ਮੋਹਾਲੀ, 20 ਨਵੰਬਰ (ਧਾਮੀ ਸ਼ਰਮਾ)- ਕੌਮੀ ਪਲਸ ਪੋਲੀਓ ਪ੍ਰੋਗਰਾਮ ਤਹਿਤ ਜ਼ਿਲ੍ਹਾ ਮੋਹਾਲੀ ਵਿਚ ਆਰੰਭੀ ਗਈ ਮੁਹਿੰਮ ਸਫ਼ਲਤਾ ਨਾਲ ਨੇਪਰੇ ਚੜ੍ਹ ਗਈ ਹੈ। ਜ਼ਿਲ੍ਹੇ ਵਿਚ 0 ਤੋਂ ਪੰਜ ਸਾਲ ਤਕ ਦੇ ਕੁਲ 1, 47170 ਬੱਚਿਆਂ ਨੂੰ ਪੋਲੀਉ ਰੋਕੂ ਦਵਾਈ ਦੀਆਂ ਬੂੰਦਾਂ ਪਿਲਾਉਣ ਦਾ ਟੀਚਾ ਸੀ ਜਿਹੜਾ ਆਸਾਨੀ ਨਾਲ ਪਾਰ ਕਰ ਲਿਆ ਗਿਆ ਹੈ।ਸਿਵਲ ਸਰਜਨ ਡਾ. ਰੀਟਾ ਭਾਰਦਵਾਜ ਨੇ ਦਸਿਆ ਕਿ 18 ਨਵੰਬਰ ਤੋਂ ਸ਼ੁਰੂ ਹੋਈ ਤਿੰਨ ਰੋਜ਼ਾ ਮੁਹਿੰਮ ਦੌਰਾਨ ਕੁਲ 1,49903 ਬਚਿਆਂ ਨੂੰ ਦਵਾਈ ਦੀਆਂ ਬੂੰਦਾਂ ਪਿਲਾਈਆਂ ਗਈਆਂ ਹਨ ਯਾਨੀ ਟੀਚੇ ਦਾ 101.86 ਫ਼ੀਸਦੀ ਹਾਸਲ ਕਰ ਲਿਆ ਗਿਆ ਹੈ। ਪਹਿਲੇ ਦਿਨ 66, 017 , ਦੂਜੇ ਦਿਨ 54917 ਤੇ ਅੱਜ ਆਖ਼ਰੀ ਦਿਨ 28969 ਬਚਿਆਂ ਨੂੰ ਦਵਾਈ ਪਿਲਾਈ ਗਈ।ਉਨ੍ਹਾਂ ਦਸਿਆ ਕਿ ਸਿਹਤ ਕਾਮਿਆਂ ਨੇ ਸਾਢੇ ਤਿੰਨ ਲਖ ਤੋਂ ਵਧ ਥਾਵਾਂ ’ਤੇ ਪਹੁੰਚ ਕੀਤੀ। ਸਿਹਤ ਕਾਮਿਆਂ ਨੇ ਤਿੰਨੇ ਦਿਨ ਬਸ ਅਡਿਆਂ, ਧਾਰਮਕ ਅਸਥਾਨਾਂ, ਰੇਲਵੇ ਸਟੇਸ਼ਨਾਂ, ਫ਼ੈਕਟਰੀਆਂ, ਬਸਤੀਆਂ, ਝੁਗੀਆਂ, ਡੇਰਿਆਂ, ਭਠਿਆਂ ਅਤੇ ਘਰਾਂ ਵਿਚ ਜਾ ਕੇ ਬਚਿਆਂ ਨੂੰ ਦਵਾਈ ਪਿਲਾਈ। ਡਾ. ਭਾਰਦਵਾਜ ਨੇ ਖ਼ੁਦ ਮੁਹਿੰਮ ਦਾ ਜਾਇਜ਼ਾ ਲੈਂਦਿਆਂ ਯਕੀਨੀ ਬਣਾਇਆ ਕਿ ਕੋਈ ਵੀ ਬਚਾ ਦਵਾਈ ਪੀਣ ਤੋਂ ਵਾਂਝਾ ਨਾ ਰਹੇ।ਉਨ੍ਹਾਂ ਕਿਹਾ ਕਿ ਇਸ ਵਿਆਪਕ ਮੁਹਿੰਮ ਦੇ ਬਾਵਜੂਦ ਜੇ ਕੋਈ ਬਚਾ ਕਿਸੇ ਨਾ ਕਿਸੇ ਕਾਰਨ ਦਵਾਈ ਪੀਣ ਤੋਂ ਵਾਂਝਾ ਰਹਿ ਜਾਂਦਾ ਹੈ ਤਾਂ ਉਸ ਦੇ ਮਾਪੇ ਅਪਣੇ ਨੇੜਲੇ ਸਿਹਤ ਕੇਂਦਰ ਵਿਚ ਜਾ ਕੇ ਉਸ ਨੂੰ ਦਵਾਈ ਪਿਲਾ ਸਕਦੇ ਹਨ।