June 24, 2026 1:35 pm

ਹਮ ਤੋ ਮੈਦਾਨ-ਏ-ਜੰਗ ਮੇਂ ਖੜ੍ਹੇ ਹੈਂ ਕਫ਼ਨ ਸਜ਼ਾ ਕੇ, ਤੁਮ੍ਹਾਰਾ ਸਾਥ ਭੀ ਕਿਸੀ ਜੀਤ ਸੇ ਕਮ ਨਹੀਂ

ਮਨਦੀਪ ਖੁਰਮੀ ਹਿੰਮਤਪੁਰਾ

ਪੰਜਾਬ ਦੀ ਰਾਜਨੀਤਕ ਹਵਾ ਪੂਰੇ ਜ਼ੋਰਾਂ ਸ਼ੋਰਾਂ ‘ਤੇ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਬਿਲਕੁਲ ਅੱਡਰਾ ਜਿਹਾ ਮਾਹੌਲ ਦੇਖਣ ਨੂੰ ਮਿਲ ਰਿਹੈ। ਪਰ ਇੱਕ ਗੱਲ ਸਾਂਝੀ ਜਰੂਰ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵੇਲੇ ਨਵੀਂ ਬਣੀ ਪਾਰਟੀ ਪੀਪੀਪੀ ਘੁੰਡ ਉਠਾ ਕੇ ਲੋਕਾਂ ਸਾਹਮਣੇ ਆਈ ਸੀ ਤੇ ਹੁਣ ਆਮ ਆਦਮੀ ਪਾਰਟੀ। ਦੋਹਾਂ ‘ਚ ਇੱਕ ਸਾਂਝੀ ਗੱਲ ਹੋਰ ਵੀ ਹੈ ਕਿ ਪੀਪੀਪੀ ਵੱਲੋਂ ਵੀ ਹਾਸਰਸ ਕਲਾਕਾਰ ਭਗਵੰਤ ਮਾਨ ਨੇ ਚੋਣ ਲੜੀ ਸੀ ਅਤੇ ਇਸ ਵਾਰ ਆਮ ਆਦਮੀ ਪਾਰਟੀ ਵੱਲੋਂ ਵੀ ਭਗਵੰਤ ਮਾਨ ਸੰਗਰੂਰ ਤੋਂ ਲੋਕ ਸਭਾ ਲਈ ਲਾਂਗੜ ਕਸੀ ਖੜ੍ਹਾ ਹੈ। ਭਗਵੰਤ ਮਾਨ ਨੇ ਜੋ ਗੱਲਾਂ ਪੀਪੀਪੀ ਦੇ ਮੰਚ ਤੋਂ ਬੋਲੀਆਂ ਸਨ, ਓਹੀ ਓਹ ਆਮ ਆਦਮੀ ਦੀ ਟੋਪੀ ਪਹਿਨ ਕੇ ਕਰ ਰਿਹੈ ਪਰ ਫਰਕ ਹੈ ਤਾਂ ਸਿਰਫ ਇਹੀ ਕਿ ਨਿਜ਼ਾਮ ਬਦਲਣ ਦੀਆਂ ਗੱਲਾਂ ਕਰਨ ਵਾਲਿਆਂ ਦੀ ਪਤੰਗ ਨੂੰ ਤੁਣਕਾ ਫੇਰ ਉਹੀ ਹੱਥ ਮਾਰ ਰਹੇ ਹਨ ਜਿਹਨਾਂ ਤੋਂ ਨਿਜਾਤ ਪਾਉਣ ਲਈ ਨਵੀਆਂ ਰਾਹਾਂ ਚੁਣੀਆਂ ਸਨ। ਬੇਸ਼ੱਕ ‘ਆਪ‘ ਬਾਰੇ ਹੀ ਭਵਿੱਖ ਵਿੱਚ ਅਜਿਹਾ ਕੁਝ ਸੁਣਨ ਨੂੰ ਮਿਲੇ ਪਰ ਫਿਲਹਾਲ ਇਹਨਾਂ ਗੱਲਾਂ ਨੂੰ ਪਾਸੇ ਰੱਖ ਕੇ ਜਦ ਵੀ ਭਗਵੰਤ ਮਾਨ ਦੀਆਂ ਦਿਲੀ ਹੂਕ ਤਕਰੀਰਾਂ ਸੁਣਦੇ ਹਾਂ ਤਾਂ ਇੱਕ ਵਾਰ ਤਾਂ ਸਮਾਂ ਖੜ੍ਹ ਗਿਆ ਮਹਿਸੂਸ ਹੁੰਦੈ। ਉਸਦੀਆਂ ਹੁਣ ਤੱਕ ਨਿੱਡਰ ਹੋ ਕੇ ਕੀਤੀਆਂ ਜਾਂਦੀਆਂ ਟਿੱਪਣੀਆਂ ਇਸ ਗੱਲ ਦੀਆਂ ਗਵਾਹ ਹਨ ਕਿ ਆਪਣੀਆਂ ਆਡੀਓ ਕੈਸੇਟਾਂ ਤੋਂ ਲੈ ਕੇ ਫਿਲਮਾਂ ‘ਚ ਆਉਣ ਤੱਕ ਵੀ ਉਹ ਉਸੇ ਭ੍ਰਿਸ਼ਟ ਰਾਜਨੀਤਕ ਤਾਣੇ ਬਾਣੇ ਨੂੰ ਲੋਕ ਸੱਥਾਂ ਵਿੱਚ ਨੰਗਾ ਕਰਦਾ ਆਇਆ ਹੈ ਤੇ ਉਹੀ ਕੰਮ ਉਹ ਨਿਰੰਤਰ ਰਾਜਨੀਤਕ ਬਾਣਾ ਪਾ ਕੇ ਵੀ ਕਰ ਰਿਹਾ ਹੈ। ਮੈਨੂੰ ਭਗਵੰਤ ਮਾਨ ਕੋਈ ਬਾਹਲਾ ਨੇੜਿਉਂ ਵੀ ਨਹੀਂ ਤੇ ਬਾਕੀ ਉਮੀਦਵਾਰ ਦੂਰੋਂ ਨਹੀਂ। ਪਰ ਤੱਕੜੀ ਵੀ ਉਸ ਪਾਸੇ ਵੱਲ ਝੁਕਦੀ ਹੈ ਜਿਸ ਪਾਸੇ ਵਧੇਰੇ ਵਜ਼ਨ ਹੁੰਦੈ। ਭਗਵੰਤ ਮਾਨ ਦੀਆਂ ਵਜ਼ਨਦਾਰ ਗੱਲਾਂ ਨੇ ਸੋਚਣ ਲਈ ਮਜ਼ਬੂਰ ਕੀਤੈ।

ਬੇਸ਼ੱਕ ਉਹ ਆਪਣੇ ਕਲਾਕਾਰ ਵਜੋਂ ਕਿੱਤੇ ਨੂੰ ਪਾਸੇ ਰੱਖ ਕੇ ਰਾਜਨੀਤੀ ਵਿੱਚ ਆਇਐ ਤਾਂ ਕੀ ਉਸਦੀਆਂ ਗੱਲਾਂ ਝੂਠੀਆਂ ਹਨ? ਕੀ ਪੰਜਾਬ ਵਿੱਚ ਦੁੱਧ ਵੇਚਣ ਲਈ ਦੋਧੀ ਨੂੰ ਘਰ ਘਰ ਨਹੀਂ ਜਾਣਾ ਪੈਂਦਾ? ਕੀ ਸ਼ਰਾਬ ਅਸੀਂ ਖੁਦ ਚੱਲ ਕੇ ਠੇਕੇ ‘ਤੇ ਖਰੀਦਣ ਨਹੀਂ ਜਾਂਦੇ? ਕੀ ਸਾਡੀ ਨੌਜ਼ਵਾਨੀ ਨੂੰ ਰੋਜ਼ਗਾਰ ਦੇ ਕੇ ਪਰਿਵਾਰਾਂ ਦੇ ਪੇਟ ਪਾਲਣ ਨਾਲੋਂ ਆਟਾ ਦਾਲ ਸਕੀਮਾਂ, ਸਾਇਕਲਾਂ, ਇੱਥੋਂ ਤੱਕ ਕੇ ਡੋਲੂ ਪਤੀਲਿਆਂ ਦਾ ਲਾਲਚ ਦੇ ਕੇ ਵੋਟਾਂ ਪੱਕੀਆਂ ਕਰਨ ਬਹਾਨੇ ਭਿਖਾਰੀ ਨਹੀਂ ਬਣਾਇਆ ਜਾ ਰਿਹਾ? ਸੱਚ ਹੀ ਤਾਂ ਕਹਿ ਰਿਹੈ ਭਗਵੰਤ ਮਾਨ। ਜੇ ਅਸੀਂ ਚਾਹ ਦੇ ਗਲਾਸ ‘ਚ ਡਿੱਗ ਕੇ ਮਰੀ ਮੱਖੀ ਨੂੰ ਨਿਗਲਣਾ ਹੀ ਗਿੱਝ ਗਏ ਹਾਂ ਤਾਂ ਫੇਰ ਪੰਜਾਬ ਦੇ ਮਾੜੇ ਹਾਲਾਤਾਂ ‘ਤੇ ਬਾਕੀ ਦੇ 4 ਸਾਲ ਤੇ 364 ਦਿਨ ਰੋਣ ਪਿੱਟਣ ਦਾ ਕੀ ਫਾਇਦਾ? ਜੇ ਖੁਦ ਸੂਲੀ ਚੜ੍ਹਦੇ ਹੀ ਹਾਂ ਤਾਂ ਫਿਰ ਲੇਰਾਂ ਕਿਉਂ ਮਾਰਦੇ ਹਾਂ ਬਾਦ ‘ਚ? ਇੱਕ ਗੱਲ ਨੇ ਹੋਰ ਬਹੁਤ ਹੈਰਾਨ ਕੀਤੈ ਕਿ ਭਗਵੰਤ ਮਾਨ ਕਈ ਦਿਨਾਂ ਤੋਂ ਸੰਗਰੂਰ ਲੋਕ ਸਭਾ ਹਲਕੇ ਦੇ ਪਿੰਡਾਂ ‘ਚ ਬਗੈਰ ਕਿਸੇ ਸਿਆਸੀ ਫੁਕਰਪੁਣੇ ਦੇ ਆਪਣਾ ਪ੍ਰਚਾਰ ਆਮ ਲੋਕਾਂ ਦੇ ਪੈਰਾਂ ‘ਚ ਖੜ੍ਹ ਕੇ ਕਰ ਰਿਹੈ। ਜੇ ਕਿੱਧਰੇ ਪੰਚੀ ਦੀ ਚੋਣ ਵੀ ਲੜ੍ਹਨੀ ਹੋਵੇ ਤੇ ਉਮੀਦਵਾਰ ਨੂੰ ਘਰਦੇ ਜੀਆਂ ਦੀ ਹੀ ਹੱਲਾਸ਼ੇਰੀ ਨਾ ਹੋਵੇ ਤਾਂ ਉਹ ਕਿਹੜੇ ਹੌਂਸਲੇ ਮੈਦਾਨ ਵਿੱਚ ਖੜ੍ਹ ਕੇ ਥਾਪੀ ਮਾਰੇਗਾ? ਉਹੀ ਕੁਝ ਭਗਵੰਤ ਮਾਨ ਨਾਲ ਹੋ ਰਿਹਾ ਜਾਪਦੈ, ਕਿਉਂਕਿ ਅਜੇ ਤੱਕ ਕਿਸੇ ਵੀ ਕਲਾਕਾਰ ਵੀਰ (ਇੱਕਾ-ਦੁੱਕਾ ਨੂੰ ਛੱਡ ਕੇ) ਨੇ ਭਗਵੰਤ ਮਾਨ ਨੂੰ ਹੋਕਰਾ ਮਾਰ ਕੇ ਨਹੀਂ ਕਿਹਾ ਕਿ ‘‘ਭਗਵੰਤ ਸਿਆਂ, ਫਿਕਰ ਨਾ ਕਰੀਂ, ਤੇਰੇ ਨਾਲ ਆ।‘‘ ਗੀਤਾਂ ਰਾਹੀਂ ਪੰਜਾਬ ਨੂੰ ਵੈਲੀਆਂ, ਮੁਸ਼ਟੰਡਿਆਂ, ਸ਼ਰਾਬੀਆਂ, ਕਾਲਜਾਂ ‘ਚ ਖਰਮਸਤੀਆਂ ਕਰਦਾ ਦਿਖਾਉਣ ਵਾਲੇ ਕਿਤੇ ਇਸੇ ਗੱਲੋਂ ਤਾਂ ਨਹੀਂ ਡਰ ਰਹੇ ਕਿ ਜੇ ਇਹ ਜਿੱਤ ਗਿਆ ਤਾਂ ਸਾਡੇ ਹੀ ਖੰਭ ਕੁਤਰਨ ਲਈ ਜਰੂਰ ਆਵਾਜ ਉਠਾਊ?
