤਾਨ ਨਾਲ ਕਰਤਾਰਪੁਰ ਲਾਂਘੇ ਦਾ ਮਸਲਾ ਚੁਕਣ ਕਰਕੇ ਸ. ਸਿਧੂ ਦੀ ਪ੍ਰਸਿਧੀ ਕਾਫ਼ੀ ਫੈਲ ਗਈ ਹੈ। ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਅਤੇ ਡੀ.ਜੀ.ਪੀ. (ਇੰਟੈਲੀਜੈਂਸ) ਦਿਨਕਰ ਗੁਪਤਾ ਵਲੋਂ ਸ: ਸਿਧੂ ਨਾਲ ਮੀਟਿੰਗ ਕਰ ਕੇ ਬੁਲੇਟ ਪਰੂਫ ਗਡੀ ਅਤੇ ਕੇਂਦਰੀ ਸਨਅਤੀ ਸੁਰਖਿਆ ਬੱਲ ਦੀ ਸਕਿਉਰਿਟੀ ਦੇਣ ਬਾਰੇ ਗਲਬਾਤ ਕੀਤੀ ਹੈ। ਸੀ.ਆਈ.ਐਸ.ਐਫ. ਭਾਰਤ ਦੇ ਸਾਰੇ ਹਵਾਈ ਅਡਿਆਂ ਦੀ ਸੁਰਖਿਆ ਸਾਂਭਦੀ ਹੈ। ਇਸ ਦੇ ਨਾਲ ਹੀ ਸਿਧੂ ਨੂੰ ਬੁਲੇਟ ਪਰੂਫ ਗਡੀ ਵੀ ਦਿਤੀ ਜਾਵੇਗੀ। ਜ਼ਿਕਰਯੋਗ ਹੈ ਕਿ ਕਾਂਗਰਸ ਹਾਈ ਕਮਾਨ ਵਲੋਂ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜੇ ਪਤਰ ਰਾਹੀਂ ਵੀ ਸਿੱਧੂ ਦੀ ਸੁਰਖਿਆ ਵਧਾਉਣ ਦੀ ਮੰਗ ਕੀਤੀ ਗਈ ਸੀ ਅਤੇ ਹੁਣ ਪੰਜਾਬ ਸਰਕਾਰ ਵੀ ਸਿਧੂ ਦੀ ਸੁਰਖਿਆ ਲਈ ਫਿਕਰਮੰਦ ਹੋ ਗਈ ਹੈ।ਸ. ਸਿੱਧੂ ਹੁਣ ਕਾਂਗਰਸ ਦੇ ਵੱਡੇ ਕੱਦ ਵਾਲੇ ਕੌਮੀ ਨੇਤਾ ਬਣ ਗਏ ਹਨ। ਗਾਂਧੀ ਪਰਿਵਾਰ ਨਾਲ ਸਿੱਧੇ ਸਬੰਧਾਂ ਦੇ ਚਲਦਿਆਂ ਉਨ੍ਹਾਂ ਦੀ ਹਰ ਪਾਸੇ ਤੂਤੀ ਬੋਲ ਰਹੀ ਹੈ। ਖੂਫੀਆ ਏਜੰਸੀਆਂ ਇਸ ਗੱਲ ਤੋਂ ਚਿੰਤਤ ਹਨ ਕਿ ਉਨ੍ਹਾਂ ਲਈ ਜਾਨੀ ਨੁਕਸਾਨ ਦੇ ਖਤਰੇ ਵਧ ਰਹੇ ਹਨ।

Send this to a friend