June 25, 2026 3:00 am

ਕਰਮਚਾਰੀਆਂ ਦੇ ਬਕਾਏ ਕਾਰਨ ਪੀ.ਆਰ.ਟੀ.ਸੀ. ਵਿਰੁੱਧ 100 ਮਾਣਹਾਨੀ ਦੇ ਕੇਸ

ਧੂਰੀ, 28 ਮਾਰਚ (ਹਰਜੀਤ ਸਿੰਘ ਹਸਨਪੁਰੀ)-ਇੱਕ ਪਾਸੇ ਪੈਪਸੂ ਰੋਡ ਟ੍ਰਰਾਂਸਪੋਰਟ ਕਾਰਪੋਰੇਸ਼ਨ ਨੂੰ ਆਪਣੇ ਕਰਮਚਾਰੀਆਂ ਦੇ ਬਕਾਏ ਦੀ ਰਾਸ਼ੀ ਦਾ ਭੁਗਵਾਨ ਕਰਨ ਵਾਸਤੇ ਮੁਸ਼ਕਿਲਾਂ ਆ ਰਹੀਆਂ ਹਨ। ਉਥੇ ਦੂਜੇ ਪਾਸੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪੀ.ਆਰ.ਟੀ.ਸੀ. ਦੀ ਮੈਨੇਜਮੈਂਟ ਵਿਰੁੱਧ ਮਾਣਹਾਨੀ ਦੇ ਕੇਸਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵੇਲੇ ਪੈਪਸੂ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ ਆਪਣੇ ਕਰਮਚਾਰੀਆਂ ਵੱਲੋਂ ਬਕਾਏ ਦਾ ਭੁਗਤਾਨ ਨਾ ਹੋਣ ਕਾਰਨ ਅਤੇ ਬਾਰ-ਬਾਰ ਅਦਾਲਤਾਂ ਵੱਲੋਂ ਦਿੱਤੇ ਫੈਸਲਿਆਂ ਨੂੰ ਲਾਗੂ ਨਾ ਕਰਨ ਕਾਰਨ ਤਕਰੀਬਨ 100 ਮਾਣਹਾਨੀ ਦੇ ਕੇਸਾਂ ਦਾ ਸਾਹਮਣਾ ਕਰ ਰਹੀ ਹੈ। ਪੀ.ਆਰ.ਟੀ.ਸੀ. ਪੰਜਾਬ ਦੀ ਅਜਿਹੀ ਪਹਿਲੀ ਕਾਰਪੋਰੇਸ਼ਨ ਹੈ, ਜਿਸ ਵਿਰੁੱਧ ਇੰਨੇ ਜ਼ਿਆਦਾ ਮਾਣਹਾਨੀ ਦੇ ਕੇਸ ਚੱਲ ਰਹੇ ਹਨ।ਮੰਦੀ ਦੇ ਹਾਲ ’ਚੋਂ ਲੰਘ ਰਹੀ ਪੈਪਸੂ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ ਨੇ ਹੁਣ

ਗੰਭੀਰਤਾ ਨਾਲ ਫੰਡ ਜੁਟਾਉਣ ਵਾਸਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਖਤ ਆਦੇਸ਼ ਦਿੱਤੇ ਸਨ ਕਿ 7 ਮਈ ਤੋਂ ਪਹਿਲਾਂ-ਪਹਿਲਾਂ ਕਰਮਚਾਰੀਆਂ ਦੇ ਬਕਾਏ ਦੀ ਰਾਸ਼ੀ ਦਾ ਭੁਗਤਾਨ ਕੀਤਾ ਜਾਵੇ।