ਮੰਨ ਲੈਂਦੇ ਹਾਂ ਕਿ ਜਿਆਦਾਤਰ ਗਾਇਕ ਭਗਵੰਤ ਮਾਨ ਨਾਲ ਸਹਿਮਤ ਨਾ ਵੀ ਹੋਣ ਪਰ ਸਵਾਲ ਬਣਦਾ ਹੈ ਕਿ ਕੀ ਸਾਰੇ ਦੇ ਸਾਰੇ ਉਹ ਗਾਇਕ ਜਿਹੜੇ ਭਾਈ ਗੁਰਬਖਸ਼ ਸਿੰਘ ਖਾਲਸਾ ਨਾਲ ਫੋਟੋਆਂ ਖਿਚਵਾ ਖਿਚਵਾ ਕੇ ਫੇਸਬੁੱਕਾਂ, ਟਵਿੱਟਰਾਂ ‘ਤੇ ਖੌਰੂ ਪਾਈ ਫਿਰਦੇ ਸਨ, ਕੀ ਉਹ ਸਿੱਖੀ ਨੂੰ ਵੀ ਪੂਰੀ ਤਰ੍ਹਾਂ ਸਮਰਪਿਤ ਹਨ? ਭਾਈ ਖਾਲਸਾ ਨਾਲ ਫੋਟੋਆਂ ਖਿਚਵਾਉਣਾ ਜਿੱਥੇ ਉਹਨਾਂ ਦੀ ਮਜ਼ਬੂਰੀ ਬਣੀ ਸੀ, ਉ¤ਥੇ ਮੁਫ਼ਤੋ ਮੁਫ਼ਤੋ ਵਿਸ਼ਵ ਭਰ ‘ਚ ਬੈਠੇ ਪੰਜਾਬੀਆਂ ਨੂੰ ਇਹ ਦਿਖਾਉਣਾ ਵੀ ਸੀ ਕਿ ਅਸੀਂ ਵੀ ਹਾਜਰ ਹਾਂ। ਮਜ਼ਬੂਰੀ ਇਸ ਕਰਕੇ ਬਣੀ ਸੀ ਕਿ ਲੋਕਾਂ ਨੇ ਸੋਸਲ ਸਾਈਟਾਂ ‘ਤੇ ਚਰਚਾ ਹੀ ਐਸੀ ਛੇੜੀ ਸੀ ਕਿ ਗਾਇਕਾਂ ਨੂੰ ਮਜ਼ਬੂਰ ਹੋ ਕੇ ਗੁਰ: ਅੰਬਸਰ ਸਾਹਿਬ ਜਾਣਾ ਪਿਆ ਸੀ। ਬਹੁਤ ਥੋੜ੍ਹੇ ਹੋਣਗੇ ਜੋ ਦਿਲੋਂ ਗਏ ਹੋਣਗੇ। ਇਹ ਵੀ ਹੋ ਸਕਦੈ ਕਿ ਵਿਚਾਰਕ ਵਖਰੇਵੇਂ ਵੀ ਹੋ ਸਕਦੇ ਹਨ, ਜੇ ਅਜਿਹਾ ਹੈ ਤਾਂ ਗਾਇਕਾਂ ਨੂੰ ਵੀ ਚਾਹੀਦਾ ਹੈ ਕਿ ਉਹਨਾਂ ਵਿਚਾਰਕ ਮਤਭੇਦਾਂ ਨੂੰ ਲੋਕ ਕਚਿਹਰੀ ‘ਚ ਰੱਖਣ ਤਾਂ ਜੋ ਲੋਕਾਂ ਨੂੰ ਫਿਰ ਤੋਂ ਕੋਈ ਮਾੜੇ ਕਿਰਦਾਰ ਵਾਲਾ ਮੈਂਬਰ ਪਾਰਲੀਮੈਂਟ ਦੱਦ ਨਾ ਲੱਗ ਜਾਵੇ। ਕਿਉਂਕਿ ਪੰਜਾਬ ਦੇ ਲੋਕਾਂ ਦੇ ਭਲੇ ਦੀ ਗੱਲ ਸੋਚਣਾ ਉਹਨਾਂ ਦਾ ਵੀ ਤਾਂ ਫ਼ਰਜ਼ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਜਗ੍ਹਾ ਜਗ੍ਹਾ ਪਾਇਰੇਸੀ ਦਾ ਪਿੱਟਣਾ ਪਿੱਟਣ ਵਾਲੇ ਗਾਇਕਾਂ ਨੂੰ ਭਗਵੰਤ ਮਾਨ ‘ਤੇ ਯਕੀਨ ਨਹੀਂ ਕਿ ਉਹ ਪੈਰਾਂ ਸਿਰ ਹੋਣ ਤੋਂ ਬਾਦ ਉਹਨਾਂ ਦੇ ਹੱਕਾਂ ਦੀ ਵੀ ਗੱਲ ਕਰੇਗਾ? ਜਾਂ ਉਹ ਉਸਦਾ ਸਾਥ ਦੇ ਕੇ ਮੌਕੇ ਦੀ ਸਰਕਾਰ ਦਾ ਗੁੱਸਾ ਨਹੀਂ ਝੱਲਣਾ ਚਾਹੁੰਦੇ? ਜੇ ਸਰਕਾਰੀ ਨਾਰਾਜ਼ਗੀ ਦਾ ਸਵਾਲ ਹੈ ਤਾਂ ਕੀ ਭਾਈ ਖਾਲਸਾ ਕੋਲ ਜਾਣ ਵੇਲੇ ਇਸ ਨਾਰਾਜ਼ਗੀ ਦਾ ਖਿਆਲ ਨਹੀਂ ਸੀ? ਜਾਂ ਫਿਰ ਸਰਕਾਰ ਦੇ ਕਹਿਣ ‘ਤੇ ਉ¤ਧਰ ਨੂੰ ਮੁਹਾਰਾਂ ਮੋੜੀਆਂ ਸਨ? ਫਿਲਮਾਂ ਦੀ ਮਸ਼ਹੂਰੀ ਦੇ ਨਾਂ ‘ਤੇ ਸਕੂਲਾਂ ਕਾਲਜਾਂ ‘ਚ ਜਾ ਕੇ ਲੱਕ ਹਿਲਾਉਣ ਵਾਲੇ, ਬੇਹੂਦਾ ਚੀਕਾਂ ਮਾਰ ਮਾਰ ਨੌਜ਼ਵਾਨਾਂ ਨੂੰ ਮਾਨਸਿਕ ਨਿਪੁੰਸਕ ਬਣਾਉਣ ਦੇ ਰਾਹ ਤੁਰੇ ਗਾਇਕ ਕੀ ਹੁਣ ਭਗਵੰਤ ਮਾਨ ਨੂੰ ਵੀ ਸਿਆਸੀ ਖੁਦਕੁਸ਼ੀ ਕਰਦਿਆਂ ਦੇਖਣਾ ਚਾਹੁੰਦੇ ਹਨ? ਬੇਸ਼ੱਕ ਕੁਝ ਲੋਕਾਂ ਦਾ ਕਹਿਣਾ ਹੋਵੇ ਕਿ ਭਗਵੰਤ ਕਲਾਕਾਰੀ ਵੀ ਕਿੱਤੇ ਵਜੋਂ ਕਰਦਾ ਸੀ ਤੇ ਰਾਜਨੀਤੀ ਵੀ ਕਿੱਤਾ ਬਣਾ ਕੇ ਕਰੇਗਾ…..ਕੀ ਹੁਣ ਤੱਕ ਰਾਜਨੀਤੀ ਨੂੰ ਪਰਿਵਾਰਾਂ ਦੀ ਖੇਡ ਬਣਾ ਕੇ ਸਾਡੇ ਸਿਰਾਂ ‘ਤੇ ਬੈਠਣ ਵਾਲਿਆਂ ਨੂੰ ਵੀ ਅਸੀਂ ਇਸੇ ਅੱਖ ਨਾਲ ਦੇਖਿਐ ਹੁਣ ਤੱਕ? ਅਸੀਂ ਕਿਉਂ ਉਮੀਦ ਕਰਦੇ ਹਾਂ ਕਿ ਹੁਣ ਬਜ਼ੁਰਗ ਲੀਡਰ ਤੋਂ ਬਾਦ ਉਸਦੇ ਚੋਣ ਲੜਨ ਲਈ ਤਿਆਰ ਖੜ੍ਹੇ ਪੁੱਤ ਜਾਂ ਪੋਤਰੇ ਨੂੰ ਹੀ ਵੋਟਾਂ ਪਾਵਾਂਗੇ?
