June 18, 2026 1:40 am

ਕੈਪਟਨ ਦੇ ਆਉਣ ’ਤੇ ਅਕਾਲੀ ਦਲ ਪੰਥਕ ਮੁੱਦਿਆਂ ਤੋਂ ਕੰਨੀ ਕਤਰਾਉਣ ਲੱਗਾ

ਅੰਮ੍ਰਿਤਸਰ, 27 ਮਾਰਚ (ਰਾਜਨ ਮਾਨ)-ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਵਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਨ ਤੋਂ ਬਾਅਦ ਮੁਕਾਬਲਾ ਸਖਤ ਹੋਣ ਕਾਰਨ ਹਮੇਸ਼ਾਂ ਪੰਥਕ ਮੁੱਦਿਆਂ ਨੂੰ ਉਛਾਲਕੇ ਲੋਕਾਂ ਵਿੱਚ ਜਾਣ ਵਾਲਾ ਅਕਾਲੀ ਦਲ ਇਸਵਾਰ ਅੱਗੇ ਕੈਪਟਨ ਨੂੰ  ਵੇਖਕੇ ਪੰਥਕ ਮੁੱਦਿਆਂ ਤੋਂ ਹਾਲਦੀ ਘੜੀ ਕੰਨੀ ਕਤਰਾ ਰਿਹਾ ਹੈ। ਪੰਥਕ ਮੁੱਦਿਆਂ ਤੇ ਭਾਜਪਾ ਨਾਲ ਵੱਖਰੀ ਸੁਰ ਹੋਣ ਕਾਰਨ ਵੀ ਅਕਾਲੀ ਦਲ ਲਈ ਵੱਡੀ ਚਣੌਤੀ ਹੈ। ਸ਼੍ਰੋਮਣੀ ਅਕਾਲੀ ਦਲ ਵਲੋਂ ਹਮੇਸ਼ਾਂ ਹੀ ਚੋਣਾਂ ਸਮੇਂ ਪੰਥਕ ਮੁੱਦਿਆਂ ਤੇ ਕਾਂਗਰਸ ਨੂੰ ਘੇਰਣ ਦਾ ਯਤਨ ਕੀਤਾ ਜਾਂਦਾ ਰਿਹਾ ਹੈ ਅਤੇ ਖਾਸ ਕਰਕੇ ਅੰਮ੍ਰਿਤਸਰ ਸੀਟ ਤੇ ਸਾਕਾ ਨੀਲਾ ਤਾਰਾ ਜਾਂ ਹੋਰ ਪੰਥਕ ਮੁੱਦੇ ਰੈਲੀਆਂ ਵਿੱਚ ਉਛਾਲੇ ਜਾਂਦੇ ਰਹੇ ਹਨ, ਪਰ ਇਸਵਾਰ ਅਜੇ ਅਕਾਲੀ ਦਲ ਤੇ ਭਾਜਪਾ ਨੇ ਇਹਨਾਂ ਮੁੱਦਿਆਂ ਤੇ ਚੁੱਪ ਵੱਟੀ ਹੋਈ ਹੈ। ਅਕਾਲੀ ਦਲ ਤੇ ਭਾਜਪਾ ਦੀ ਹਮੇਸ਼ਾਂ ਹੀ ਪੰਥਕ ਮੁੱਦਿਆਂ ਤੇ ਅਲੱਗ ਅਲੱਗ ਸੁਰ ਰਹੇ ਹਨ ਅਤ ਅਕਾਲੀ

ਦਲ ਭਾਜਪਾ ਦੇ ਹੱਕ ਵਿੱਚ ਇਹ ਮੁੱਦੇ ਵੀ ਨਹੀਂ ਉਠਾ ਸਕਦਾ ਤੇ ਦੂਸਰਾ ਕੈਪਟਨ ਜੋ ਇਹਨਾਂ ਮੁੱਦਿਆਂ ਤੇ ਅਕਾਲੀ ਦਲ ਨੂੰ ਜਵਾਬ ਦੇਣੇ ਜਾਣਦਾ ਹੈ। ਅਕਾਲੀ ਦਲ ਨੂੰ ਕਿਤੇ ਨਾ ਕਿਤੇ ਇਹ ਲੱਗਦਾ ਹੈ ਕਿ ਇਹਨਾਂ ਮੁੱਦਿਆਂ ਨੂੰ ਛੇੜਣ ਨਾਲ ਕੈਪਟਨ ਅੱਗੋਂ ਇਹੀ ਮੁੱਦੇ ਲੈ ਕੇ ਅਕਾਲੀ ਦਲ ਤੇ ਭਾਰੀ ਨਾ ਪਵੇ। ਕੈਪਟਨ ਅਮਰਿੰਦਰ ਵੀ ਆਪਣੇ ਆਪ ਨੂੰ ਪੰਥਕ ਵਿਚਾਰਧਾਰਾ ਵਾਲਾ ਆਗੂ ਦੱਸਕੇ ਲੋਕਾਂ ਵਿੱਚ ਪਹਿਲਾਂ ਵੀ ਕਈ ਵਾਰ ਗਏ ਹਨ। ਅਕਾਲੀ ਦਲ ਹੁਣ ਇਸ ਨਾਜ਼ੁਕ ਮੋੜ ਤੇ ਕਿਸੇ ਤਰ੍ਹਾ ਦਾ ਨਵਾਂ ਵਿਵਾਦ ਛੇੜਣਾ ਨਹੀਂ ਚਾਹੁੰਦਾ। ਅਕਾਲੀ ਦਲ ਤੇ ਭਾਜਪਾ ਵਲੋਂ ਪਿਛਲੇ ਸਮੇਂ ਸਾਕਾ ਨੀਲਾ ਤਾਰ੍ਹਾ ਨੂੰ ਲੈ ਕੇ ਕਾਂਗਰਸ ਉਪਰ ਹਮਲਾ ਕੀਤਾ ਗਿਆ ਸੀ ਪਰ ਕੈਪਟਨ ਅਮਰਿੰਦਰ ਵਲੋਂ ਪਲਟ ਵਾਰ ਕਰਕੇ ਇਹ ਮੁੱਦੇ ਆਪਣੇ ਹੱਥ ਵਿੱਚ ਲੈ ਲਏ ਸਨ ਅਤੇ ਸਾਕਾ ਨੀਲਾ ਤਾਰਾ ਦੌਰਾਨ ਪ੍ਰਕਾਸ਼ ਸਿੰਘ ਬਾਦਲ ਤੇ ਪੰਜਾਬ ਛੱਡਕੇ ਪੱਜ ਜਾਣ ਦੇ ਦੋਸ ਲਾਏ ਸਨ। ਕੈਪਟਨ ਦੀ ਪੰਥਕ ਪਕੜ ਨੂੰ ਵੇਖਦਿਆਂ ਹੀ ਅਕਾਲੀ ਦਲ ਅਜੇ ਕੋਈ ਪੰਗਾ ਨਹੀ ਲੈਣਾ ਚਾਹੁੰਦਾ। ਅਕਾਲੀ ਦਲ ਇਹ ਗੱਲ ਭਲੀਭਾਂਤ ਜਾਣਦਾ ਹੈ ਕਿ ਅੰਮ੍ਰਿਤਸਰ ਦੇ ਹਲਕੇ ਵਿੱਚ 65 ਫੀਸਦੀ ਸਿੱਖ ਵੋਟ ਹੈ ਅਤੇ ਕੈਪਟਨ ਇੱਕ ਸਿੱਖ ਹੋਣ ਕਰਕੇ ਵੀ ਇਸਦਾ ਫਾਇਦਾ ਲੈ ਸਕਦਾ ਹੈ।