ਇੱਕ ਅੰਦਾਜੇ ਅਨੁਸਾਰ ਜਿਨ੍ਹਾਂ ਕਰਮਚਾਰੀਆਂ ਨੇ ਅਦਾਲਤਾਂ ਵਿੱਚ ਬਕਾਏ ਦੀ ਰਾਸ਼ੀ ਦਾ ਭੁਗਵਾਨ ਨਾ ਹੋਣ ਕਾਰਨ ਮਾਣਹਾਨੀ ਦੇ ਕੇਸ ਦਾਇਰ ਕੀਤੇ ਹਨ ਉਨ੍ਹਾਂ ਦੀ ਪੂਰਤੀ ਵਾਸਤੇ ਪੈਪਸੂ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ ਨੂੰ 14 ਕਰੋੜ ਰੁਪਏ ਦੀ ਜ਼ਰੂਰਤ ਪਵੇਗੀ। ਪਿਛਲੀ ਪੇਸ਼ੀ ਜੋ 23 ਫਰਵਰੀ ਨੂੰ ਸੀ ਉਸ ਵੇਲੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੈਪਸੂ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ ਨੂੰ 2 ਮਹੀਨੇ ਦਾ ਆਖਰੀ ਮੌਕਾ ਦਿੱਤਾ ਸੀ ਤਾਂ ਜੋ ਉਹ ਬਕਾਇਆ ਕਲੇਮਾਂ ਦਾ ਨਿਪਟਾਰਾ ਕਰ ਸਕੇ ਅਤੇ ਪੰਜਾਬ ਸਰਕਾਰ ਨੂੰ ਪਾਰਟੀ ਬਣਾਇਆ ਸੀ ਅਤੇ ਹੁਕਮ ਦਿੱਤੇ ਸਨ ਕਿ ਉਹ ਪੀ.ਆਰ.ਟੀ.ਸੀ. ਨੂੰ 45 ਕਰੋੜ ਦੀ ਗ੍ਰਾਂਟ ਸਹਾਇਤਾ ਵਜੋਂ ਦੇਵੇ ਤਾਂ ਜੋ ਕਰਮਚਾਰੀਆਂ ਦੇ ਬਕਾਏ ਦਾ ਭੁਗਤਾਨ ਕੀਤਾ ਜਾ ਸਕੇ।
ਪੀ.ਆਰ.ਟੀ.ਸੀ. ਦੇ ਇਕ ਸੀਨੀਅਰ ਅਧਿਕਾਰੀ ਅਨੁਸਾਰ ਕਰਮਚਾਰੀਆਂ ਦੇ ਕੇਸਾਂ ਦਾ ਨਿਪਟਾਰਾ ਅਦਾਲਤਾਂ ਵੱਲੋਂ ਨਿਰਧਾਰਤ  ਕੀਤੀਆਂ ਤਾਰੀਖਾਂ ਅਨੁਸਾਰ ਪੈਸੇ ਦੀ ਘਾਟ ਕਾਰਨ ਨਹੀਂ ਕੀਤਾ ਜਾ ਰਿਹਾ। ਅਧਿਕਾਰੀ ਅਨੁਸਾਰ ਬਕਾਇਆ ਬਿੱਲਾਂ ਦੇ ਭੁਗਵਾਨ ਨਾ ਹੋਣ ਕਾਰਨ ਮਾਣਹਾਨੀ ਦੇ ਕੇਸਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਪੀ.ਆਰ.ਟੀ.ਸੀ. ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਭੁਪਿੰਦਰ ਸਿੰਘ ਰਾਏ ਨੇ ਦੱਸਿਆ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਉਹ ਵਿਭਾਗੀ ਕਲੇਮਾਂ ਦੀ 30 ਕਰੋੜ ਦੀ ਅਦਾਇਗੀ 7 ਮਈ ਤੋਂ ਪਹਿਲਾਂ-ਪਹਿਲਾਂ ਪ੍ਰਾਪਤ ਕਰ ਲੈਣਗੇ। ਉਨ੍ਹਾਂ ਨੇ ਕਿਹਾ ਕਿ ਅਸੀਂ 7 ਕਰੋੜ ਦੀ ਰਾਸ਼ੀ ਰਾਜ ਸਰਕਾਰ ਕੋਲੋਂ ਵਿਭਾਗੀ ਕਲੇਮਾਂ ਤੋਂ ਪਹਿਲਾਂ ਹੀ ਪ੍ਰਾਪਤ ਕਰ ਲਈ ਹੈ। ਅਸੀਂ ਕਰਮਚਾਰੀਆਂ ਦੇ ਕਲੇਮਾਂ ਦੀ ਅਦਾਇਗੀ ਦਾ ਕੰਮ ਸ਼ੁਰੂ  ਕਰ ਦਿੱਤਾ ਹੈ ਅਤੇ ਸਾਰੇ ਕੇਸਾਂ ਦਾ ਨਿਪਟਾਰਾ ਅਦਾਲਤ ਵਿੱਚ ਕੇਸ ਦੀ ਸੁਣਵਾਈ ਤੋਂ ਪਹਿਲਾਂ-ਪਹਿਲਾਂ ਕਰ ਦਿੱਤਾ ਜਾਵੇਗਾ।