ਅਸੀਂ ਕਿਉਂ ਨਹੀਂ ਉਮੀਦ ਕਰਦੇ ਕਿ ਉਸ ਚੋਣ ‘ਚ ਸਾਡਾ ਖੁਦ ਦਾ ਪੁੱਤ ਵੀ ਲੀਡਰ ਬਣ ਕੇ ਸਾਹਮਣੇ ਆਵੇ? ਅਸੀਂ ਕਿਉਂ ਸਿਰਫ ‘ਤੇ ਸਿਰਫ਼ ‘‘ਇੱਕ ਵੋਟੂ ਬਣਕੇ ਹੀ ਜੰਮਦੇ ਹਾਂ ਅਤੇ ਇਸ ਸਮਾਜ ‘ਚ ਗੰਦ ਨੂੰ ਹੂੰਝਣ ਦੀ ਬਜਾਏ ਹੋਰ ਗੰਦ ਪਾਉਣ ਦੇ ਭਾਗੀਦਾਰ ਬਣਕੇ ਮਰ ਜਾਦੇ ਹਾਂ? ਕਿਉਂ… ਕਿਉਂ…ਕਿਉਂ? ਜੇ ਅਸੀਂ ਸਚਮੁੱਚ ਹੀ ਕੁਝ ਨਵਾਂ ਹੋਇਆ ਦੇਖਣਾ ਚਾਹੁੰਦੇ ਹਾਂ ਤਾਂ ਅਸੀਂ ਖੁਦ ਹੀ ਉਹਨਾਂ ਲੋਕਾਂ ਅੱਗੇ ਹੱਥ ਅੱਡ ਅੱਡ ਹੱਕ ਮੰਗਣ ਲਈ ਮਜ਼ਬੂਰ ਹੁੰਦੇ ਹਾਂ ਠੇਠਰਾਂ ਵਾਂਗ, ਜਿਹਨਾਂ ਨੂੰ ਅਸੀਂ ਹੀ ਆਪਣੇ ਪ੍ਰਤੀਨਿਧ ਬਣਾਇਆ ਹੁੰਦੈ?