ਡਾ. ਭਾਰਦਵਾਜ ਨੇ ਦਸਿਆ ਕਿ ਪੋਲੀਉ ਮੁਹਿੰਮ ਦੀ ਸਫ਼ਲਤਾ ਲਈ ਸਿਹਤ ਕਾਮਿਆਂ ਤੋਂ ਇਲਾਵਾ ਨਰਸਿੰਗ ਕਾਲਜਾਂ ਦੇ ਵਿਦਿਆਰਥੀਆਂ ਦੀ ਮਦਦ ਲਈ ਗਈ। ਉਨ੍ਹਾਂ ਮੁਹਿੰਮ ਨੂੰ ਸਫ਼ਲਤਾ ਨਾਲ ਨੇਪਰੇ ਚਾੜ੍ਹਨ ਲਈ ਸਿਹਤ ਕਾਮਿਆਂ, ਗ਼ੈਰ-ਸਰਕਾਰੀ ਸੰਸਥਾਵਾਂ, ਬਚਿਆਂ ਦੇ ਮਾਪਿਆਂ, ਨਰਸਿੰਗ ਕਾਲਜਾਂ ਦੇ ਵਿਦਿਆਰਥੀਆਂ ਦਾ ਸਹਿਯੋਗ ਦੇਣ ਲਈ ਧਨਵਾਦ ਕੀਤਾ। ਜ਼ਿਕਰਯੋਗ ਹੈ ਕਿ ਇਸ ਮੁਹਿੰਮ ਦੀ ਸਫ਼ਲਤਾ ਲਈ ਕੁਲ 1202 ਟੀਮਾਂ ਬਣਾਈਆਂ ਗਈਆਂ ਸਨ ਜਿਹੜੀਆਂ 3,46,959 ਘਰਾਂ ਵਿਚ ਫੇਰੀ ਪਾਉਣਗੀਆਂ। ਇਨ੍ਹਾਂ ਟੀਮਾਂ ਵਿਚ ਘਰ-ਘਰ ਜਾ ਕੇ ਦਵਾਈ ਪਿਲਾਉਣ ਵਾਲੀਆਂ 1202 ਟੀਮਾਂ, 99 ਮੋਬਾਈਲ ਟੀਮਾਂ ਅਤੇ 50 ਟਰਾਂਜ਼ਿਟ ਟੀਮਾਂ ਸ਼ਾਮਲ ਸਨ।ਮੁਹਿੰਮ ਦੀ ਨਿਗਰਾਨੀ ਕਰਨ ਵਾਲੇ ਸੁਪਰਵਾਇਜ਼ਰਾਂ ਦੀ ਗਿਣਤੀ 121 ਸੀ ਜਦਕਿ ਵੈਕਸੀਨੇਟਰਾਂ ਦੀ ਗਿਣਤੀ 2404 ਸੀ। ਪੋਲੀਉ ਰੋਕੂ ਮੁਹਿੰਮ ਸਵੇਰੇ ਨੌਂ ਵਜੇ ਤੋਂ ਸ਼ੁਰੂ ਹੋ ਕੇ ਦੇਰ ਸ਼ਾਮ ਤਕ ਚਲਦੀ ਰਹੀ। ਅਜ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵੀਨਾ ਜ਼ਰੇਵਾਲ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਾਕੇਸ਼ ਸਿੰਗਲਾ, ਜ਼ਿਲ੍ਹਾ ਪਰਵਾਰ ਭਲਾਈ ਅਫ਼ਸਰ ਡਾ. ਰੁਪਿੰਦਰ ਕੌਰ ਵਾਲੀਆ ਨੇ ਜ਼ਿਲ੍ਹੇ ਵਿਚ ਵਖ-ਵਖ ਥਾਵਾਂ ‘ਤੇ ਜਾ ਕੇ ਮੁਹਿੰਮ ਦਾ ਜਾਇਜ਼ਾ ਲਿਆ।
ਡੇਢ ਲੱਖ ਬੱਚਿਆਂ ਨੂੰ ਪਿਲਾਈਆਂ ਪੋਲੀਓ ਬੂੰਦਾਂ-ਟੀਚਾ ਪਾਰ