ਅਕਾਲੀ ਦਲ ਜੇਕਰ ਪੰਥਕ ਮੁੱਦੇ ਛੇੜਦਾ ਹੈ ਤਾਂ ਭਾਜਪਾ ਦੀ ਹਿੰਦੂ ਵੋਟ ਟੁੱਟਣ ਦਾ ਖਤਰਾ ਹੈ ਅਤੇ ਜੇਕਰ ਨਹੀਂ ਛੇੜਦਾ ਤਾਂ ਆਪਣੀ ਸਿੱਖ ਵੋਟ ਨੂੰ ਖੁਰਾ ਲੱਗਣ ਦਾ ਡਰ ਹੈ। ਇਸ ਸਮੇਂ ਅਕਾਲੀ ਦਲ ਲਈ ਇਹ ਮੁੱਦੇ ਉਠਾਉਣਾ ਜਾਂ ਨਾ ਉਠਾਉਣਾ ਵੱਡੀ ਚੁਣੌਤੀ ਬਣੇ ਹੋਏ ਹਨ। ਗਰਮਖਿਆਲੀ ਵੀ ਬਾਦਲਾਂ ਨਾਲੋਂ ਕੈਪਟਨ ਨੂੰ ਵਧੇਰੇ ਪਸੰਦ ਕਰਦੇ ਹਨ ਅਤੇ ਇਹ ਵੋਟ ਵੀ ਕੈਪਟਨ ਲਿਜਾਣ ਵਿੱਚ ਸਫਲ ਹੋ ਸਕਦੇ ਹਨ। ਹਾਲਦੀ ਘੜੀ ਕਾਂਗਰਸ ਲਈ ਸਭ ਅੱਛਾ ਨਜ਼ਰ ਆ ਰਿਹਾ ਹੈ। ਭਾਜਪਾ ਉਮੀਦਵਾਰ ਨੂੰ ਲੋਕਾਂ ਦੇ ਸਰਕਾਰ ਪ੍ਰਤੀ ਗੁੱਸੇ ਦਾ ਵੀ ਸ਼ਿਕਾਰ ਹੋਣਾ ਪਵੇਗਾ।
ਅਕਾਲੀ ਦਲ ਤੇ ਭਾਜਪਾ ਵਲੋਂ ਵੀ ਕੈਪਟਨ ਨੂੰ ਘੇਰਨ ਲਈ ਰਣਨੀਤੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਭਾਂਵੇਂ ਕੈਪਟਨ ਦੇ ਆਉਣ ਕਾਰਨ ਅਕਾਲੀ ਤੇ ਭਾਜਪਈਆਂ ਨੂੰ ਪਸੀਨੇ ਆ ਰਹੇ ਹਨ,ਪਰ ਉਹ ਇਹ ਲੜਾਈ ਤਕੜੇ ਹੋ ਕੇ ਲੜਨ ਲਈ ਵਰਕਰਾਂ ਨੂੰ ਕਹਿ ਰਹੇ ਹਨ।
ਅਕਾਲੀ ਦਲ ਦੇ ਯੂਥ ਆਗੂ ਤੇ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਵਲੋਂ ਜੇਤਲੀ ਦੇ ਪ੍ਰਚਾਰ ਦੀ ਕਮਾਨ ਸੰਭਾਲੀ ਗਈ ਹੈ ਪਰ ਉਹ ਅੰਮ੍ਰਿਤਸਰ ਦੇ ਨਾਲ ਨਾਲ ਬਠਿੰਡਾ ਸੀਟ ਤੇ ਵੀ ਸਮਾਂ ਬਤੀਤ ਕਰਨਾ ਚਾਹੁੰਦੇ ਹਨ। ਮਜੀਠੀਆ ਨੂੰ ਦੋ ਹਲਕਿਆਂ ਦੀ ਸਿਰਦਰਦੀ ਪਈ ਹੈ। ਇੱਕ ਪਾਸੇ ਭੈਣ ਤੇ ਦੂਜੇ ਪਾਸੇ ਪਾਰਟੀ ਦੀ ਭਾਈਬੰਦੀ ਦਾ ਸੁਆਲ ਹੈ। ਬਠਿੰਡਾ ਸੀਟ ਤੇ ਵੀ ਇਸਵਾਰ ਮੁਕਾਬਲਾ ਸਖਤ ਹੋ ਗਿਆ ਹੈ।