ਗਾਇਕ ਮਿੱਤਰੋ! ਪਹਿਲਾਂ ਤਾਂ ਲੋਕ ਰਾਜਨੀਤਕ ਲੋਕਾਂ ਬਾਰੇ ਕਿਹਾ ਕਰਦੇ ਸਨ ਕਿ ‘‘ਲੀਡਰ ਤਾਂ ਆਵਦੇ ਸਕੇ ਪੁੱਤ ਨਾਲ ਵੀ ਚਾਲ ਖੇਡ ਸਕਦੇ ਹਨ।ੂ ਪਰ ਹੁਣ ਗਾਇਕ ਵੀ ਇਸੇ ਨਜ਼ਰ ਨਾਲ ਦੇਖੇ ਜਾਣ ਲੱਗੇ ਹਨ। ਉਦਾਹਰਣ ਵਜੋਂ ਇੱਕ ਨਵੇਂ ਨਵੇਂ ਹੀਰੋ ਬਣੇ ਗਾਇਕ ਸਾਬ੍ਹ ਦਾ ਗੀਤ ਸੀ ਕਿ
‘‘ਵੇਟ ਕਰ ਥੋੜ੍ਹੀ ਤੇਰੇ ਪਿਓ ਨੂੰ ਮਨਾਲਾਂਗੇ।
ਮੰਨਿਆ ਨਾ ਜੇ ਤੈਨੂੰ ਓਦਾਂ ਹੀ ਚਕਾਲਾਂਗੇ।
ਉਂਝ ਤਾਂ ਨਿਮਾਣੇ ਆਂ,
ਪਰ ਵੈਲੀ ਵੀ ਪੁਰਾਣੇ ਆਂ,
ਟੇਢਿਆਂ ਕੰਮਾਂ ‘ਚ ਸਦਾ ਰਹਿੰਨੇ ਆਂ ਫਰੰਟ ਨੀ।
ਫੇਰ ਭਾਵੇਂ ਸਾਡੇ ਨਾਂ ‘ਤੇ ਨਿੱਕਲੇ ਵਰੰਟ ਨੀ।ੂ
ਦਾਮਿਨੀ ਕਾਂਡ ਵਾਲੇ ਸਮੂਹਿਕ ਬਲਾਤਕਾਰ ਕਾਂਡਾਂ ਦੀ ਭਰਵੀਂ ਪੈਦਾਵਾਰ ਲਈ ਜ਼ਮੀਨ ਤਿਆਰ ਕਰਨ ਵਰਗੇ ਬੇਹੂਦਾ ਗੀਤ ਗਾਉਣ ਵਾਲੇ ਅਤੇ ਨੌਜ਼ਵਾਨੀ ਅੰਦਰ ਸੁਲਘਦੀਆਂ ਚੰਗਿਆੜੀਆਂ ਨੂੰ ਫੁਕਾਂ ਮਾਰਨ ਵਾਲੇ ਇਹੀ ਗਾਇਕ ਭਾਈ ਸਾਬ੍ਹ ਕੁਝ ਸਮਾਂ ਬਾਦ ਲੁਧਿਆਣੇ ‘ਚ ਦਾਮਿਨੀ ਨੂੰ ਸ਼ਰਧਾਂਜਲੀ ਦੇਣ ਲਈ ਹੱਥ ‘ਚ ਮੋਮਬੱਤੀ ਫੜ੍ਹੀ ਖੜ੍ਹੇ ਸਨ। ਤੇ ਅੱਜਕੱਲ੍ਹ ਇੱਕ ਵਿਸ਼ੇਸ਼ ਪਾਰਟੀ ਵੱਲੋਂ ਕੁੜੀਆਂ ਦੀ ਸੁਰੱਖਿਆ ਸੰਬੰਧੀ ਚੋਣ ਪ੍ਰਚਾਰ ਵੀ ਕਰ ਰਿਹੈ। ਇਸ ਤਰ੍ਹਾਂ ਦੇ ਕਿਰਦਾਰ ਲਈ ਤਾਂ ਦੋਗਲਾ ਸ਼ਬਦ ਵੀ ਸ਼ਰਮ ਮਹਿਸੂਸ ਕਰੇਗਾ। ਜੋ ਵੀ ਹੈ ਜੇਕਰ ਕਿਸੇ ਸਿਪਾਹੀ ਨੂੰ ਜੰਗ ਦੇ ਮੈਦਾਨ ‘ਚ ਆਪਣਿਆਂ ਦੀ ਹੱਲਾਸ਼ੇਰੀ ਮਿਲ ਜਾਵੇ ਤਾਂ ਇਹੀ ਕਿਹਾ ਜਾ ਸਕਦੈ ਕਿ
ਹਮ ਤੋ ਮੈਦਾਨ ਏ ਜੰਗ ਮੇਂ ਖੜ੍ਹੇ ਹੈਂ ਕਫ਼ਨ ਸਜਾ ਕੇ,
ਤੁਮਹਾਰਾ ਸਾਥ ਭੀ ਕਿਸੀ ਜੀਤ ਸੇ ਕਮ ਨਹੀਂ।

Send this to a friend