ਜਲੰਧਰ, 13 ਨਵੰਬਰ- ਪ੍ਰਧਾਨ ਸ. ਅਜੀਤ ਸਿੰਘ ਸੇਠੀ ਅਤੇ ਸਮੂਹ ਪ੍ਰਬੰਧਕ ਕਮੇਟੀ ਦੀ ਯੋਗ ਅਤੇ ਸੁਚੱਜੀ ਦੇਖ-ਰੇਖ ਵਿੱਚ ਗੁਰੂ ਅਮਰ ਦਾਸ ਪਬਲਿਕ ਸਕੂਲ ਮਾਡਲ ਟਾਊਨ ਜਲੰਧਰ ਦੇ ਵਿਦਿਆਰਥੀਆਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਧੰਨ-ਧੰਨ ਸ੍ਰੀ ਗੁਰੂੁ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਜਾਇਆ ਗਿਆ। ਇਸ ਮੌਕੇ ਗੁਰੂੁ ਗ੍ਰੰਥ ਸਾਹਿਬ ਜੀ ਫੁੱਲਾਂ ਨਾਲ ਸਜਾਈ ਪਾਲਕੀ ਵਿੱਚ ਸ਼ੁਸ਼ੋਭਿਤ ਸਨ।ਨਗਰ ਕੀਰਤਨ ਦਾ ਸ਼ੁੱਭ ਆਰੰਭ ਸਵੇਰੇ 11.30 ਵਜੇ ਅਰਦਾਸ ਨਾਲ ਹੋਇਆ।ਇਸ ਮੌਕੇ ਪਾਇਪ ਬੈਂਡ ਅਤੇ ਸਕੂਲ ਦੀ ਬੈਂਡ ਟੀਮ ਸ਼ਬਦਾਂ ਦੀਆਂ ਧੁੰਨਾਂ ਵਜਾ ਰਹੇ ਸਨ। ਵਿਦਿਆਰਥੀਆਂ ਨੇ ਰੰਗ-ਬਿਰੰਗੀਆਂ ਦਸਤਾਰਾਂ ਸਜਾਈਆਂ ਹੋਈਆਂ ਸਨ। ਐਨ.ਸੀ.ਸੀ. ਦੇ ਕੈਡਿਟ ਪ੍ਰੇਡ ਕਰ ਰਹੇ ਸਨ। ਵਿਦਿਆਰਥੀਆਂ ਨੇ ਗੁਰਬਾਣੀ ਦੇ ਸ਼ਬਦ ਗਾਇਣ ਕਰ ਕੇ ਨਗਰ ਕੀਰਤਨ ਦੀ ਸ਼ੋਭਾ ਵਧਾਈ। ਉਨ੍ਹਾਂ ਨੇ ਆਪਣੇ ਆਲੇ-ਦੁਆਲੇ ਨੂੰ ਪ੍ਰਦੂਸ਼ਣ ਮੁਕਤ ਕਰਨ ਦਾ ਸੰਦੇਸ਼ ਦੇਣ ਲਈ ਸਾਈਕਲ ਰੈਲੀ ਵੀ ਕੱਢੀ।ਨਗਰ ਕੀਰਤਨ ਸਕੂਲ ਤੋਂ ਆਰੰਭ ਹੋ ਕੇ ਮਾਡਲ ਟਾਊਨ ਵਾਲੀ ਸੜਕ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਪਹੁੰਚਿਆ ਜਿੱਥੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਅਜੀਤ ਸਿੰਘ ਸੇਠੀ,ਸ. ਮਹਿੰਦਰਜੀਤ ਸਿੰਘ,ਸ. ਕੰਵਲਜੀਤ ਸਿੰਘ ਕੋਛੜ,ਸ.ਸੁਰਜੀਤ ਸਿੰਘ ਅਰੋੜਾ,ਸ.ਕੁਲਤਾਰਨ ਸਿੰਘ ਅਨੰਦ, ਸ.ਐਚ.ਐਸ.ਭਸੀਨ,ਸ. ਤੇਜਦੀਪ ਸਿੰਘ ਸੇਠੀ,ਸ. ਗਗਨਦੀਪ ਸਿੰਘ ਸੇਠੀ ,ਡਾਇਰੈਕਟਰ ਪ੍ਰਿੰਸੀਪਲ ਸ਼੍ਰੀ ਮਤੀ ਹਰਮਿੰਦਰਜੀਤ ਕੌਰ ਚਾਵਲਾ, ਕਾਰਜਕਾਰੀ ਪ੍ਰਿੰਸੀਪਲ ਸ਼੍ਰੀ ਮਤੀ ਨਵਨੀਤ ਕੌਰ ਕੁਕਰੇਜਾ ਨੇ ਨਗਰ ਕੀਰਤਨ ਦਾ ਨਿੱਘਾ ਸੁਆਗਤ ਕੀਤਾ। ਇੱਥੋਂ ਚੱਲ ਕੇ ਨਗਰ ਕੀਰਤਨ ਮਾਡਲ ਟਾਊਨ ਮਾਰਕੀਟ ਤੇ ਪਹੁੰਚਣ ਤੇ ਸ਼੍ਰੀ ਮਤੀ ਅਰੁਣਾ ਅਰੋੜਾ ਕੌਂਸਲਰ ਮਾਡਲ ਟਾਊਨ, ਸ.ਲਖਬੀਰ ਸਿੰਘ ਲਾਲੀ ਚੇਅਰਮੈਨ ਮਾਡਲ ਟਾਊਨ ਮਾਰਕੀਟ ਕਮੇਟੀ ਅਤੇ ਸ਼੍ਰੀ ਅਨਿਲ ਅਰੋੜਾ ਪ੍ਰਧਾਨ ਮਾਡਲ ਟਾਊਨ ਮਾਰਕੀਟ ਦੇ ਸਹਿਯੋਗ ਨਾਲ ਸਮੂਹ ਦੁਕਾਨਦਾਰਾਂ ਨੇ ਬੱਚਿਆਂ ਨੂੰ ਜੀ-ਆਇਆਂ ਆਖਿਆ ਅਤੇ ਉਨ੍ਹਾਂ ਨੂੰ ਖਾਣ-ਪੀਣ ਦੀਆਂ ਵਸਤੂਆਂ ਦੇ ਕੇ ਉਨ੍ਹਾਂ ਦਾ ਉਤਸ਼ਾਹ ਵਧਾਇਆ। ਡਵੀਜਨ ਨੰਬਰ-6 ਦੇ ਪੁਲਿਸ ਕਰਮਚਾਰੀਆਂ ਨੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੂਰਨ ਸਹਿਯੋਗ ਦਿੱਤਾ। ਨਗਰ ਕੀਰਤਨ ਦੇ ਵਾਪਸ ਸਕੂਲ ਪਹੁੰਚਣ ਤੇ ਸੰਪਨਤਾ ਤੋਂ ਬਾਅਦ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ।
ਗੁਰੂ ਅਮਰ ਦਾਸ ਪਬਲਿਕ ਸਕੂਲ ਮਾਡਲ ਟਾਊਨ ਜਲੰਧਰ ਦੇ ਵਿਦਿਆਰਥੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਨਗਰ ਕੀਰਤਨ ਸਜਾਇਆ