ਸੀਪੀਆਈ ਵਲੋਂ ਮਨਪ੍ਰੀਤ ਦੀ ਹਮਾਇਤ ਕੀਤੇ ਜਾ ਤੋ ਬਾਅਦ ਅਕਾਲੀ ਦਲ ਲਈ ਹੋਰ ਵੀ ਸਿਰਦਰਦੀ ਪੈਦਾ ਹੋ ਗਹੀ ਹੈ। ਪੰਜਾਬ ਵਿੱਚ ਅੰਮ੍ਰਿਤਸਰ ਤੇ ਬਠਿੰਡਾ ਸੀਟਾਂ ਅਕਾਲੀ ਦਲ ਲਈ ਵਕਾਰ ਦਾ ਸੁਆਲ ਬਣ ਗਈਆਂ ਹਨ। ਜਿਥੇ ਅਕਾਲੀ ਦਲ ਤੇ  ਭਾਜਪਾ ਸਰਕਾਰ ਦੀਆਂ ਪ੍ਰਪਾਤੀਆਂ ਲੋਕਾਂ ਨੂੰ ਦੱਸਕੇ ਵੋਟਾਂ ਮੰਗ ਰਹੇ ਹਨ ਉਥੇ ਕਾਂਗਰਸ ਸਰਕਾਰ ਦੀਆਂ ਨਾਕਾਮੀਆਂ ਲੋਕਾਂ ਵਿੱਚ ਰੱਖਕੇ ਵੋਟਾਂ ਮੰਗ ਰਹੀ ਹੈ।  ਭਾਜਪਾ ਉਮੀਦਵਾਰ ਪੂਰੀ ਤਰ੍ਹਾਂ ਅਕਾਲੀ ਦਲ ਤੇ ਨਿਰਭਰ ਹੈ ।
ਕੈਪਟਨ ਦੇ ਆਉਣ ਨਾਲ ਇਸ ਸੀਟ ਦੇ ਸਮੀਕਰਨ ਹੀ ਬਦਲ ਗਏ ਹਨ। ਕਾਂਗਰਸੀ ਫੁੱਟ ਖਤਮ ਹੋ ਗਈ ਹੈ ਅਤੇ ਹਰ ਲੀਡਰ ਹੁਣ ਕੈਪਟਨ ਦੇ ਨਾਲ ਚੱਲਣ ਲਈ ਕਮਰਕੱਸੇ ਕੱਸ ਰਿਹਾ ਹੈ। ਕਾਂਗਰਸੀ ਹੁਣ ਕੈਪਟਨ ਦੇ ਅੰਮ੍ਰਿਤਸਰ ਆਉਦ ਦਾ ਇੰਤਜ਼ਾਰ ਕਰ ਰਹੇ ਹਨ। ਅਗਲੇ ਦੋ ਦਿਨਾਂ ਵਿੱਚ ਕੈਪਟਨ ਦੇ ਇਥੇ ਆਉਣ ਦੀ ਸੰਭਾਵਨਾ ਹੈ। ਹਾਲਦੀ ਘੜੀ ਅਕਾਲੀ ਭਾਜਪਾ ਚੋਣ ਪ੍ਰਚਾਰ ਵਿੱਚ ਪੂਰੇ ਜ਼ੋਰ ਨਾਲ ਲੱਗੇ ਹੋਏ ਹਨ ਅਤੇ ਕਾਂਗਰਸੀ ਕੈਪਟਨ ਦਾ ਇੰਤਜ਼ਾਰ ਕਰ ਰਹੇ ਹਨ। ਅਸਲੀ ਮੈਦਾਲ ਕੈਪਟਨ ਦੇ ਆਉਣ ਤੇ ਹੀ ਭਖੇਗਾ। ਇਸ ਸਖਤ ਮੁਕਾਬਲੇ ਦੀ ਹਲਕੇ ਵਿੱਚ ਹੀ ਨਹੀ ਬਲਕਿ ਪੰਜਾਬ ਵਿੱਚ ਪੂਰੀ ਚਰਚਾ ਹੈ ਅਤੇ ਲੋਕ ਇਸ ਸੀਟ ਤੇ ਨਿਗਾਹਾਂ ਲਾਈ ਬੈਠੇ ਹਨ।