ਸੰਗਰੂਰ, 4 ਨਵੰਬਰ (ਭਗਵੰਤ ਸਿੰਘ ਚੰਦੜ੍ਹ)- ਭਾਰਤ ਦੇ ਆਰਮੀ ਚੀਫ ਵਿਪਨ ਰਾਵਤ ਵੱਲੋਂ ਪੰਜਾਬ ਨੂੰ ਅਸ਼ਾਂਤ ਕਰਨ ਦੀਆਂ ਸਾਜਿਸ਼ਾਂ ਦੇ ਦਿੱਤੇ ਬਿਆਨ ਨੂੰ ਖਤਰਨਾਕ ਕਰਾਰ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸ੍ਰ. ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਪੰਜਾਬ ਇਕ ਅਮਨ ਪਸੰਦ ਅਤੇ ਸ਼ਾਂਤੀ ਭਰਪੂਰ ਸੂਬਾ ਹੈ, ਇਸ ਸਬੰਧੀ ਬਿਆਨ ਦੇਣਾ ਪੰਜਾਬ ਨੂੰ ਅਸ਼ਾਂਤ ਕਰਨ ਦੀ ਸਾਜਿਸ਼ ਵੱਲ ਇਸ਼ਾਰਾ ਕਰਦਾ ਹੈ। ਸ੍ਰ. ਮਾਨ ਨੇ ਪੰਜਾਬ ਟਾਈਮਜ਼ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਫੌਜ਼ ਮੁਖੀ ਦਾ ਇਹ ਬਿਆਨ ਦੇਣਾ ਦੁਬਾਰਾ ਬਲਿਊਸਟਾਰ ਵਰਗੀ ਘਟਨਾ ਨੂੰ ਅੰਜਾਮ ਦੇਣ ਦੇ ਬਰਾਬਰ ਸਮਝਿਆ ਜਾ ਰਿਹਾ ਹੈ, ਕਿਉਂਕਿ ਸਿੱਖ ਕੌਮ ਅੱਜ ਆਪਣੇ ਗੁਰੂ ਇਸ਼ਟ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਣ-ਸਨਮਾਨ ਨੂੰ ਬਹਾਲ ਰੱਖਣ ਲਈ ਬਰਗਾੜੀ ਵਿਖੇ ਵੱਡਾ ਇਨਸਾਫ ਮੋਰਚਾ ਲਗਾ ਕੇ ਪੰਥਕ ਏਕਤਾ ਦਾ ਸਬੂਤ ਦੇ ਰਹੇ ਹਨ, ਜੋ ਕਿ ਸਿੱਖ ਵਿਰੋਧੀ ਤਾਕਤਾਂ ਨੂੰ ਬਰਦਾਸ਼ਤ ਕਰਨਾ ਔਖਾ ਹੋ ਰਿਹਾ ਹੈ। ਸ੍ਰ. ਮਾਨ ਨੇ ਕਿਹਾ ਕਿ ਕਿਸੇ ਦੇਸ਼ ਦੇ ਫੌਜ਼ ਮੁਖੀ ਵੱਲੋਂ ਇਕ ਸੂਬੇ ਨੂੰ ਟਾਰਗੈਟ ਕਰਕੇ ਦਿੱਤੇ ਬਿਆਨ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਦੇ ਅਮਰੀਕਾ ਅਤੇ ਹੋਰ ਅਮਨ ਬਹਾਲ ਰੱਖਣ ਵਾਲੇ ਦੇਸ਼ਾਂ ਨੂੰ ਅੱਗੇ ਆ ਕੇ ਇਸ ਦਾ ਗੰਭੀਰ ਨੋਟਿਸ ਲੈਣ ਦੀ ਜਰੂਰਤ ਹੈ, ਤਾਂ ਕਿ ਘੱਟ ਗਿਣਤੀ ਲੋਕਾਂ ਦੀ ਖਾਸ ਕਰਕੇ ਸਿੱਖਾਂ ਦੀ ਨਸ਼ਲਕੁਸ਼ੀ ਨਾ ਕਰ ਦਿੱਤੀ ਜਾਵੇ। ਸ੍ਰ. ਮਾਨ ਨੇ ਇਹ ਵੀ ਕਿਹਾ ਕਿ ਹੁਣ ਸਿੱਖਾਂ ਨੂੰ ਵੀ ਕਮਜੋਰ ਨਾ ਸਮਝਿਆ ਜਾਵੇ, ਕਿਉਂਕਿ 84 ਅਤੇ ਹੁਣ 2018 ਦੇ ਹਾਲਾਤਾਂ ਵਿਚ ਬਹੁਤ ਵੱਡਾ ਫਰਕ ਆ ਚੁੱਕਿਆ ਹੈ। ਹੁਣ ਸਿੱਖ ਵੀ ਕਦੇ ਮਾਰ ਨਹੀਂ ਖਾਣਗੇ ਅਤੇ ਫੌਜ਼ ਮੁਖੀ ਵੱਲੋਂ ਸੂਬੇ ਦੇ ਮਾਹੌਲ ਬਾਰੇ ਦਿੱਤੇ ਬਿਆਨ ਨੇ ਸਿੱਖਾਂ ਦੇ ਮਨਾਂ ਵਿਚ ਸ਼ੰਕੇ ਅਤੇ ਸ਼ੱਕ ਜਾਹਰ ਕਰ ਦਿੱਤੇ ਹਨ, ਜਦਕਿ ਸੂਬੇ ਅੰਦਰ ਸਿੱਖ ਪੁਰ ਅਮਨ ਅਤੇ ਸ਼ਾਂਤੀਪੂਰਵਕ ਤਰੀਕੇ ਨਾਲ ਆਪਣੇ ਹੱਕ ਮੰਗ ਰਹੇ ਹਨ, ਇਸ ਲਈ ਪੰਜਾਬ ਨੂੰ ਅਸ਼ਾਂਤ ਜਾਂ ਅੱਤਵਾਦ ਦੀ ਨਜਰ ਨਾਲ ਦੇਖਣਾ ਇਹ ਸੂਬੇ ਦੇ ਲੋਕਾਂ ਨਾਲ ਬੇਇਨਸਾਫੀ ਹੋਵੇਗੀ। ਉਨ੍ਹਾਂ ਕਿਹਾ ਕਿ ਸਰਕਾਰਾਂ ਬਰਗਾੜੀ ਮੋਰਚੇ ਦੀ ਸਫਲਤਾ ਤੋਂ ਬੌਖਲਾ ਚੁੱਕੀਆਂ ਹਨ, ਉਹ ਨਹੀਂ ਚਾਹੁੰਦੀਆਂ ਕਿ ਸਿੱਖ ਇਕ ਮੰਚ ’ਤੇ ਇਕੱਠੇ ਹੋ ਕੇ ਆਪਣੇ ਹੱਕ ਮੰਗਣ। ਸ੍ਰ. ਮਾਨ ਨੇ ਪਿਛਲੇ ਦਿਨੀਂ ਪੰਜਾਬ ਪੁਲਿਸ ਵੱਲੋਂ ਯੂ.ਪੀ. ਤੋਂ ਗ੍ਰਿਫਤਾਰ ਕੀਤੇ ਜਰਮਨਦੀਪ ਸਿੰਘ ਦੀ ਗ੍ਰਿਫਤਾਰੀ ਨੂੰ ਵੀ ਸਾਜਿਸ਼ ਕਰਾਰ ਦਿੰਦੇ ਹੋਏ ਸਿੱਖਾਂ ਨਾਲ ਇਕ ਹੋਰ ਧੱਕੇਸ਼ਾਹੀ ਕਰਾਰ ਦਿੰਦੇ ਹੋਏ ਸਰਕਾਰਾਂ ਨੂੰ ਅਗਾਹ ਕੀਤਾ ਕਿ ਜੇਕਰ ਬੇਕਸੂਰ ਨੌਜਵਾਨਾਂ ਨੂੰ ਅੱਤਵਾਦੀ ਕਹਿ ਕੇ ਨਾ ਭੰਡਿਆ ਜਾਵੇ। ਅੰਤ ਵਿਚ ਸ੍ਰ. ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਸ਼ਾਂਤੀ ਅਤੇ ਸਦਭਾਵਨਾ ਕਦੇ ਵੀ ਨਹੀਂ ਭੁੱਲਦੇ, ਇਸ ਲਈ ਪੰਜਾਬ ਨੂੰ ਅਸ਼ਾਂਤ ਅਤੇ ਅੱਤਵਾਦੀ ਗਤੀਵਿਧੀਆਂ ਨਾਲ ਜੋੜਣਾ ਅਤੀ ਨਿੰਦਣਯੋਗ ਗੱਲ ਹੋਵੇਗੀ।
ਫੌਜ ਮੁਖੀ ਵੱਲੋਂ ਪੰਜਾਬ ਨੂੰ ਅਸ਼ਾਂਤ ਕਰਾਰ ਦੇਣ ਵਾਲਾ ਬਿਆਨ ਖਤਰਨਾਕ : ਸ. ਸਿਮਰਨਜੀਤ ਸਿੰਘ ਮਾਨ



