Skip to content
Independent perspectives. Global stories.
BREAKING

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਪਿੰਡ ਬਸਿਆਲਾ ਲਈ ਮੁਫ਼ਤ ਬੈਡ ਸੇਵਾ ਆਰੰਭ

Share this story

ਬੰਗਾ, 29 ਨਵੰਬਰ (ਨਵਕਾਂਤ ਭਰੋਮਜਾਰਾ)- ਸੱਤ ਸੁਮੰਦਰੋਂ ਪਾਰ ਵੱਸਦੇ ਪੰਜਾਬੀਆਂ ਦੇ ਦਿਲਾਂ ਵਿਚ ਆਪਣੇ ਜੱਦੀ ਪਿੰਡਾਂ ਦੇ ਗਰੀਬ ਤੇ ਲੋੜਵੰਦਾਂ ਲਈ ਅਤਿਅੰਤ ਮੋਹ-ਪਿਆਰ ਅਤੇ ਹਮਦਰਦੀ ਹੈ। ਇਸ ਦੀ ਮਿਸਾਲ ਅੱਜ ਉਸ ਵੇਲੇ ਮਿਲੀ ਜਦੋਂ ਪਿੰਡ ਬਸਿਆਲਾ, ਜ਼ਿਲਾ ਹੁਸ਼ਿਆਪੁਰ ਦੇ ਵਿਦੇਸ਼ਾਂ ਵਿਚ ਵੱਸਦੇ ਪਿੰਡ ਵਾਸੀਆਂ ਵੱਲੋਂ ਲੋਕ ਭਲਾਈ ਲਈ ਬਣਾਈ ਗਈ ਬਸਿਆਲਾ ਐਨ ਆਰ ਆਈ ਵੈਲਫੇਅਰ ਸੁਸਾਇਟੀ ਪਿੰਡ ਬਸਿਆਲਾ ਨੇ ਮਾਨਵਤਾ ਦੀ ਨਿਸ਼ਕਾਮ ਸੇਵਾ ਦੀ ਇਕ ਨਵੀਂ ਮਿਸਾਲ ਕਾਇਮ ਕਰਦੇ ਹੋਏ ਆਪਣੇ ਪਿੰਡ ਬਸਿਆਲਾ, ਜ਼ਿਲਾ ਹੁਸ਼ਿਆਪੁਰ ਦੇ ਲੋੜਵੰਦ ਮਰੀਜ਼ਾਂ ਦੇ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਦੋ ਲੱਖ ਰੁਪਏ ਦਾ ਦਾਨ ਦੇ ਕੇ ਇਕ ਬੈੱਡ ਫਰੀ ਕਰਵਾਇਆ ਹੈ। ਇਸ ਨੇਕ ਕਾਰਜ ਦੀ ਆਰੰਭਤਾ ਪਿੰਡ ਬਸਿਆਲਾ ਦੇ ਗੁਰਦੁਆਰਾ ਸ਼ਹੀਦ ਬਾਬਾ ਬੁੱਧ ਸਿੰਘ ਜੀ ਵਿਖੇ ਹੋਏ ਧਾਰਮਿਕ ਸਮਾਗਮ ਵਿਚ ਬਸਿਆਲਾ ਐਨ ਆਰ ਆਈ ਵੈਲਫੇਅਰ ਸੁਸਾਇਟੀ ਪਿੰਡ ਬਸਿਆਲਾ ਦੇ ਫਾਊਂਡਰ ਮੈਂਬਰਾਂ ਸ. ਮੱਖਣ ਸਿੰਘ ਬਸਿਆਲਾ ਯੂ.ਐਸ.ਏ. ਅਤੇ ਸ. ਮੁੱਖਤਿਆਰ ਸਿੰਘ ਬਸਿਆਲਾ ਫਾਊਂਡਰ ਮੈਂਬਰ ਵੱਲੋਂ ਡਾਇਰੈਕਟਰ ਮਾਸਟਰ ਗੁਰਚਰਨ ਸਿੰਘ ਬਸਿਆਲਾ ਤੇ ਪਿੰਡ ਵਾਸੀਆਂ ਨਾਲ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਮੁੱਖ ਪ੍ਰਬੰਧਕ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੂੰ ਦੋ ਲੱਖ ਰੁਪਏ ਦਾ ਚੈੱਕ ਭੇਟ ਕਰਨ ਮੌਕੇ ਹੋਈ।
ਇਸ ਮੌਕੇ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਟਰੱਸਟ ਨੇ ਇਕੱਤਰ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਸੁਸਾਇਟੀ ਦੇ ਸਮੂਹ ਅਹੁਦੇਦਾਰਾਂ ਅਤੇ ਸਹਿਯੋਗੀ ਮੈਂਬਰਾਂ ਵੱਲੋਂ ਪਿੰਡ ਬਸਿਆਲਾ ਦੇ ਵਾਸੀਆਂ ਲਈ ਬੈੱਡ ਫਰੀ ਕਰਵਾਉਣ ਲਈ ਕੀਤੇ ਗਏ ਨੇਕ ਉੱਦਮ ਦੀ ਭਾਰੀ ਸ਼ਲਾਘਾ ਕੀਤੀ। ਸ. ਕਾਹਮਾ ਨੇ ਇਕੱਤਰ ਜਨ ਸਮੂਹ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਲੋੜਵੰਦ ਮਰੀਜ਼ਾਂ ਨੂੰ ਮਿਲਦੀਆਂ ਮੈਡੀਕਲ ਇਲਾਜ ਸੇਵਾਵਾਂ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਪ੍ਰਦਾਨ ਕੀਤੀ। ਇਸ ਮੌਕੇ ਮਾਸਟਰ ਗੁਰਚਰਨ ਸਿੰਘ ਬਸਿਆਲਾ ਡਾਇਰੈਕਟਰ ਬਸਿਆਲਾ ਐਨ ਆਰ ਆਈ ਵੈਲਫੇਅਰ ਸੁਸਾਇਟੀ ਪਿੰਡ ਬਸਿਆਲਾ ਨੇ ਦੱਸਿਆ ਕਿ ਸੁਸਾਇਟੀ ਨੇ ਆਪਣੇ ਦੇਸ਼-ਵਿਦੇਸ਼ ਵਿਚ ਵੱਸਦੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਬਸਿਆਲਾ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਫਰੀ ਬੈੱਡ ਸੇਵਾ ਦਾ ਆਰੰਭ ਕਰਵਾਇਆ ਹੈ।
ਉਹਨਾਂ ਕਿਹਾ ਕਿ ਸੁਸਾਇਟੀ ਵੱਲੋਂ ਭਵਿੱਖ ਵਿਚ ਵੀ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਚਲਾਏ ਜਾ ਰਹੇ ਵੱਖ ਵੱਖ ਮੈਡੀਕਲ ਅਤੇ ਵਿਦਿਅਕ ਲੋਕ ਸੇਵਾ ਕਾਰਜਾਂ ਵਿਚ ਵੱਡਮੁੱਲਾ ਸਹਿਯੋਗ ਮਿਲਦਾ ਰਹੇਗਾ। ਇਸ ਮੌਕੇ ਸੁਸਾਇਟੀ ਵੱਲੋਂ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਅਤੇ ਸਹਿਯੋਗੀ ਟਰੱਸਟੀਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਪਿੰਡ ਬਸਿਆਲਾ ਲਈ ਫਰੀ ਬੈੱਡ ਸੇਵਾ ਦਾ ਆਰੰਭ ਕਰਨ ਮੌਕੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਤੋਂ ਸ.ਹਰਦੇਵ ਸਿੰਘ ਕਾਹਮਾ ਪ੍ਰਧਾਨ, ਸ. ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਸਕੱਤਰ, ਸ. ਜਗਜੀਤ ਸਿੰਘ ਸੋਢੀ ਟਰੱਸਟ ਮੈਂਬਰ ਅਤੇ ਬਸਿਆਲਾ ਐਨ ਆਰ ਆਈ ਵੈਲਫੇਅਰ ਸੁਸਾਇਟੀ ਪਿੰਡ ਬਸਿਆਲਾ ਤੋਂ ਸ. ਮੱਖਣ ਸਿੰਘ ਬਸਿਆਲਾ ਯੂ.ਐਸ.ਏ. ਫਾਊਂਡਰ ਮੈਂਬਰ, ਸ. ਹਰਜਿੰਦਰ ਸਿੰਘ ਨਿਊਜ਼ੀਲੈਂਡ ਫਾਊਂਡਰ ਮੈਂਬਰ, ਸ. ਮੁੱਖਤਿਆਰ ਸਿੰਘ ਬਸਿਆਲਾ ਫਾਊਂਡਰ ਮੈਂਬਰ, ਸ. ਮਲਕੀਅਤ ਸਿੰਘ ਨਿਊਜ਼ੀਲੈਂਡ, ਮਾਸਟਰ ਗੁਰਚਰਨ ਸਿੰਘ ਬਸਿਆਲਾ ਡਾਇਰੈਕਟਰ ਸੁਸਾਇਟੀ, ਸਰਪੰਚ ਕਸ਼ਮੀਰ ਕੌਰ ਪਿੰਡ ਬਸਿਆਲਾ, ਸ. ਸਵਰਨ ਸਿੰਘ ਬੱਸ ਵਾਲੇ, ਸ. ਗੁਰਜੀਤ ਸਿੰਘ ਜੀਤਾ ਤੇ ਹੋਰ ਪਤਵੰਤੇ ਸੱਜਣ ਤੇ ਪਿੰਡ ਵਾਸੀ ਹਾਜ਼ਰ ਸਨ।

WRITTEN BY