ਮਾਨਹਾਨੀ ਦੇ ਕੇਸਾਂ ਤੋਂ ਇਲਾਵਾ ਪੈਪਸੂ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ ਨੇ ਆਪਣੇ ਤਕਰੀਬਨ 4000 ਸੇਵਾ ਮੁਕਤ ਕਰਮਚਾਰੀਆਂ ਨੂੰ ਪਿਛਲੇ ਚਾਰ ਸਾਲਾਂ ਤੋਂ ਤਕਰੀਬਨ 145 ਕਰੋੜ ਰੁਪਏ ਦੀ ਰਾਸ਼ੀ ਦੇਣ ਤੋਂ ਬੁਰੀ ਤਰ੍ਹਾਂ ਫੇਲ ਹੋਈ ਹੈ। ਇਹ ਰਾਸ਼ੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਕਿਉਂਕਿ ਫੰਡਾਂ ਦੀ ਘਾਟ ਕਾਰਨ ਪੀ.ਆਰ.ਟੀ.ਸੀ. ਇਹ ਹੁਕਮ ਦੀ ਅਦਾਇਗੀ ਕਰਨ ਤੋਂ ਮਜਬੂਰ ਹੈ।
ਇਸ ਵੇਲੇ ਪੀ.ਆਰ.ਟੀ.ਸੀ. ਨੇ ਪੈਨਸ਼ਰਾਂ ਨੂੰ 28 ਕਰੋੜ ਦਾ ਭੁਗਤਾਨ ਕਰਨਾ ਹੈ 48 ਕਰੋੜ ਦੀ ਰਾਸ਼ੀ ਕਰਮਚਾਰੀਆਂ ਦੇ ਪਰਾਵੀਡੈਂਟ ਫੰਡ ਵਿੱਚ ਜਮ੍ਹਾ ਕਰਵਾਉਣੀ ਹੈ। 22 ਕਰੋੜ ਦੀ ਗਰੈਚੂਟੀ ਦੀ ਰਕਮ ਦਾ ਭੁਗਤਾਨ ਕਰਨਾ ਹੈ, 23 ਕਰੋੜ ਸਰਕਾਰੀ ਪ੍ਰਾਵੀਡੈਂਟ ਫੰਡ ਨੂੰ ਦੇਣਾ ਹੈ, 8 ਕਰੋੜ ਛੁੱਟੀ ਦੀ ਤਨਖਾਹ ਦਾ ਦੇਣਾ ਹੈ ਅਤੇ 1 ਕਰੋੜ ਰੁਪਏ ਦੇ ਮੈਡੀਕਲ ਬਿੱਲਾਂ ਦਾ ਭੁਗਤਾਨ ਕਰਨਾ ਹੈ। ਸ੍ਰੀ ਭੁਪਿੰਦਰ ਸਿੰਘ ਅਨੁਸਾਰ ਪੀ.ਆਰ.ਟੀ.ਸੀ. ਨੂੰ ਗ੍ਰਾਂਟ ਦੇ ਰੂਪ ਵਿੱਚ ਭਾਰੀ ਰਕਮ ਦੀ ਜ਼ਰੂਰਤ ਹੈ ਤਾਂ ਜੋ ਬਕਾਇਆ ਬਿੱਲਾਂ ਦਾ ਭੁਗਵਾਨ ਕੀਤਾ ਜਾ ਸਕੇ, ਜਿਸ ਦੇਣਦਾਰੀ ਵਿੱਚ ਬਕਾਏ, ਪੈਨਸ਼ਨ ਦੀ ਕਮਿਊਟੇਸ਼ਨ ਅਤੇ ਜਨਰਲ ਪ੍ਰਾਵੀਡੈਂਟ ਫੰਡ ਸ਼ਾਮਿਲ ਹਨ ਪਰ ਹੁਣ ਅਸੀਂ ਤਰਤੀਬਵਾਰ ਲਿਸਟ ਤਿਆਰ ਕਰ ਲਈ ਹੈ ਅਤੇ ਉਸ ਅਨੁਸਾਰ ਭੁਗਤਾਨ ਕੀਤਾ ਜਾਵੇਗਾ।

Send this to a friend